ਇਹ ਸਮਾਂ ਕਾਫੀ ਚੁਣੌਤੀਪੂਰਨ ਰਿਹਾ… ਪਰ ਅੱਜ ਮੈਂ ਬਹੁਤ ਖੁਸ਼ ਹਾਂ, ਫੇਅਰਵੈਲ ਸਪੀਚ ਵਿੱਚ ਭਾਵੁਕ ਹੋਏ CJI
CJI Sanjeev Khanna Retirement: ਆਪਣੇ ਵਿਦਾਇਗੀ ਸਮਾਰੋਹ ਵਿੱਚ ਜਸਟਿਸ ਖੰਨਾ ਨੇ ਕਿਹਾ ਕਿ ਮੈਂ ਪਿਛਲੇ 50 ਸਾਲਾਂ ਵਿੱਚ ਕਈ ਵਿਦਾਇਗੀ ਸਮਾਰੋਹਾਂ ਵਿੱਚ ਸ਼ਾਮਲ ਹੋਇਆ ਹਾਂ ਪਰ ਅੱਜ ਮੈਂ ਬਹੁਤ ਖੁਸ਼ ਹਾਂ। ਇਹ ਬਹੁਤ ਚੁਣੌਤੀਪੂਰਨ ਸਮਾਂ ਸੀ ਪਰ ਅੱਜ ਮੈਂ ਆਪਣੇ ਆਪ ਨੂੰ ਭਾਗਸ਼ਾਲੀ ਸਮਝਦਾ ਹਾਂ ਕਿ ਮੈਨੂੰ ਭਾਰਤ ਦੇ ਚੀਫ਼ ਜਸਟਿਸ ਵਜੋਂ ਸੇਵਾਮੁਕਤ ਹੋਣ ਦਾ ਸਨਮਾਨ ਮਿਲਿਆ। ਇਹ ਸੱਚਮੁੱਚ ਇੱਕ ਸੁਪਨਾ ਸੱਚ ਹੋਣ ਵਰਗਾ ਹੈ।
CJI ਸੰਜੀਵ ਖੰਨਾ
ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸੰਜੀਵ ਖੰਨਾ ਆਪਣੇ ਵਿਦਾਇਗੀ ਭਾਸ਼ਣ ਦੌਰਾਨ ਭਾਵੁਕ ਹੋ ਗਏ। ਉਨ੍ਹਾਂ ਨੇ ਆਪਣੇ ਵਿਦਾਇਗੀ ਸਮਾਰੋਹ ਦੌਰਾਨ ਬਹੁਤ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ। ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਵੱਲੋਂ ਆਯੋਜਿਤ ਵਿਦਾਇਗੀ ਸਮਾਰੋਹ ਵਿੱਚ ਜਸਟਿਸ ਖੰਨਾ ਨੇ ਕਿਹਾ ਕਿ ਮੈਂ ਪਿਛਲੇ 50 ਸਾਲਾਂ ਵਿੱਚ ਕਈ ਵਿਦਾਇਗੀ ਸਮਾਰੋਹਾਂ ਵਿੱਚ ਹਿੱਸਾ ਲਿਆ ਹੈ ਪਰ ਅੱਜ ਮੈਂ ਬਹੁਤ ਖੁਸ਼ ਹਾਂ।
ਉਨ੍ਹਾਂ ਕਿਹਾ ਕਿ ਮੈਂ ਆਪਣੇ ਆਪ ਨੂੰ ਧੰਨ ਸਮਝਦਾ ਹਾਂ ਕਿ ਮੈਨੂੰ ਭਾਰਤ ਦੇ ਚੀਫ਼ ਜਸਟਿਸ ਵਜੋਂ ਸੇਵਾਮੁਕਤ ਹੋਣ ਦਾ ਸਨਮਾਨ ਮਿਲਿਆ। ਇਹ ਸੱਚਮੁੱਚ ਇੱਕ ਸੁਪਨਾ ਸੱਚ ਹੋਣ ਵਰਗਾ ਹੈ। ਮੈਨੂੰ ਅਜੇ ਵੀ ਯਾਦ ਹੈ ਜਦੋਂ ਮੈਂ ਆਪਣੇ ਪਿਤਾ ਜੀ ਨੂੰ ਸਿਵਲ ਜੱਜ ਵਜੋਂ ਆਪਣਾ ਕਰੀਅਰ ਸ਼ੁਰੂ ਕਰਦੇ ਅਤੇ ਬਾਅਦ ਵਿੱਚ ਦਿੱਲੀ ਹਾਈ ਕੋਰਟ ਦੇ ਜੱਜ ਬਣਦੇ ਦੇਖਿਆ ਸੀ। ਉਨ੍ਹਾਂ ਸ਼ੁਰੂਆਤੀ ਤਜ਼ਰਬਿਆਂ ਨੇ ਮੇਰੇ ਉੱਤੇ ਡੂੰਘਾ ਪ੍ਰਭਾਵ ਛੱਡਿਆ।
2000 ਤੋਂ 2005 ਤੱਕ ਦਾ ਸਮਾਂ ਕਾਫ਼ੀ ਚੁਣੌਤੀਪੂਰਨ ਰਿਹਾ
2000 ਤੋਂ 2005 ਤੱਕ ਦਾ ਸਮਾਂ ਮੇਰੇ ਲਈ ਬਹੁਤ ਚੁਣੌਤੀਪੂਰਨ ਰਿਹਾ। ਮੈਂ ਸਮਝ ਗਿਆ ਸੀ ਕਿ ਇੱਕ ਜੱਜ ਦੀ ਜ਼ਿੰਦਗੀ ਕਿੰਨੀ ਔਖੀ ਅਤੇ ਥਕਾ ਦੇਣ ਵਾਲੀ ਹੋ ਸਕਦੀ ਹੈ। ਕਈ ਦਿਨ ਅਜਿਹੇ ਵੀ ਆਏ ਜਦੋਂ ਸਾਨੂੰ ਬਹੁਤ ਹੀ ਘੱਟ ਸਮੇਂ ਵਿੱਚ 75 ਤੋਂ 100 ਮਾਮਲਿਆਂ ਦੀ ਸੁਣਵਾਈ ਕਰਨੀ ਪਈ। ਉਸ ਦੌਰਾਨ ਮੈਂ ਬਹੁਤ ਸਾਰੇ ਫੈਸਲੇ ਰਾਖਵੇਂ ਰੱਖੇ। 59 ਸਾਲ ਦੀ ਉਮਰ ਵਿੱਚ, ਮੈਨੂੰ ਭਾਰਤ ਦੀ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ। 64 ਸਾਲ ਦੀ ਉਮਰ ਵਿੱਚ, ਮੈਂ ਭਾਰਤ ਦਾ ਚੀਫ਼ ਜਸਟਿਸ ਬਣਿਆ। ਅੱਜ ਸਵੇਰੇ ਮੇਰੇ ਆਖਰੀ ਕੰਮਕਾਜੀ ਦਿਨ, ਮੈਂ ਡੂੰਘੀ ਸ਼ਾਂਤੀ ਅਤੇ ਸੰਤੁਸ਼ਟੀ ਦਾ ਅਨੁਭਵ ਕੀਤਾ। ਇਹ ਜ਼ਿੰਦਗੀ ਦੇ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੈ।
ਕਾਨੂੰਨੀ ਪੇਸ਼ੇ ਵਿੱਚ ਬਿਤਾਏ ਇਹ 40 ਸਾਲ ਸੱਚਮੁੱਚ ਮੈਨੂੰ ਘੱੜਣ ਵਾਲੇ ਸਨ। ਮੇਰੀ ਮਾਂ ਲੇਡੀ ਸ਼੍ਰੀ ਰਾਮ ਕਾਲਜ ਵਿੱਚ ਪ੍ਰੋਫੈਸਰ ਸਨ। ਉਹ ਕਦੇ ਨਹੀਂ ਚਾਹੁੰਦੇ ਸਨ ਕਿ ਮੈਂ ਵਕੀਲ ਬਣਾਂ। ਇੱਕ ਵਕੀਲ ਵਜੋਂ ਆਪਣੇ ਚੈਂਬਰ ਬਣਾਉਣ ਵਿੱਚ ਮੈਨੂੰ 17 ਸਾਲ ਲੱਗ ਗਏ। ਜਸਟਿਸ ਸੰਜੀਵ ਖੰਨਾ ਨੂੰ 11 ਨਵੰਬਰ, 2024 ਨੂੰ ਸੁਪਰੀਮ ਕੋਰਟ ਦਾ ਸੀਜੇਆਈ ਨਿਯੁਕਤ ਕੀਤਾ ਗਿਆ ਸੀ ਅਤੇ ਉਹ ਅੱਜ ਸੇਵਾਮੁਕਤ ਹੋ ਰਹੇ ਹਨ।