G20 Summit: ਅਫਰੀਕਨ ਯੂਨੀਅਨ ਨੂੰ ਬਣਾਇਆ G20 ਦਾ ਮੈਂਬਰ, PM ਮੋਦੀ ਨੇ ਅੱਤਵਾਦ ਅਤੇ ਆਰਥਿਕਤਾ ‘ਤੇ ਕਹੀਆਂ ਵੱਡੀਆਂ ਗੱਲਾਂ

Updated On: 

09 Sep 2023 13:24 PM

G20 Summit 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਸੰਮੇਲਨ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਮੋਰੋਕੋ ਭੂਚਾਲ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਪੀਐਮ ਨੇ ਜੀ-20 ਸਮੂਹ ਵਿੱਚ ਅਫਰੀਕੀ ਯੂਨੀਅਨ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ। ਪੀਐਮ ਮੋਦੀ ਨੇ ਅੱਤਵਾਦ, ਸਾਈਬਰ ਸੁਰੱਖਿਆ ਅਤੇ ਗਲੋਬਲ ਅਰਥਵਿਵਸਥਾ ਬਾਰੇ ਗੱਲ ਕੀਤੀ।

G20 Summit: ਅਫਰੀਕਨ ਯੂਨੀਅਨ ਨੂੰ ਬਣਾਇਆ G20 ਦਾ ਮੈਂਬਰ, PM ਮੋਦੀ ਨੇ ਅੱਤਵਾਦ ਅਤੇ ਆਰਥਿਕਤਾ ਤੇ ਕਹੀਆਂ ਵੱਡੀਆਂ ਗੱਲਾਂ
Follow Us On

ਜੀ-20 ਸੰਮੇਲਨ ਦੇ ਪਹਿਲੇ ਦਿਨ ਪਹਿਲਾ ਸੈਸ਼ਨ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਨੇਤਾਵਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਮੋਰੱਕੋ ਦੇ ਭੂਚਾਲ ਬਾਰੇ ਗੱਲ ਕੀਤੀ, ਜਿੱਥੇ ਭੂਚਾਲ ਵਿੱਚ ਲਗਭਗ 300 ਤੋਂ ਵਧ ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਇਸ ਘੜੀ ਵਿੱਚ ਪੂਰੀ ਦੁਨੀਆ ਮੋਰੱਕੋ ਦੇ ਨਾਲ ਹੈ। ਪੀਐਮ ਮੋਦੀ ਨੇ ਅਫਰੀਕੀ ਯੂਨੀਅਨ ਦੇ ਜੀ-20 ਸਮੂਹ ਵਿੱਚ ਸ਼ਾਮਲ ਹੋਣ ਦਾ ਵੀ ਐਲਾਨ ਕੀਤਾ। ਉਨ੍ਹਾਂ ਯੂਨੀਅਨ ਪ੍ਰਧਾਨ ਨੂੰ ਜੱਫੀ ਪਾ ਕੇ ਵਧਾਈ ਵੀ ਦਿੱਤੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਤੁਹਾਡੀ ਸਾਰਿਆਂ ਦੀ ਸਹਿਮਤੀ ਨਾਲ ਅਫਰੀਕੀ ਯੂਨੀਅਨ ਅੱਜ ਤੋਂ ਜੀ-20 ਦਾ ਸਥਾਈ ਮੈਂਬਰ ਬਣਨ ਜਾ ਰਿਹਾ ਹੈ। ਇਸ ਐਲਾਨ ਨਾਲ ਸਾਰੇ ਆਗੂਆਂ ਨੇ ਤਾੜੀਆਂ ਮਾਰ ਦਿੱਤੀਆਂ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਫਰੀਕੀ ਯੂਨੀਅਨ ਦੇ ਪ੍ਰਧਾਨ ਅਜ਼ਲੀ ਅਸੂਮਾਨੀ ਨੂੰ ਆਪਣੇ ਨਾਲ ਲੈ ਕੇ ਆਏ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਗਲੇ ਲਗਾਇਆ ਅਤੇ ਇਸ ਲਈ ਵਧਾਈ ਦਿੱਤੀ।

ਮੋਰੱਕੋ ਭੂਚਾਲ ‘ਤੇ ਸੰਵੇਦਨਾ ਪ੍ਰਗਟਾਈ

ਪ੍ਰਧਾਨ ਮੰਤਰੀ ਮੋਦੀ ਤੋਂ ਬਾਅਦ ਸਾਰੇ ਗਲੋਬਲ ਨੇਤਾ ਇਕ-ਇਕ ਕਰਕੇ ਆਪਣੇ ਵਿਚਾਰ ਪੇਸ਼ ਕਰਨਗੇ। ਮੋਰੱਕੋ ਦੇ ਭੂਚਾਲ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀ-20 ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਮੋਰੱਕੋ ‘ਚ ਭੂਚਾਲ ਕਾਰਨ ਹੋਏ ਜਾਨ-ਮਾਲ ਦੇ ਨੁਕਸਾਨ ‘ਤੇ ਸੰਵੇਦਨਾ ਪ੍ਰਗਟ ਕਰਨਾ ਚਾਹਾਂਗਾ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸਾਰੇ ਜ਼ਖਮੀ ਜਲਦੀ ਤੋਂ ਜਲਦੀ ਠੀਕ ਹੋ ਜਾਣ। ਭਾਰਤ ਇਸ ਮੁਸ਼ਕਲ ਸਮੇਂ ਵਿੱਚ ਮੋਰੋਕੋ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੀ-20 ਦੇ ਪ੍ਰਧਾਨ ਵਜੋਂ ਭਾਰਤ ਪੂਰੀ ਦੁਨੀਆ ਨੂੰ ਸੱਦਾ ਦਿੰਦਾ ਹੈ। ਇਹ ਸਮਾਂ ਸਾਡੇ ਸਾਰਿਆਂ ਲਈ ਇਕੱਠੇ ਹੋ ਕੇ ਚੱਲਣ ਦਾ ਹੈ। ਇਸ ਲਈ, ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਆਸ ਦਾ ਮੰਤਰ ਸਾਡੇ ਸਾਰਿਆਂ ਲਈ ਮਾਰਗ ਦਰਸ਼ਕ ਬਣ ਸਕਦਾ ਹੈ।

ਵੈਸ਼ਵਿਕ ਅਰਥਵਿਵਸਥਾ ਵਿੱਚ ਉਥਲ-ਪੁਥਲ ਹੋਵੇ, ਉੱਤਰ-ਦੱਖਣੀ ਵੰਡ, ਪੂਰਬ-ਪੱਛਮੀ ਵੰਡ, ਅੱਤਵਾਦ ਅਤੇ ਸਾਈਬਰ ਸੁਰੱਖਿਆ, ਸਿਹਤ, ਊਰਜਾ ਅਤੇ ਜਲ ਸੁਰੱਖਿਆ… ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਲਈ ਸਾਨੂੰ ਠੋਸ ਹੱਲਾਂ ਨਾਲ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਲੋੜ ਹੈ। ਹੱਲ ਲਈ ਅੱਗੇ ਵਧਣਾ ਹੋਵੇਗਾ।