ਇਕੱਠੀ ਹੋਣ ਲੱਗੀ ਭੀੜ, ਪੁਲਿਸ ਅਲਰਟ… ਰਾਮਲੀਲਾ ਮੈਦਾਨ ‘ਚ INDIA ਗਠਜੋੜ ਦੀ ਮਹਾ ਰੈਲੀ, 23 ਪਾਰਟੀਆਂ ਹੋਣਗੀਆਂ ਸ਼ਾਮਲ
ਕਾਂਗਰਸ ਦੀ ਅਗਵਾਈ ਹੇਠ INDIA ਗਠਜੋੜ ਵੱਲੋਂ ਅੱਜ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਮਹਾ ਰੈਲੀ ਕੀਤੀ ਜਾ ਰਹੀ ਹੈ। ਇਹ ਰੈਲੀ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇਗੀ। ਵੋਟਰ ਸੂਚੀ 'ਚ ਕਥਿਤ ਬੇਨਿਯਮੀਆਂ ਦੇ ਵਿਰੋਧ 'ਚ ਇਸ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵਿਦਿਆਰਥੀਆਂ ਅਤੇ ਸਿਵਲ ਸੋਸਾਇਟੀ ਸਮੂਹਾਂ ਸਮੇਤ ਸਾਰੇ ਲੋਕਾਂ ਨੂੰ ਇਸ ਰੈਲੀ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਲੋਕਤੰਤਰ ਤੇ ਸੰਵਿਧਾਨ ਦੀ ਰੱਖਿਆ ਲਈ ਇੱਕ ਅੰਦੋਲਨ ਦੱਸਿਆ ਹੈ। ਰੈਲੀ ਦੇ ਮੱਦੇਨਜ਼ਰ ਰਾਮਲੀਲਾ ਮੈਦਾਨ ‘ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਦਿੱਲੀ ਦੇ ਰਾਮਲੀਲਾ ਮੈਦਾਨ ‘ਚ INDIA ਬਲਾਕ ਵੱਲੋਂ ਆਪਣੀ ਤਾਕਤ ਦਿਖਾਉਣ ਲਈ ਕੀਤੀ ਜਾ ਰਹੀ ਇਸ ਮਹਾ ਰੈਲੀ ‘ਚ ਅਖਿਲੇਸ਼ ਯਾਦਵ ਤੇ ਮਮਤਾ ਬੈਨਰਜੀ ਸਮੇਤ 23 ਪਾਰਟੀਆਂ ਦੇ ਆਗੂ ਸ਼ਾਮਲ ਹੋ ਰਹੇ ਹਨ। ਇੱਥੇ 10 ਲੱਖ ਲੋਕਾਂ ਦੇ ਇਕੱਠੇ ਹੋਣ ਦਾ ਦਾਅਵਾ ਕੀਤਾ ਗਿਆ ਹੈ। ਦਿੱਲੀ ਪੁਲਿਸ ਵੱਲੋਂ ਟ੍ਰੈਫਿਕ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ।
ਸਵੇਰ ਤੋਂ ਹੀ ਰਾਮਲੀਲਾ ਮੈਦਾਨ ਪਹੁੰਚਣ ਲੱਗੇ ਲੋਕ
ਐਤਵਾਰ ਸਵੇਰੇ INDIA ਗਠਜੋੜ ਦੀ ‘ਵੋਟ ਬਚਾਓ, ਦੇਸ਼ ਬਚਾਓ’ ਮਹਾ ਰੈਲੀ ‘ਚ ਸ਼ਾਮਲ ਹੋਣ ਲਈ ਕਈ ਖੱਬੇ ਪੱਖੀ ਪਾਰਟੀਆਂ ਦੇ ਸਮਰਥਕ ਨਵੀਂ ਦਿੱਲੀ ਰੇਲਵੇ ਸਟੇਸ਼ਨ ਪਹੁੰਚੇ। ਪਾਰਟੀਆਂ ਦੇ ਵਰਕਰ ਝੰਡੇ ਤੇ ਬੈਨਰ ਲੈ ਕੇ ਸਟੇਸ਼ਨ ਦੇ ਬਾਹਰ ਇਕੱਠੇ ਹੋਏ, ਤਾਂ ਜੋ ਉਹ ਰੈਲੀ ਵਾਲੀ ਥਾਂ ਵੱਲ ਜਾਣ ਵਾਲੇ ਲੋਕਾਂ ਨਾਲ ਸ਼ਾਮਲ ਹੋ ਸਕਣ।
ਸਵੇਰੇ 5:30 ਵਜੇ ਤੋਂ ਹੀ ਪਹੁੰਚਣ ਲੱਗੇ ਲੋਕ
ਰੈਲੀ ਸਬੰਧੀ ਡੀਸੀਪੀ ਸੈਂਟਰਲ ਰੋਹਿਤ ਰਾਜਬੀਰ ਨੇ ਕਿਹਾ, “ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਲੋਕ ਸਵੇਰੇ 5:30 ਵਜੇ ਤੋਂ ਹੀ ਇਸ ਰੈਲੀ ‘ਚ ਸ਼ਾਮਲ ਹੋਣ ਲਈ ਪਹੁੰਚਣੇ ਸ਼ੁਰੂ ਹੋ ਗਏ ਹਨ। ਸਾਡੇ ਵੱਲੋਂ ਸਾਰੇ ਪ੍ਰਬੰਧ ਸੁਚੱਜੇ ਢੰਗ ਨਾਲ ਕੀਤੇ ਗਏ ਹਨ। ਅਸੀਂ ਲੋਕਾਂ ਨੂੰ ਰੈਲੀ ਵਾਲੀ ਥਾਂ ‘ਤੇ ਪਹੁੰਚਣ ‘ਚ ਮਦਦ ਕਰ ਰਹੇ ਹਾਂ ਅਤੇ ਨਾਲ ਹੀ ਇਹ ਵੀ ਯਕੀਨੀ ਬਣਾ ਰਹੇ ਹਾਂ ਕਿ ਸਥਾਨਕ ਵਸਨੀਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।”
ਉਨ੍ਹਾਂ ਅੱਗੇ ਕਿਹਾ ਕਿ ਪ੍ਰੋਗਰਾਮ ਵਾਲੀ ਥਾਂ ‘ਤੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਤੇ ਮਾਰਚ ਦੇ ਰੂਟ ਲਈ ਵੀ ਯੋਜਨਾ ਤਿਆਰ ਕੀਤੀ ਗਈ ਹੈ, ਜੋ ਕੁਝ ਹੀ ਘੰਟਿਆਂ ਵਿੱਚ ਸ਼ੁਰੂ ਹੋਣ ਵਾਲਾ ਹੈ।
