J&K: ਕੁਲਗਾਮ ਵਿੱਚ ਅੱਤਵਾਦੀਆਂ ਨਾਲ ਮੁੱਠਭੇੜ, 2 ਜਵਾਨ ਸ਼ਹੀਦ; 9 ਦਿਨਾਂ ਤੋਂ ਐਨਕਾਉਂਟਰ ਜਾਰੀ

Updated On: 

09 Aug 2025 10:06 AM IST

Kulgam Encounter: ਜੰਮੂ-ਕਸ਼ਮੀਰ ਦੇ ਕੁਲਗਾਮ ਵਿੱਚ 9ਵੇਂ ਦਿਨ ਵੀ ਜਾਰੀ ਇਸ ਆਪਰੇਸ਼ਨ ਵਿੱਚ, ਬੀਤੀ ਰਾਤ ਅੱਤਵਾਦੀਆਂ ਅਤੇ ਸੁਰੱਖਿਆ ਕਰਮਚਾਰੀਆਂ ਵਿਚਕਾਰ ਹੋਏ ਮੁਕਾਬਲੇ ਵਿੱਚ 4 ਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਦੋ ਜਵਾਨ ਸ਼ਹੀਦ ਹੋ ਗਏ ਹਨ। ਇਸ ਪੂਰੇ ਆਪਰੇਸ਼ਨ ਵਿੱਚ ਹੁਣ ਤੱਕ 11 ਜਵਾਨ ਜ਼ਖਮੀ ਹੋ ਗਏ ਹਨ।

J&K: ਕੁਲਗਾਮ ਵਿੱਚ ਅੱਤਵਾਦੀਆਂ ਨਾਲ ਮੁੱਠਭੇੜ, 2 ਜਵਾਨ ਸ਼ਹੀਦ; 9 ਦਿਨਾਂ ਤੋਂ ਐਨਕਾਉਂਟਰ ਜਾਰੀ
Follow Us On

ਜੰਮੂ-ਕਸ਼ਮੀਰ ਦੇ ਕੁਲਗਾਮ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ 9ਵੇਂ ਦਿਨ ਵੀ ਜਾਰੀ ਹੈ। ਇਸ ਮੁਕਾਬਲੇ ਵਿੱਚ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਅੱਤਵਾਦੀਆਂ ਅਤੇ ਸੁਰੱਖਿਆ ਕਰਮਚਾਰੀਆਂ ਵਿਚਕਾਰ ਹੋਈ ਗੋਲੀਬਾਰੀ ਵਿੱਚ ਚਾਰ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ, ਜਿਸ ਵਿੱਚ ਦੋ ਸੁਰੱਖਿਆ ਕਰਮਚਾਰੀ ਆਪਣੀ ਡਿਊਟੀ ਨਿਭਾਉਂਦੇ ਹੋਏ ਸ਼ਹੀਦ ਹੋ ਗਏ। ਉਨ੍ਹਾਂ ਕਿਹਾ ਕਿ ਇਹ ਪਿਛਲੇ ਦਸ ਸਾਲਾਂ ਵਿੱਚ ਸਭ ਤੋਂ ਲੰਬੇ ਅੱਤਵਾਦ ਵਿਰੋਧੀ ਆਪ੍ਰੇਸ਼ਨਾਂ ਵਿੱਚੋਂ ਇੱਕ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ 11 ਸੁਰੱਖਿਆ ਕਰਮਚਾਰੀ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਕਾਰਵਾਈ ਅਜੇ ਵੀ ਜਾਰੀ ਹੈ।

2 ਜਵਾਨ ਸ਼ਹੀਦ, 11 ਜ਼ਖਮੀ

ਭਾਰਤੀ ਫੌਜ ਦੀ ਚਿਨਾਰ ਕੋਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕੁਲਗਾਮ ਆਪ੍ਰੇਸ਼ਨ ਵਿੱਚ ਸ਼ਹੀਦ ਹੋਏ ਸੈਨਿਕਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਚਿਨਾਰ ਕੋਰ ਬਹਾਦਰ ਲੈਫਟੀਨੈਂਟ ਕਰਨਲ ਪ੍ਰਿਤਪਾਲ ਸਿੰਘ ਅਤੇ ਸਿਪਾਹੀ ਹਰਮਿੰਦਰ ਸਿੰਘ ਦੇ ਸਰਵਉੱਚ ਬਲੀਦਾਨ ਨੂੰ ਸਲਾਮ ਕਰਦਾ ਹੈ ਜੋ ਦੇਸ਼ ਲਈ ਸ਼ਹੀਦ ਹੋਏ। ਉਨ੍ਹਾਂ ਦੀ ਹਿੰਮਤ ਅਤੇ ਸਮਰਪਣ ਸਾਨੂੰ ਹਮੇਸ਼ਾ ਪ੍ਰੇਰਿਤ ਕਰੇਗਾ। ਇਸ ਤੋਂ ਇਲਾਵਾ, ਉਨ੍ਹਾਂ ਲਿਖਿਆ ਕਿ ਆਪ੍ਰੇਸ਼ਨ ਅਜੇ ਵੀ ਜਾਰੀ ਹੈ।

1 ਅਗਸਤ ਨੂੰ ਸ਼ੁਰੂ ਹੋਇਆ ‘ਆਪ੍ਰੇਸ਼ਨ ਅਖਾਲ’

ਅਧਿਕਾਰੀਆਂ ਨੇ ਦੱਸਿਆ ਕਿ 1 ਅਗਸਤ ਨੂੰ ਸ਼ੁਰੂ ਹੋਏ ਇਸ ਆਪ੍ਰੇਸ਼ਨ ਵਿੱਚ ਹੁਣ ਤੱਕ 3 ਅੱਤਵਾਦੀ ਮਾਰੇ ਗਏ ਹਨ। ਅੱਤਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਦੇ ਅਖਾਲ ਜ਼ਿਲ੍ਹੇ ਦੇ ਇੱਕ ਜੰਗਲ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸ਼ੁੱਕਰਵਾਰ ਨੂੰ ਹੋਈ ਸ਼ੁਰੂਆਤੀ ਗੋਲੀਬਾਰੀ ਤੋਂ ਬਾਅਦ, ਰਾਤ ਲਈ ਕਾਰਵਾਈ ਰੋਕ ਦਿੱਤੀ ਗਈ ਸੀ। ਬਾਅਦ ਵਿੱਚ ਘੇਰਾਬੰਦੀ ਨੂੰ ਮਜ਼ਬੂਤ ਕਰ ਦਿੱਤਾ ਗਿਆ ਅਤੇ ਵਾਧੂ ਸੈਨਿਕਾਂ ਨੂੰ ਇਲਾਕੇ ਵਿੱਚ ਭੇਜਿਆ ਗਿਆ।

ਅਗਲੇ ਦਿਨ, ਜਦੋਂ ਗੋਲੀਬਾਰੀ ਦੁਬਾਰਾ ਸ਼ੁਰੂ ਹੋਈ ਤਾਂ ਦੋ ਅੱਤਵਾਦੀ ਮਾਰੇ ਗਏ। ਅਧਿਕਾਰੀਆਂ ਨੇ ਕਿਹਾ ਕਿ ਮਾਰੇ ਗਏ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਮੂਹ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।

ਅੱਤਵਾਦੀਆਂ ਦਾ ਖਾਤਮਾ ਅਜੇ ਵੀ ਜਾਰੀ

ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਸੰਘਣੇ ਜੰਗਲਾਂ ਵਿੱਚ ਲੁਕੇ ਅੱਤਵਾਦੀਆਂ ਨਾਲ ਲਗਾਤਾਰ ਲੜਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਪੁਲਿਸ ਮੁਖੀ ਨਲਿਨ ਪ੍ਰਭਾਤ ਅਤੇ ਫੌਜ ਦੇ ਉੱਤਰੀ ਕਮਾਂਡਰ ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ ਸਮੇਤ ਸੀਨੀਅਰ ਪੁਲਿਸ ਅਤੇ ਫੌਜ ਦੇ ਅਧਿਕਾਰੀ 24 ਘੰਟੇ ਆਪ੍ਰੇਸ਼ਨ ‘ਤੇ ਨਜ਼ਰ ਰੱਖ ਰਹੇ ਹਨ।