ਇਜ਼ਰਾਈਲ-ਫਲਸਤੀਨ ਸੰਘਰਸ਼ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਮੁਸਲਿਮ ਦੇਸ਼ਾਂ, ਅਮੇਰਿਕਾ ਅਤੇ ਸੁੰਯੁਕਤ ਰਾਸ਼ਟਰ ਦੀ ਦਖਲਅੰਦਾਜ਼ੀ ਦੇ ਬਾਵਜ਼ੂਦ ਇਹ ਸੰਘਰਸ਼ ਸਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਉੱਥੇ ਹੀ ਹੁਣ ਦਿੱਲੀ ਦੀ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸਈਅਦ ਅਹਿਮਦ ਬੁਖਾਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਜ਼ਰਾਈਲ-ਫਲਸਤੀਨ ਜੰਗ ਨੂੰ ਖਤਮ ਕਰਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਇਜ਼ਾਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਆਪਣੀ ਨਿੱਜੀ ਦੋਸਤੀ ਦਾ ਲਾਭ ਉਠਾਉਣ ਚਾਹੀਦਾ ਹੈ।
ਸ਼ਾਹੀ ਇਮਾਮ ਸਈਅਦ ਅਹਿਮਦ ਬੁਖਾਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੇ ਹੋਏ ਕਿਹਾ, “ਮੈਨੂੰ ਉਮੀਦ ਹੈ ਕਿ ਮੇਰੇ ਦੇਸ਼ ਦੇ ਪ੍ਰਧਾਨ ਮੰਤਰੀ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਾਲ ਆਪਣੇ ਨਿੱਜੀ ਸਬੰਧਾਂ ਦੇ ਕਾਰਨ, ਯੁੱਧ ਨੂੰ ਖਤਮ ਕਰਨ ਅਤੇ ਮੁੱਦਿਆਂ ਨੂੰ ਸੁਲਝਾਉਣ ਲਈ ਕੂਟਨੀਤਕ ਦਬਾਅ ਪਾਉਣਗੇ।”
ਜਾਮਾ ਮਸਜ਼ਿਦ ਦੇ ਸ਼ਾਹੀ ਇਮਾਮ ਨੇ ਇਸ ਦੇ ਨਾਲ ਇਹ ਵੀ ਕਿਹਾ ਹੈ ਕਿ ਮੁਸਲਿਮ ਦੇਸ਼ ਨੇ ਇਸ ਸੰਘਰਸ਼ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਯੁੱਧ ਨੇ ਪਹਿਲਾ ਹੀ 21,300 ਤੋਂ ਵੱਧ ਫਲਸਤੀਨੀਆਂ ਦੀ ਜਾਨ ਲੈ ਲਈ ਹੈ ਅਤੇ ਇਸ ਜੰਗ ਨੇ ਇੱਕ ਮਾਨਵਤਾਵਾਦੀ ਸੰਕਟ ਨੂੰ ਜਨਮ ਦਿੱਤਾ ਅਤੇ ਇਸ ਨਾਲ ਗਾਜ਼ਾ ਦੀ ਇੱਕ ਚੌਥਾਈ ਆਬਾਦੀ ਭੁੱਖੇ ਮਰ ਰਹੀ ਹੈ।
ਸ਼ਾਹੀ ਇਮਾਮ ਨੇ ਕਿਹਾ, “ਮੁਸਲਿਮ ਜਗਤ ਨੇ ਇਸ ਸੰਘਰਸ਼ ਦੇ ਸਬੰਧ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਨਹੀਂ ਕੀਤਾ ਹੈ ਅਤੇ ਉਹ ਨਹੀਂ ਕਰ ਰਹੇ ਹਨ ਜੋ ਉਨ੍ਹਾਂ ਨੂੰ ਕਰਨਾ ਚਾਹੀਦਾ ਹੈ ਅਤੇ ਇਹ ਸਭ ਬਹੁਤ ਮੰਦਭਾਗਾ ਹੈ।”