SIR ‘ਤੇ INDIA ਬਲਾਕ ਦੀ ਬੈਠਕ ਅੱਜ, AAP-DMK ਨੇ ਬਣਾਈ ਦੂਰੀ; ਅਖਿਲੇਸ਼ ਯਾਦਵ ਵੀ ਪ੍ਰੋਗਰਾਮ ਦੇ ਚੱਲਦੇ ਨਹੀਂ ਹੋਣਗੇ ਸ਼ਾਮਲ
ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ 'ਚ 30 ਸਤੰਬਰ ਯਾਨੀ ਅੱਜ INDIA ਅਲਾਇੰਸ ਦੀ ਮਹੱਤਵਪੂਰਨ ਬੈਠਕ ਬੁਲਾਈ ਗਈ ਹੈ, ਜਿਸ 'ਚ ਕਾਂਗਰਸ ਵੱਲੋਂ ਰਾਹੁਲ ਸ਼ਾਮਲ ਹੋਣਗੇ, ਪਰ ਸਪਾ ਵੱਲੋਂ ਅਖਿਲੇਸ਼ ਯਾਦਵ ਸ਼ਾਮਲ ਨਹੀਂ ਹੋਣਗੇ।
30 ਸਤੰਬਰ ਯਾਨੀ ਅੱਜ I.N.D.I.A. ਅਲਾਇੰਸ ਦੀ ਅਹਿਮ ਬੈਠਕ ਹੋਣ ਵਾਲੀ ਹੈ, ਜੋ ਇੱਕ ਵੱਖਰੀ ਵਜ੍ਹਾ ਕਰਕੇ ਚਰਚਾ ‘ਚ ਹੈ। ਜਦੋਂ ਸਾਲ 2023 ‘ਚ ਬਿਹਾਰ ਦੀ ਰਾਜਧਾਨੀ ਪਟਨਾ ‘ਚ ਇਸ ਦੀ ਪਹਿਲੀ ਬੈਠਕ ਹੋਈ ਸੀ, ਉਦੋਂ ਕਾਂਗਰਸ, ਤ੍ਰਿਣਮੂਲ ਕਾਂਗਰਸ, ਆਮ ਆਦਮੀ ਪਾਰਟੀ, ਸਮਾਜਵਾਦੀ ਪਾਰਟੀ ਤੇ ਜਨਤਾ ਦਲ (ਯੂਨਾਈਟਿਡ) ਯਾਨੀ JDU ਸਮੇਤ ਦੇਸ਼ ਦੀਆਂ ਕਈ ਵਿਰੋਧੀ ਪਾਰਟੀਆਂ ਸ਼ਾਮਲ ਹੋਈਆਂ ਸਨ, ਪਰ ਇਸ ਵਾਰ ਦੀ ਬੈਠਕ ‘ਚ ਇਨ੍ਹਾਂ ‘ਚੋਂ ਕਈ ਪਾਰਟੀਆਂ ਅਜਿਹੀਆਂ ਹਨ, ਜੋ ਸ਼ਾਮਲ ਨਹੀਂ ਹੋਣਗੀਆਂ। ਆਮ ਆਦਮੀ ਪਾਰਟੀ ਵੀ ਉਨ੍ਹਾਂ ‘ਚੋਂ ਇੱਕ ਹੈ। ਸੂਤਰਾਂ ਮੁਤਾਬਕ, ਆਮ ਆਦਮੀ ਪਾਰਟੀ ਖ਼ੁਦ ਨੂੰ INDIA ਬਲਾਕ ਤੋਂ ਵੱਖ ਕਰ ਚੁੱਕੀ ਹੈ, ਕਿਉਂਕਿ ਕਾਂਗਰਸ ਉਸ ਨੂੰ BJP ਦੀ B-ਟੀਮ ਦੱਸ ਚੁੱਕੀ ਹੈ, ਇਸ ਲਈ AAP ਨੂੰ ਸੱਦਾ ਹੀ ਨਹੀਂ ਦਿੱਤਾ ਗਿਆ।
ਉੱਥੇ, DMK ਵੀ ਇਸ ਬੈਠਕ ‘ਚ ਸ਼ਾਮਲ ਨਹੀਂ ਹੋ ਰਹੀ। ਕਾਂਗਰਸ ਨੇ ਵੋਟ ਚੋਰੀ ਦੇ ਮੁੱਦੇ ‘ਤੇ ਉਸ ਨੂੰ I.N.D.I.A. ਬਲਾਕ ਦੀ ਬੈਠਕ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ, ਪਰ DMK ਨੇ ਇਹ ਕਹਿ ਕੇ ਆਉਣ ਤੋਂ ਇਨਕਾਰ ਕਰ ਦਿੱਤਾ ਕਿ ਜਦੋਂ ਕਾਂਗਰਸ ਨੇ ਤਾਮਿਲਨਾਡੂ ਵਿੱਚ DMK ਨੂੰ ਛੱਡ ਕੇ ਵਿਜੇ ਨਾਲ ਜਾਣ ਦਾ ਫੈਸਲਾ ਕੀਤਾ, ਉਦੋਂ ਹੀ DMK ਨੇ I.N.D.I.A. ਬਲਾਕ ਨਾਲ ਨਾਤਾ ਤੋੜ ਲਿਆ। ਨਾਲ ਹੀ ਸੰਸਦ ਦੇ ਦੋਵੇਂ ਸਦਨਾਂ ‘ਚ ਵੀ I.N.D.I.A. ਬਲਾਕ ਤੋਂ ਵੱਖ ਬੈਠਣ ਦੀ ਮੰਗ ਰੱਖ ਦਿੱਤੀ।
DMK ਦੇ ਬੁਲਾਰੇ ਨੇ ਕੀ ਕਿਹਾ?
DMK ਦੇ ਬੁਲਾਰੇ ਟੀਕੇਐਸ ਐਲੰਗੋਵਨ ਨੇ ਕਿਹਾ ਕਿ ਕਾਂਗਰਸ ਨਾਲ ਮਤਭੇਦਾਂ ਕਾਰਨ ਕਈ ਪਾਰਟੀਆਂ ਬੈਠਕ ‘ਚ ਸ਼ਾਮਲ ਹੋਣ ਤੋਂ ਹਿਚਕਚਾ ਰਹੀਆਂ ਸਨ। ਹਾਲਾਂਕਿ ਉਨ੍ਹਾਂ ਕਿਹਾ ਕਿ ਪਾਰਟੀ ਵਿਚਾਰਧਾਰਕ ਤੌਰ ‘ਤੇ ਇਕਜੁੱਟ ਹੈ ਤੇ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਨ ਦੇ ਉਦੇਸ਼ ਨੂੰ ਸਾਂਝਾ ਕਰਦੀ ਹੈ।
ਅਖਿਲੇਸ਼ ਕਿਉਂ ਨਹੀਂ ਹੋਣਗੇ ਬੈਠਕ ‘ਚ ਸ਼ਾਮਲ?
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਵੀ ਬੈਠਕ ‘ਚ ਸ਼ਾਮਲ ਨਹੀਂ ਹੋਣਗੇ, ਕਿਉਂਕਿ ਪਾਰਟੀ ਨੇ ਲਖਨਊ ‘ਚ ਸੂਬਾ ਪੱਧਰੀ ਕਿਸਾਨ ਸੰਮੇਲਨ ਬੁਲਾਇਆ ਹੈ। ਇਸ ਤੋਂ ਇਲਾਵਾ ਉਹ ਰਾਜ ਸਭਾ ਚੋਣ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਵੀ ਮੌਜੂਦ ਰਹਿਣਗੇ। ਉਨ੍ਹਾਂ ਦੀ ਥਾਂ ਪਾਰਟੀ ਵੱਲੋਂ ਸੰਸਦ ਮੈਂਬਰ ਹਰਿੰਦਰ ਮਲਿਕ ਤੇ ਰਾਮਪੁਰ ਤੋਂ ਸਪਾ ਸੰਸਦ ਮੈਂਬਰ ਮੌਲਾਨਾ ਮੁਹਿਬੁੱਲਾਹ ਨਦਵੀ ਬੈਠਕ ‘ਚ ਸ਼ਾਮਲ ਹੋਣਗੇ। ਸਪਾ ਦੇ ਇਹ ਦੋਵੇਂ ਸੰਸਦ ਮੈਂਬਰ ਬੈਠਕ ‘ਚ ਪਾਰਟੀ ਦੀ ਨੁਮਾਇੰਦਗੀ ਕਰਨਗੇ।
ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਇਸ ਦਾ ਕਾਰਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਸੀਟਾਂ ਦੀ ਵੰਡ ਹੋ ਸਕਦਾ ਹੈ। ਸੂਤਰਾਂ ਮੁਤਾਬਕ, ਕਾਂਗਰਸ ਉੱਤਰ ਪ੍ਰਦੇਸ਼ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਸੀਟਾਂ ਦੀ ਵੰਡ ਨੂੰ ਜਲਦ ਤੋਂ ਜਲਦ ਅੰਤਿਮ ਰੂਪ ਦੇਣ ਲਈ ਸਮਾਜਵਾਦੀ ਪਾਰਟੀ ‘ਤੇ ਦਬਾਅ ਪਾ ਰਹੀ ਹੈ।
ਇਹ ਵੀ ਪੜ੍ਹੋ
ਕਾਂਗਰਸ ਨੇ ਇਹ ਵੀ ਕਿਹਾ ਹੈ ਕਿ ਉਹ ਇੱਕ ਸਨਮਾਨਜਨਕ ਸਮਝੌਤਾ ਚਾਹੁੰਦੀ ਹੈ ਤੇ ਗੱਲਬਾਤ ਅਸਫਲ ਹੋਣ ਦੀ ਸਥਿਤੀ ‘ਚ ਇਕੱਲੇ ਚੋਣ ਲੜਨ ਦਾ ਸੰਕੇਤ ਵੀ ਦਿੱਤਾ ਹੈ। ਉੱਥੇ, ਦੂਜੇ ਪਾਸੇ, ਸਪਾ ਨੇ ਸੰਕੇਤ ਦਿੱਤਾ ਕਿ ਉਹ ਸਖ਼ਤ ਸੌਦੇਬਾਜ਼ੀ ਕਰਨ ਦਾ ਇਰਾਦਾ ਰੱਖਦੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਦਬਾਅ ਦੀ ਰਣਨੀਤੀ ਅੱਗੇ ਨਹੀਂ ਝੁਕੇਗੀ।
ਬੈਠਕ ‘ਚ ਕੌਣ ਸ਼ਾਮਲ ਹੋਵੇਗਾ?
I.N.D.I.A. ਬਲਾਕ ਦੀ ਇਹ ਬੈਠਕ SIR ਤੇ ਚੋਣ ਕਮਿਸ਼ਨ ਦੇ ਅੰਦਰ ਸਾਹਮਣੇ ਆਏ ਮਤਭੇਦਾਂ ‘ਤੇ ਚਰਚਾ ਕਰਨ ਲਈ ਬੁਲਾਈ ਗਈ ਹੈ। ਇਸ ਬੈਠਕ ‘ਚ ਕਾਂਗਰਸ ਵੱਲੋਂ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਰਾਹੁਲ ਗਾਂਧੀ ਸ਼ਾਮਲ ਹੋ ਸਕਦੇ ਹਨ। ਇਸ ਤੋਂ ਇਲਾਵਾ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਤੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੇ ਵੀ ਇਸ ਬੈਠਕ ‘ਚ ਸ਼ਾਮਲ ਹੋਣ ਦੀ ਉਮੀਦ ਹੈ।
RJD ਵੱਲੋਂ ਤੇਜਸਵੀ ਯਾਦਵ, ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਤੇ CPI (M) ਦੇ ਜਨਰਲ ਸਕੱਤਰ ਐੱਮ.ਏ. ਬੇਬੀ ਵੀ ਬੈਠਕ ‘ਚ ਸ਼ਾਮਲ ਹੋ ਸਕਦੇ ਹਨ। ਇਸ ਤੋਂ ਇਲਾਵਾ ਸ਼ਿਵਸੈਨਾ (UBT) ਮੁਖੀ ਊਧਵ ਠਾਕਰੇ ਵੀਡੀਓ ਕਾਨਫਰੰਸਿੰਗ ਰਾਹੀਂ ਬੈਠਕ ‘ਚ ਸ਼ਾਮਲ ਹੋਣਗੇ।
