ਕੋਲਕਾਤਾ ਹੋਟਲ ਅੱਗਕਾਂਡ ‘ਚ 9 ਦੀ ਮੌਤ, ਤੰਗ ਗਲੀਆਂ ਤੇ ਬੰਦ ਗੇਟ ਬਣਿਆ ਕਾਲ!
ਕੋਲਕਾਤਾ ਦੇ ਨਿਊ ਮਾਰਕੀਟ ਇਲਾਕੇ ਦੇ ਇੱਕ ਹੋਟਲ ਵਿੱਚ ਅੱਧੀ ਰਾਤ ਨੂੰ ਭਿਆਨਕ ਅੱਗ ਲੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਤੰਗ ਗਲਿਆਰੇ ਤੇ ਮੁੱਖ ਗੇਟ ਬੰਦ ਹੋਣ ਕਾਰਨ ਲੋਕ ਬਾਹਰ ਨਹੀਂ ਨਿਕਲ ਸਕੇ। ਰੈਸਕਿਊ ਆਪਰੇਸ਼ਨ ਜਾਰੀ ਹੈ।
ਕੋਲਕਾਤਾ ਹੋਟਲ ਅੱਗਕਾਂਡ 'ਚ 9 ਦੀ ਮੌਤ, ਤੰਗ ਗਲੀਆਂ ਤੇ ਬੰਦ ਦਰਵਾਜ਼ਾ ਬਣਿਆ ਕਾਲ!
ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਮੱਧ ਕੋਲਕਾਤਾ ਦੇ ਨਿਊ ਮਾਰਕੀਟ ਇਲਾਕੇ ‘ਚ ਫ੍ਰੀ ਸਕੂਲ ਸਟ੍ਰੀਟ ਸਥਿਤ ਇੱਕ ਹੋਟਲ ‘ਚ ਅੱਧੀ ਰਾਤ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਅੱਗ ਤੇ ਧੂੰਏਂ ਕਾਰਨ ਦਮ ਘੁੱਟਣ ਨਾਲ 9 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖਮੀ ਹੋਏ ਹਨ।
ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਆਫ਼ਤ ਪ੍ਰਬੰਧਨ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਨਿਊ ਮਾਰਕੀਟ ਥਾਣੇ ਦੀ ਪੁਲਿਸ ਵੀ ਮੌਕੇ ਤੇ ਤਾਇਨਾਤ ਹੈ।
ਫਾਇਰ ਬ੍ਰਿਗੇਡ ਦੇ ਸੂਤਰਾਂ ਮੁਤਾਬਕ ਇਹ ਘਟਨਾ ਤੜਕੇ ਕਰੀਬ 2:45 ਵਜੇ ਵਾਪਰੀ। ਜਦੋਂ ਅੱਗ ਲੱਗੀ, ਉਸ ਸਮੇਂ ਹੋਟਲ ‘ਚ ਠਹਿਰੇ ਜ਼ਿਆਦਾਤਰ ਲੋਕ ਗਹਿਰੀ ਨੀਂਦ ‘ਚ ਸਨ।
ਧੂੰਆ ਬਣਿਆ ਜਾਨਲੇਵਾ
ਧੂੰਆ ਇੰਨੀ ਤੇਜ਼ੀ ਨਾਲ ਫੈਲਿਆ ਕਿ ਲੋਕਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। ਅੱਧੀ ਰਾਤ ਦਾ ਸਮਾਂ ਹੋਣ ਕਾਰਨ ਕਮਰਿਆਂ ‘ਚ ਮੌਜੂਦ ਲੋਕਾਂ ਨੂੰ ਖ਼ਤਰੇ ਦਾ ਅਹਿਸਾਸ ਕਾਫ਼ੀ ਦੇਰ ਨਾਲ ਹੋਇਆ। ਪੁਲਿਸ ਮੁਤਾਬਕ ਅੱਗ ਨਾਲੋਂ ਜ਼ਿਆਦਾ ਕਮਰਿਆਂ ਤੇ ਗਲਿਆਰਿਆਂ ‘ਚ ਫੈਲਿਆ ਜ਼ਹਿਰੀਲਾ ਧੂੰਆ ਲੋਕਾਂ ਲਈ ਜਾਨਲੇਵਾ ਸਾਬਤ ਹੋਇਆ।
ਸਟਾਫ਼ ਤੇ ਮਹਿਮਾਨ ਅੰਦਰ ਹੀ ਫਸੇ
ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੋਟਲ ‘ਚ ਸੁਰੱਖਿਆ ਮਾਪਦੰਡਾਂ ਦੀ ਪੂਰੀ ਤਰ੍ਹਾਂ ਉਲੰਘਣਾ ਕੀਤੀ ਜਾ ਰਹੀ ਸੀ। ਹੋਟਲ ‘ਚ ਅੱਗ ਬੁਝਾਉਣ ਲਈ ਲੋੜੀਂਦੇ ਤੇ ਢੁਕਵੇਂ ਪ੍ਰਬੰਧ ਮੌਜੂਦ ਨਹੀਂ ਸਨ। ਹੋਟਲ ਦੇ ਅੰਦਰ ਗਲੀਆਂ ਤੇ ਰਸਤੇ ਬਹੁਤ ਤੰਗ ਸਨ, ਜਿਸ ਕਾਰਨ ਅੱਗ ਲੱਗਦੇ ਹੀ ਲੋਕ ਤੁਰੰਤ ਬਾਹਰ ਨਹੀਂ ਨਿਕਲ ਸਕੇ।
ਇਹ ਵੀ ਪੜ੍ਹੋ
ਸਭ ਤੋਂ ਖ਼ਤਰਨਾਕ ਗੱਲ ਇਹ ਰਹੀ ਕਿ ਰਾਤ ਦੇ ਸਮੇਂ ਹੋਟਲ ਦਾ ਮੁੱਖ ਬਾਹਰੀ ਰਸਤਾ ਬੰਦ ਸੀ। ਬਾਹਰ ਜਾਣ ਦਾ ਰਸਤਾ ਬਲਾਕ ਹੋਣ ਕਾਰਨ ਕਈ ਲੋਕ ਧੂੰਏਂ ਵਿਚਕਾਰ ਅੰਦਰ ਹੀ ਫਸੇ ਰਹੇ ਅਤੇ ਬਾਹਰ ਨਹੀਂ ਨਿਕਲ ਸਕੇ।
ਫਿਲਹਾਲ ਪੁਲਿਸ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ ਤੇ ਕਾਬੂ ਪਾ ਲਿਆ ਹੈ ਤੇ ਕੂਲਿੰਗ ਆਪਰੇਸ਼ਨ ਜਾਰੀ ਹੈ। ਪੁਲਿਸ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਹੋਟਲ ਕੋਲ ਵੈਧ NOC ਸੀ ਜਾਂ ਨਹੀਂ। ਇਸ ਤੋਂ ਇਲਾਵਾ ਲਾਪਰਵਾਹੀ ਵਰਤਣ ਵਾਲੇ ਹੋਟਲ ਪ੍ਰਬੰਧਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
