ਅੱਤਵਾਦ ਤੋਂ ਲੈ ਕੇ ਇਨੋਵੇਸ਼ਨ ਤੱਕ… SCO ਬਿਸ਼ਕੇਕ ਐਲਾਨਨਾਮੇ ‘ਚ ਭਾਰਤ ਦੀਆਂ ਤਰਜੀਹਾਂ ਨੂੰ ਮਿਲੀ ਥਾਂ
ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਖੇ ਆਯੋਜਿਤ 26ਵੇਂ ਸ਼ੰਘਾਈ ਸਹਿਯੋਗ ਸੰਗਠਨ (SCO) ਸਿਖ਼ਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਮੂਲੀਅਤ 13 ਪ੍ਰਮੁੱਖ ਤੇ ਇਤਿਹਾਸਕ ਨਤੀਜਿਆਂ ਨਾਲ ਸਫ਼ਲਤਾਪੂਰਵਕ ਸਮਾਪਤ ਹੋਈ। ਇਸ ਸੰਮੇਲਨ ਦੌਰਾਨ ਇਤਿਹਾਸਕ 'ਬਿਸ਼ਕੇਕ ਐਲਾਨਨਾਮੇ' ਨੂੰ ਅਪਣਾਉਣ ਦੇ ਨਾਲ-ਨਾਲ ਚਾਰ ਅਹਿਮ ਸਮਝੌਤਾ ਪੱਤਰਾਂ 'ਤੇ ਦਸਤਖ਼ਤ ਕੀਤੇ ਗਏ ਅਤੇ 20 ਤੋਂ ਵੱਧ ਅਹਿਮ ਫ਼ੈਸਲੇ ਲਏ ਗਏ।
ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਖੇ ਆਯੋਜਿਤ 26ਵੇਂ ਸ਼ੰਘਾਈ ਸਹਿਯੋਗ ਸੰਗਠਨ (SCO) ਸਿਖ਼ਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਮੂਲੀਅਤ 13 ਪ੍ਰਮੁੱਖ ਤੇ ਇਤਿਹਾਸਕ ਨਤੀਜਿਆਂ ਨਾਲ ਸਫ਼ਲਤਾਪੂਰਵਕ ਸਮਾਪਤ ਹੋਈ। ਇਸ ਸੰਮੇਲਨ ਦੌਰਾਨ ਇਤਿਹਾਸਕ ‘ਬਿਸ਼ਕੇਕ ਐਲਾਨਨਾਮੇ’ ਨੂੰ ਅਪਣਾਉਣ ਦੇ ਨਾਲ-ਨਾਲ ਚਾਰ ਅਹਿਮ ਸਮਝੌਤਾ ਪੱਤਰਾਂ ‘ਤੇ ਦਸਤਖ਼ਤ ਕੀਤੇ ਗਏ ਅਤੇ 20 ਤੋਂ ਵੱਧ ਅਹਿਮ ਫ਼ੈਸਲੇ ਲਏ ਗਏ। ਲਏ ਗਏ ਵੱਡੇ ਫ਼ੈਸਲਿਆਂ ਵਿੱਚ ਅੰਗਰੇਜ਼ੀ ਨੂੰ SCO ਦੀ ਅਧਿਕਾਰਤ ਭਾਸ਼ਾ ਵਜੋਂ ਮਾਨਤਾ ਦੇਣਾ ਅਤੇ ਸੁਰੱਖਿਆ ਚੁਣੌਤੀਆਂ ਤੇ ਖ਼ਤਰਿਆਂ ਨਾਲ ਨਜਿੱਠਣ ਲਈ ਇੱਕ ਨਵਾਂ ‘ਯੂਨੀਵਰਸਲ ਸੈਂਟਰ’ ਸਥਾਪਤ ਕਰਨ ‘ਤੇ ਸਹਿਮਤੀ ਜਤਾਈ ਗਈ।
ਬਿਸ਼ਕੇਕ ਐਲਾਨਨਾਮੇ ‘ਚ ਭਾਰਤ ਦੀਆਂ ਪਹਿਲਕਦਮੀਆਂ ਨੂੰ ਮਿਲੀ ਅਹਿਮੀਅਤ
SCO ਬਿਸ਼ਕੇਕ ਐਲਾਨਨਾਮੇ ਵਿੱਚ ਭਾਰਤ ਵੱਲੋਂ ਰੱਖੀਆਂ ਗਈਆਂ ਪ੍ਰਾਥਮਿਕਤਾਵਾਂ ਨੂੰ ਵਿਸ਼ੇਸ਼ ਤੌਰ ‘ਤੇ ਸ਼ਾਮਲ ਕੀਤਾ ਗਿਆ। ਸੰਮੇਲਨ ਦੌਰਾਨ ਆਪਸੀ ਗੱਲਬਾਤ ਅਤੇ ਸਹਿਯੋਗ ਨੂੰ ਅੱਗੇ ਵਧਾਉਣ ਲਈ ‘ਵਨ ਅਰਥ, ਵਨ ਫੈਮਿਲੀ, ਵਨ ਫਿਊਚਰ’ (ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ) ਦੇ ਸਿਧਾਂਤ ਨੂੰ ਮੁੜ ਦੁਹਰਾਇਆ ਗਿਆ। ਇਸ ਦੇ ਨਾਲ ਹੀ ਸਮੂਹ ਮੈਂਬਰ ਦੇਸ਼ਾਂ ਨੇ ਅੱਤਵਾਦ, ਵੱਖਵਾਦ ਅਤੇ ਕੱਟੜਵਾਦ ਖ਼ਿਲਾਫ਼ ਲੜਨ ਦੀ ਆਪਣੀ ਦ੍ਰਿੜ੍ਹ ਵਚਨਬੱਧਤਾ ਪ੍ਰਗਟਾਈ। ਮੈਂਬਰ ਦੇਸ਼ਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਕਿ ਅੱਤਵਾਦੀ, ਵੱਖਵਾਦੀ ਅਤੇ ਕੱਟੜਪੰਥੀ ਸੰਗਠਨਾਂ ਦੀ ਨਿੱਜੀ ਜਾਂ ਕਿਰਾਏ ਦੇ ਹਿੱਤਾਂ ਲਈ ਵਰਤੋਂ ਕਰਨ ਦੀਆਂ ਕੋਸ਼ਿਸ਼ਾਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਅੱਤਵਾਦ ਵਿਰੁੱਧ ਲੜਾਈ ਵਿੱਚ ‘ਦੋਹਰਾ ਮਾਪਦੰਡ’ ਨਾਮਨਜ਼ੂਰ
ਸਿਖ਼ਰ ਸੰਮੇਲਨ ਦੌਰਾਨ ਮੈਂਬਰ ਮੁਲਕਾਂ ਨੇ ਅੱਤਵਾਦ ਦੇ ਹਰ ਰੂਪ ਅਤੇ ਪ੍ਰਗਟਾਵੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਅੱਤਵਾਦ ਖ਼ਿਲਾਫ਼ ਲੜਾਈ ਵਿੱਚ ਕਿਸੇ ਵੀ ਤਰ੍ਹਾਂ ਦਾ ‘ਦੋਹਰਾ ਮਾਪਦੰਡ’ ਸਵੀਕਾਰ ਨਹੀਂ ਕੀਤਾ ਜਾਵੇਗਾ। ਸੰਮੇਲਨ ਵਿੱਚ ਅੰਤਰਰਾਸ਼ਟਰੀ ਭਾਈਚਾਰੇ ਨੂੰ ਅੱਤਵਾਦ ਖ਼ਿਲਾਫ਼ ਪ੍ਰਭਾਵਸ਼ਾਲੀ ਤੇ ਠੋਸ ਕਦਮ ਚੁੱਕਣ ਦਾ ਸੱਦਾ ਦਿੱਤਾ ਗਿਆ, ਜਿਸ ਵਿੱਚ ਅੱਤਵਾਦੀਆਂ ਦੀ ਸਰਹੱਦ ਪਾਰ ਘੁਸਪੈਠ ਅਤੇ ਆਵਾਜਾਈ ‘ਤੇ ਸਖ਼ਤੀ ਨਾਲ ਰੋਕ ਲਗਾਉਣਾ ਸ਼ਾਮਲ ਹੈ। ਇਸ ਤੋਂ ਇਲਾਵਾ ਨੌਜਵਾਨਾਂ ਦੀ ਸਰਗਰਮ ਭਾਈਵਾਲੀ ਰਾਹੀਂ ਵਿਗਿਆਨਕ, ਤਕਨੀਕੀ ਅਤੇ ਨਵੀਨਤਾ (ਇਨੋਵੇਸ਼ਨ) ਦੇ ਖੇਤਰ ਵਿੱਚ ਆਪਸੀ ਸਹਿਯੋਗ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ ਗਿਆ। ਇਸ ਮੰਤਵ ਲਈ ਭਾਰਤ ਦੀ ਪਹਿਲਕਦਮੀ ‘ਤੇ ‘SCO ਯੰਗ ਸਾਇੰਟਿਸਟ ਫੋਰਮ’ ਦਾ ਨਿਯਮਤ ਆਯੋਜਨ ਕਰਨ ‘ਤੇ ਵੀ ਮੋਹਰ ਲਗਾਈ ਗਈ।
ਸੱਭਿਆਚਾਰਕ ਅਤੇ ਯੁਵਾ ਮੰਚਾਂ ‘ਤੇ ਭਾਰਤ ਦੀ ਅਗਵਾਈ
ਸੰਮੇਲਨ ਵਿੱਚ ਸ਼ਾਮਲ ਵਿਸ਼ਵ ਨੇਤਾਵਾਂ ਨੇ 2026 ਦੀ ਪਤਝੜ ਦੌਰਾਨ ਭਾਰਤ ਵਿੱਚ ਹੋਣ ਵਾਲੇ ‘SCO ਸਿਵਿਲਾਈਜ਼ੇਸ਼ਨ ਡਾਇਲਾਗ ਫੋਰਮ’ ਦੀ ਮੇਜ਼ਬਾਨੀ ਦਾ ਨਿੱਘਾ ਸਵਾਗਤ ਕੀਤਾ। ਮੈਂਬਰ ਦੇਸ਼ਾਂ ਨੇ ਕਿਹਾ ਕਿ ਉਹ ਯੁਵਾ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਮਿਲ ਕੇ ਕੰਮ ਕਰਨਗੇ। ਇਸ ਸੰਦਰਭ ਵਿੱਚ ‘SCO ਯੰਗ ਆਥਰਜ਼ ਕਾਨਫ਼ਰੰਸ’ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਗਈ, ਜੋ ਕਿ SCO ਪਲੇਟਫਾਰਮ ‘ਤੇ ਭਾਰਤ ਦੀ ਹੀ ਇੱਕ ਪ੍ਰਮੁੱਖ ਪਹਿਲਕਦਮੀ ਹੈ।
SCO ਚਾਰਟਰ ਵਿੱਚ ਸੋਧ ਸਬੰਧੀ ਪ੍ਰੋਟੋਕੋਲ ਨੂੰ ਹਰੀ ਝੰਡੀ
ਇਸ ਇਤਿਹਾਸਕ ਸੰਮੇਲਨ ਦੌਰਾਨ ਨੇਤਾਵਾਂ ਨੇ 7 ਜੂਨ, 2002 ਦੇ ਸ਼ੰਘਾਈ ਸਹਿਯੋਗ ਸੰਗਠਨ ਦੇ ਚਾਰਟਰ ਵਿੱਚ ਸੋਧ ਅਤੇ ਵਾਧੇ ਸਬੰਧੀ ਪ੍ਰੋਟੋਕੋਲ ਨੂੰ ਵੀ ਅਧਿਕਾਰਤ ਪ੍ਰਵਾਨਗੀ ਦਿੱਤੀ। ਵਿਦੇਸ਼ ਮੰਤਰਾਲੇ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੋਧ ਨਾਲ ਭਾਰਤ ਨੂੰ SCO ਦੇ ਵਿਕਾਸਸ਼ੀਲ ਸੰਸਥਾਗਤ ਢਾਂਚੇ ਨੂੰ ਨਵਾਂ ਰੂਪ ਦੇਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਮੌਕਾ ਮਿਲੇਗਾ। ਇਸ ਨਾਲ ਇਹ ਯਕੀਨੀ ਹੋਵੇਗਾ ਕਿ ਭਵਿੱਖ ਵਿੱਚ ਸੰਗਠਨ ਦੇ ਕੰਮਕਾਜ ਦੌਰਾਨ ਭਾਰਤ ਦੇ ਕੌਮੀ ਹਿੱਤਾਂ ਦੀ ਪੂਰੀ ਤਰ੍ਹਾਂ ਤਰਜਮਾਨੀ ਹੋਵੇ। ਇਸ ਤੋਂ ਇਲਾਵਾ ਇਸ ਕਦਮ ਨਾਲ SCO ਦੇ ਪ੍ਰਬੰਧਕੀ ਢਾਂਚੇ ਵਿੱਚ ਅੰਗਰੇਜ਼ੀ ਨੂੰ ਰਸਮੀ ਤੌਰ ‘ਤੇ ਸ਼ਾਮਲ ਕਰਨ ਦੀ ਪ੍ਰਕਿਰਿਆ ਨੂੰ ਵੀ ਵੱਡਾ ਹੁਲਾਰਾ ਮਿਲੇਗਾ।
