Terrorist Arrest: ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਸੰਭਾਵਿਤ ਵੱਡਾ ਅੱਤਵਾਦੀ ਹਮਲਾ ਟਲ ਗਿਆ ਹੈ। ਜੰਮੂ ਕਸ਼ਮੀਰ ਪੁਲਿਸ ਨੇ ਇੱਥੇ 5-6 ਕਿਲੋ IED (Improvised explosive device) ਬਰਾਮਦ ਕੀਤਾ ਹੈ। ਪੁਲਿਸ ਨੇ ਇਸ ਦੇ ਨਾਲ ਇਕ ਅੱਤਵਾਦੀ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਸ਼ਫਾਕ ਅਹਿਮਦ ਵਾਨੀ ਨਾਂ ਦਾ ਅੱਤਵਾਦੀ ਪੁਲਵਾਮਾ ਦੇ ਅਰੀਗਾਮ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਸ਼ਮੀਰ ਜ਼ੋਨ ਪੁਲਿਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਿਸ ਨੇ ਦੱਸਿਆ ਕਿ ਦੋਸ਼ੀ ਇਸ਼ਫਾਕ ਕੋਲੋਂ ਕਰੀਬ 5-6 ਕਿਲੋ ਆਈਈਡੀ ਬਰਾਮਦ ਕੀਤੀ ਗਈ ਹੈ। ਮੁਲਜ਼ਮ ਹਿਰਾਸਤ ਵਿੱਚ ਹੈ। ਪਿਛਲੇ ਅੱਤਵਾਦੀ ਹਮਲੇ ਤੋਂ ਬਾਅਦ ਵੱਡੀ ਮਾਤਰਾ ‘ਚ ਆਈਈਡੀ ਬਰਾਮਦ ਕੀਤੀ ਗਈ ਹੈ। ਪਹਿਲਾਂ ਪੁੰਛ ਅਤੇ ਫਿਰ ਰਾਜੌਰੀ ਹਮਲੇ (Rajouri Attack) ਵਿਚ ਕਈ ਜਵਾਨ ਸ਼ਹੀਦ ਹੋਏ ਸਨ। ਅੱਤਵਾਦੀਆਂ ਨੇ ਪੁੰਛ ‘ਚ ਫੌਜ ਦੇ ਵਾਹਨ ਨੂੰ ਨਿਸ਼ਾਨਾ ਬਣਾਇਆ। ਅੱਤਵਾਦੀਆਂ ਨੇ ਫੌਜ ਦੀ ਗੱਡੀ ‘ਤੇ ਗ੍ਰੇਨੇਡ ਸੁੱਟੇ, ਜਿਸ ਕਾਰਨ ਗੱਡੀ ਨੂੰ ਅੱਗ ਲੱਗ ਗਈ। ਇਸ ਹਮਲੇ ਵਿੱਚ ਪੰਜ ਜਵਾਨ ਸ਼ਹੀਦ ਹੋ ਗਏ ਸਨ।
ਫੌਜ ਅੱਤਵਾਦੀਆਂ ਦੀ ਕਰ ਰਹੀ ਭਾਲ, ਆਪਰੇਸ਼ਨ ਜਾਰੀ
ਇਸ ਹਮਲੇ ਤੋਂ ਬਾਅਦ ਫੌਜ ਨੇ ਮਾਛਿਲ ‘ਚ ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਅਤੇ ਘੇਰਾਬੰਦੀ ਮੁਹਿੰਮ ਚਲਾਈ। ਫੌਜ ਦੇ ਜਵਾਨ ਰਾਜੌਰੀ ਦੇ ਕੰਢੀ ਜੰਗਲ ‘ਚ ਅੱਤਵਾਦੀਆਂ ਦੀ ਤਲਾਸ਼ ‘ਚ ਗਏ, ਜਿੱਥੇ ਅੱਤਵਾਦੀਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਪੰਜ ਜਵਾਨ ਵੀ ਸ਼ਹੀਦ ਹੋ ਗਏ ਸਨ। ਫੌਜ ਰਾਜੌਰੀ ਤੋਂ ਬਾਰਾਮੂਲਾ ਤੱਕ ਅੱਤਵਾਦੀਆਂ ਦੀ ਭਾਲ ਕਰ ਰਹੀ ਹੈ। ਇਸ ਦੌਰਾਨ ਫੌਜ ਨੇ 4-5 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ।
ਜੀ-20 ਮੀਟਿੰਗ ਤੋਂ ਪਹਿਲਾਂ ਸੁਰੱਖਿਆ ਪ੍ਰਬੰਧ
ਇਸ ਮਹੀਨੇ 22-24 ਮਈ ਨੂੰ ਇੱਥੇ ਸ਼੍ਰੀਨਗਰ ਵਿੱਚ ਜੀ-20 ਦੀ ਬੈਠਕ ਹੋਣੀ ਹੈ। ਇਸ ਨੂੰ ਧਿਆਨ ‘ਚ ਰੱਖਦੇ ਹੋਏ ਫੌਜ ਆਪਰੇਸ਼ਨ (Army Operations) ਚਲਾ ਰਹੀ ਹੈ। ਫੌਜ ਨੇ ਕਿਹਾ ਕਿ ਐਤਵਾਰ ਨੂੰ ਉਸ ਦਾ ਕਿਸੇ ਅੱਤਵਾਦੀ ਨਾਲ ਮੁਕਾਬਲਾ ਨਹੀਂ ਹੋਇਆ ਹੈ। ਫੌਜ ਦੀ ਕਾਰਵਾਈ ਦਾ ਅੱਜ ਤੀਜਾ ਦਿਨ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫੌਜ ਮੁਖੀ ਮਨੋਜ ਪਾਂਡੇ ਵੀ ਸ਼ਨੀਵਾਰ ਨੂੰ ਇੱਥੇ ਪਹੁੰਚੇ। ਉਨ੍ਹਾਂ ਨੇ ਰਾਜੌਰੀ ਦੇ 25 ਇਨਫੈਂਟਰੀ ਡਿਵੀਜ਼ਨ ਦੇ ਦੌਰੇ ‘ਤੇ ਐਲਓਸੀ ਦੀ ਸੁਰੱਖਿਆ ਦਾ ਵੀ ਜਾਇਜ਼ਾ ਲਿਆ। ਜੰਮੂ-ਕਸ਼ਮੀਰ ਦੇ ਐਲਜੀ ਮਨੋਜ ਸਿਨਹਾ ਵੀ ਰੱਖਿਆ ਮੰਤਰੀ ਨਾਲ ਮੌਜੂਦ ਸਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ