ਭਾਊ ਗੈਂਗ ਨੇ ਲਈ ਐਲਵਿਸ਼ ਯਾਦਵ ਦੇ ਘਰ ‘ਤੇ ਗੋਲੀਬਾਰੀ ਦੀ ਜ਼ਿੰਮੇਵਾਰੀ, ਕਿਹਾ – ਸੱਟੇਬਾਜ਼ੀ ਐਪ ਨੇ ਕਈ ਘਰ ਬਰਬਾਦ ਕਰ ਦਿੱਤੇ
Elvish Yadav House Firing Bhau Gang: ਭਾਊ ਗੈਂਗ ਨੇ ਐਤਵਾਰ ਸਵੇਰੇ ਯੂਟਿਊਬਰ ਐਲਵਿਸ਼ ਯਾਦਵ ਦੇ ਘਰ 'ਤੇ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ। ਗੈਂਗ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ। ਪੋਸਟ 'ਚ ਲਿਖਿਆ ਗਿਆ ਸੀ ਕਿ ਐਲਵਿਸ਼ ਨੇ ਸੱਟੇਬਾਜ਼ੀ ਐਪ ਨੂੰ ਪ੍ਰਮੋਟ ਕਰਕੇ ਕਈ ਘਰ ਬਰਬਾਦ ਕਰ ਦਿੱਤੇ ਹਨ।
ਭਾਊ ਗੈਂਗ ਨੇ ਲਈ ਐਲਵਿਸ਼ ਯਾਦਵ ਦੇ ਘਰ 'ਤੇ ਗੋਲੀਬਾਰੀ ਦੀ ਜ਼ਿੰਮੇਵਾਰੀ
ਹਰਿਆਣਾ ਦੇ ਯੂਟਿਊਬਰ ਐਲਵਿਸ਼ ਯਾਦਵ ਦੇ ਘਰ ‘ਤੇ ਗੋਲੀਬਾਰੀ ਦੇ ਮਾਮਲੇ ਸਬੰਧੀ ਇੱਕ ਨਵਾਂ ਖੁਲਾਸਾ ਹੋਇਆ ਹੈ। ਐਤਵਾਰ ਸਵੇਰੇ ਐਲਵਿਸ਼ ਯਾਦਵ ਦੇ ਘਰ ‘ਤੇ ਗੋਲੀਬਾਰੀ ਦੀ ਜ਼ਿੰਮੇਵਾਰੀ ਭਾਊ ਗੈਂਗ ਦੇ ਗੈਂਗਸਟਰ ਨੀਰਜ ਫਰੀਦਪੁਰ ਤੇ ਭਾਊ ਭਾਊ ਰਿਤੋਲੀਆ ਨੇ ਲਈ। ਗੈਂਗ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ। ਗੋਲੀਬਾਰੀ ਦਾ ਕਾਰਨ ਦੱਸਦੇ ਹੋਏ ਉਨ੍ਹਾਂ ਪੋਸਟ ‘ਚ ਲਿਖਿਆ ਕਿ ਐਲਵਿਸ਼ ਨੇ ਸੱਟੇਬਾਜ਼ੀ ਐਪ ਦਾ ਪ੍ਰਚਾਰ ਕਰਕੇ ਕਈ ਘਰ ਬਰਬਾਦ ਕਰ ਦਿੱਤੇ ਹਨ।
ਤੁਹਾਨੂੰ ਦੱਸ ਦੇਈਏ ਕਿ ਐਤਵਾਰ ਸਵੇਰੇ ਗੁਰੂਗ੍ਰਾਮ ‘ਚ ਯੂਟਿਊਬਰ ਐਲਵਿਸ਼ ਯਾਦਵ ਦੇ ਘਰ ‘ਤੇ 25 ਤੋਂ 30 ਰਾਉਂਡ ਫਾਇਰਿੰਗ ਕੀਤੀ ਗਈ ਸੀ। ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਐਲਵਿਸ਼ ਘਰ ‘ਤੇ ਮੌਜੂਦ ਨਹੀਂ ਸੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਪੋਸਟ ‘ਚ ਕੀ ਲਿਖਿਆ?
ਭਾਊ ਗੈਂਗ ਦੁਆਰਾ ਸਾਂਝੀ ਕੀਤੀ ਗਈ ਪੋਸਟ ‘ਚ ਲਿਖਿਆ ਗਿਆ ਹੈ ਕਿ ਅੱਜ ਐਲਵਿਸ਼ ਯਾਦਵ ਦੇ ਘਰ ‘ਤੇ ਜੋ ਗੋਲੀ ਚਲਾਈ ਗਈ ਹੈ, ਉਹ ਨੀਰਜ ਫਰੀਦਪੁਰ ਅਤੇ ਭਾਊ ਰਿਤੋਲੀਆ ਨੇ ਚਲਾਈ ਹੈ। ਅੱਗੇ, ਉਨ੍ਹਾਂ ਲਿਖਿਆ ਕਿ ਅੱਜ ਅਸੀਂ ਆਪਣੇ ਆਪ ਨੂੰ ਉਸ ਨਾਲ ਜਾਣ-ਪਛਾਣ ਕਰਵਾਈ ਹੈ। ਐਲਵਿਸ਼ ਨੇ ਸੱਟੇਬਾਜ਼ੀ ਦਾ ਪ੍ਰਚਾਰ ਕਰਕੇ ਕਈ ਘਰ ਬਰਬਾਦ ਕਰ ਦਿੱਤੇ ਹਨ। ਪੋਸਟ ‘ਚ ਲਿਖਿਆ ਸੀ ਕਿ ਮੈਂ ਇਨ੍ਹਾਂ ਸਾਰੇ ਸੋਸ਼ਲ ਮੀਡੀਆ ਦੇ ਕੀੜਿਆਂ ਨੂੰ ਚੇਤਾਵਨੀ ਦਿੰਦਾ ਹਾਂ ਕਿ ਜੋ ਵੀ ਸੱਟੇਬਾਜ਼ੀ ਦਾ ਪ੍ਰਚਾਰ ਕਰਦਾ ਪਾਇਆ ਜਾਂਦਾ ਹੈ, ਉਸ ਨੂੰ ਕਿਸੇ ਵੀ ਸਮੇਂ ਕਾਲ ਜਾਂ ਗੋਲੀ ਆ ਸਕਦੀ ਹੈ। ਗੈਂਗ ਨੇ ਕਿਹਾ ਕਿ ਜੋ ਵੀ ਸੱਟੇਬਾਜ਼ੀ ‘ਚ ਸ਼ਾਮਲ ਹੈ, ਤਿਆਰ ਰਹੋ। ਫਿਲਹਾਲ ਇਸ ਪੋਸਟ ਦੀ ਪੁਸ਼ਟੀ ਨਹੀਂ ਹੋਈ ਹੈ।
ਗਾਇਕ ਫਾਜ਼ਿਲਪੁਰੀਆ ਦੇ ਘਰ ਵੀ ਗੋਲੀਬਾਰੀ ਕੀਤੀ ਗਈ ਸੀ
ਤੁਹਾਨੂੰ ਦੱਸ ਦੇਈਏ ਕਿ ਐਲਵਿਸ਼ ਯਾਦਵ ਤੋਂ ਪਹਿਲਾਂ ਬਾਲੀਵੁੱਡ ਗਾਇਕ ਫਾਜ਼ਿਲਪੁਰੀਆ ਤੇ ਉਸਦੇ ਫਾਈਨਾਂਸਰ ਦੇ ਘਰ ਵੀ ਗੋਲੀਬਾਰੀ ਹੋ ਚੁੱਕੀ ਹੈ। ਭਾਊ ਗੈਂਗ ਦੇ ਗੈਂਗਸਟਰ ਹਿਮਾਂਸ਼ੂ ਭਾਊ ਨੇ ਵੀ ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਸੀ।
ਜਾਣਕਾਰੀ ਅਨੁਸਾਰ ਗੋਲੀਬਾਰੀ ਸਮੇਂ ਐਲਵਿਸ਼ ਦੀ ਮਾਂ ਤੇ ਕੇਅਰ ਟੇਕਰ ਘਰ ‘ਚ ਮੌਜੂਦ ਸਨ। ਐਲਵਿਸ਼ ਘਰ ‘ਚ ਮੌਜੂਦ ਨਹੀਂ ਸਨ, ਉਹ ਵਿਦੇਸ਼ ਵਿੱਚ ਹਨ। ਐਲਵਿਸ਼ ਦੇ ਪਿਤਾ ਨੇ ਦੱਸਿਆ ਕਿ ਲਗਭਗ 25 ਤੋਂ 30 ਰਾਉਂਡ ਗੋਲੀਆਂ ਚਲਾਈਆਂ ਗਈਆਂ, ਜਦੋਂ ਕਿ ਪੁਲਿਸ ਦਾ ਕਹਿਣਾ ਹੈ ਕਿ ਸਿਰਫ 10-12 ਰਾਉਂਡ ਚਲਾਈਆਂ ਗਈਆਂ। ਗੁਰੂਗ੍ਰਾਮ ਪੁਲਿਸ ਦੇ ਅਨੁਸਾਰ, ਇਹ ਘਟਨਾ ਸ਼ਾਮ 5.30 ਵਜੇ ਦੇ ਕਰੀਬ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਤਿੰਨ ਬਦਮਾਸ਼ ਇੱਕ ਬਾਈਕ ‘ਤੇ ਆਏ ਸਨ, ਜਿਨ੍ਹਾਂ ‘ਚੋਂ ਦੋ ਨੇ ਗੋਲੀਆਂ ਚਲਾ ਦਿੱਤੀਆਂ। ਗਿਰੋਹ ਵੱਲੋਂ ਕੀਤੀ ਗਈ ਗੋਲੀਬਾਰੀ ‘ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।
