ਪਹਿਲਗਾਮ ਵਿੱਚ ਮਾਸੂਮਾਂ ਨੂੰ ਮਾਰਨ ਵਾਲਿਆਂ ਦੀ ਹੋਈ ਪਛਾਣ, ਮ੍ਰਿਤਕਾਂ ਨੂੰ ਸ਼ਰਧਾਜੰਲੀ ਦੇਣ ਤੋਂ ਬਾਅਦ ਸ਼ਾਹ ਬੋਲੇ- ਦਹਿਸ਼ਤਗਰਦੀ ਅੱਗੇ ਨਹੀਂ ਝੁੱਕੇਗਾ ਭਾਰਤ

jitendra-sharma
Updated On: 

23 Apr 2025 15:30 PM

Pahalgam Terrorist Attack: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜਾਂਚ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਸ਼ਟਰੀ ਰਾਈਫਲਜ਼, ਸੀਆਰਪੀਐਫ ਅਤੇ ਜੰਮੂ-ਕਸ਼ਮੀਰ ਪੁਲਿਸ ਸਾਂਝੇ ਤੌਰ 'ਤੇ ਇੱਥੋਂ ਦੇ ਜੰਗਲਾਂ ਵਿੱਚ ਇੱਕ ਵੱਡਾ ਸਰਚ ਆਪ੍ਰੇਸ਼ਨ ਚਲਾ ਰਹੇ ਹਨ। ਸਾਰੇ ਦਹਿਸ਼ਤਗਰਦਾਂ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ ਨਾਲ ਹੀ ਜਾਂਚ ਏਜੰਸੀਆਂ ਨੇ ਪਹਿਲਗਾਮ ਹਮਲੇ ਦੇ 3 ਦੋਸ਼ੀਆਂ ਦੇ ਸਕੈੱਚ ਵੀ ਜਾਰੀ ਕੀਤੇ ਹਨ।

ਪਹਿਲਗਾਮ ਵਿੱਚ ਮਾਸੂਮਾਂ ਨੂੰ ਮਾਰਨ ਵਾਲਿਆਂ ਦੀ ਹੋਈ ਪਛਾਣ, ਮ੍ਰਿਤਕਾਂ ਨੂੰ ਸ਼ਰਧਾਜੰਲੀ ਦੇਣ ਤੋਂ ਬਾਅਦ ਸ਼ਾਹ ਬੋਲੇ- ਦਹਿਸ਼ਤਗਰਦੀ ਅੱਗੇ ਨਹੀਂ ਝੁੱਕੇਗਾ ਭਾਰਤ
Follow Us On

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜਾਂਚ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਸ਼ਟਰੀ ਰਾਈਫਲਜ਼, ਸੀਆਰਪੀਐਫ ਅਤੇ ਜੰਮੂ-ਕਸ਼ਮੀਰ ਪੁਲਿਸ ਸਾਂਝੇ ਤੌਰ ‘ਤੇ ਇੱਥੋਂ ਦੇ ਜੰਗਲਾਂ ਵਿੱਚ ਇੱਕ ਵੱਡਾ ਸਰਚ ਆਪ੍ਰੇਸ਼ਨ ਚਲਾ ਰਹੇ ਹਨ। ਜਾਂਚ ਏਜੰਸੀਆਂ ਨੇ ਪਹਿਲਗਾਮ ਹਮਲੇ ਦੇ 3 ਦੋਸ਼ੀਆਂ ਦੇ ਸਕੈੱਚ ਜਾਰੀ ਕੀਤੇ ਹਨ। ਇਸ ਦੌਰਾਨ ਅੱਤਵਾਦੀਆਂ ਦੀ ਇੱਕ ਫੋਟੋ ਵੀ ਸਾਹਮਣੇ ਆਈ ਹੈ ਜਿਸ ਵਿੱਚ ਉਹ ਹਥਿਆਰਾਂ ਨਾਲ ਦਿਖਾਈ ਦੇ ਰਹੇ ਹਨ।

ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਇਸ ਹਮਲੇ ਦੀ ਜਾਂਚ ਕਰ ਰਹੀ ਹੈ। ਇਸਦੀ ਇੱਕ ਟੀਮ ਸ੍ਰੀਨਗਰ ਪਹੁੰਚ ਵੀ ਗਈ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਅੱਤਵਾਦੀ ਕਈ ਵਿਦੇਸ਼ੀ ਸੈਲਾਨੀਆਂ ਨੂੰ ਵੀ ਮਾਰਨਾ ਚਾਹੁੰਦੇ ਸਨ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੱਤਵਾਦੀ ਮੁਜ਼ੱਫਰਾਬਾਦ ਅਤੇ ਕਰਾਚੀ ਨਾਲ ਲਗਾਤਾਰ ਸੰਪਰਕ ਵਿੱਚ ਸਨ।

ਅੱਤਵਾਦੀਆਂ ਦੇ ਸਕੈੱਚ ਵੀ ਜਾਰੀ

ਇਸ ਦੌਰਾਨ, ਜਾਂਚ ਏਜੰਸੀਆਂ ਨੇ 3 ਅੱਤਵਾਦੀਆਂ ਦੇ ਸਕੈਚ ਜਾਰੀ ਕੀਤੇ ਹਨ; ਇਨ੍ਹਾਂ ਵਿੱਚੋਂ ਦੋ ਹਮਲਾਵਰ ਸਥਾਨਕ ਅੱਤਵਾਦੀ ਦੱਸੇ ਜਾ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਅੱਤਵਾਦੀ ਫੌਜ ਦੀ ਵਰਦੀ ਵਿੱਚ ਪਹਿਲਗਾਮ ਪਹੁੰਚੇ ਸਨ। ਜਾਂਚ ਏਜੰਸੀਆਂ ਨੇ ਇਹ ਸਕੈਚ ਚਸ਼ਮਦੀਦਾਂ ਨਾਲ ਗੱਲਬਾਤ ਦੇ ਆਧਾਰ ‘ਤੇ ਤਿਆਰ ਕੀਤੇ ਹਨ। ਇਨ੍ਹਾਂ ਅੱਤਵਾਦੀਆਂ ਦੇ ਨਾਮ ਆਸਿਫ ਫੌਜੀ, ਸੁਲੇਮਾਨ ਸ਼ਾਹ ਅਤੇ ਅਬੂ ਤਲਹਾ ਹਨ।

ਅਮਿਤ ਸ਼ਾਹ ਨੇ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਪੋਸਟ ਕੀਤਾ, ਭਾਰੀ ਦਿਲ ਨਾਲ ਮੈਂ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ। ਭਾਰਤ ਅੱਤਵਾਦ ਅੱਗੇ ਨਹੀਂ ਝੁਕੇਗਾ। ਇਸ ਕਾਇਰਤਾਪੂਰਨ ਅੱਤਵਾਦੀ ਹਮਲੇ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਮੰਗਲਵਾਰ ਦੁਪਹਿਰ 2.30 ਵਜੇ ਦੇ ਕਰੀਬ ਦੱਖਣੀ ਕਸ਼ਮੀਰ ਦੇ ਪਹਿਲਗਾਮ ਨੇੜੇ ਮਿੰਨੀ ਸਵਿਟਜ਼ਰਲੈਂਡ ਵਜੋਂ ਜਾਣੇ ਜਾਂਦੇ ਇੱਕ ਸੈਰ-ਸਪਾਟਾ ਸਥਾਨ ‘ਤੇ ਲਗਭਗ 6 ਅੱਤਵਾਦੀਆਂ ਨੇ ਅਚਾਨਕ ਹਮਲਾ ਕਰ ਦਿੱਤਾ ਜਿਸ ਵਿੱਚ 26 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋਏ ਹਨ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਸੈਲਾਨੀ ਸਨ।

ਅਬਦੁੱਲਾ ਸਰਕਾਰ ਨੇ ਕੀਤਾ ਮੁਆਵਜ਼ੇ ਦਾ ਐਲਾਨ

ਜੰਮੂ-ਕਸ਼ਮੀਰ ਸਰਕਾਰ ਨੇ ਪਹਿਲਗਾਮ ਹਮਲੇ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਸਰਕਾਰ ਨੇ ਅੱਜ ਬੁੱਧਵਾਰ ਨੂੰ ਹਮਲੇ ਵਿੱਚ ਮਾਰੇ ਗਏ ਹਰੇਕ ਵਿਅਕਤੀ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਕੋਈ ਵੀ ਪੈਸਾ ਆਪਣੇ ਅਜ਼ੀਜ਼ਾਂ ਦੇ ਨੁਕਸਾਨ ਦੀ ਭਰਪਾਈ ਨਹੀਂ ਕਰ ਸਕਦਾ, ਪਰ ਜੰਮੂ-ਕਸ਼ਮੀਰ ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ ਲਈ 10-10 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਦਾ ਐਲਾਨ ਕਰਦੀ ਹੈ।

ਮੁੱਖ ਮੰਤਰੀ ਉਮਰ ਨੇ ਹਮਲੇ ਵਿੱਚ ਗੰਭੀਰ ਜ਼ਖਮੀਆਂ ਲਈ 2-2 ਲੱਖ ਰੁਪਏ ਅਤੇ ਮਾਮੂਲੀ ਜ਼ਖਮੀਆਂ ਲਈ 1-1 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।