ਦਿੱਲੀ ‘ਚ ਇਕੱਲੇ ਲੜੇਗੀ ਆਮ ਆਦਮੀ ਪਾਰਟੀ…INDIA ਗਠਜੋੜ ‘ਤੇ ਨਜ਼ਰ ਆ ਰਿਹਾ ਹਰਿਆਣਾ ਦੇ ਨਤੀਜਿਆਂ ਦਾ ਅਸਰ
AAP On Delhi Election: ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਉਹ ਸੂਬੇ 'ਚ ਇਕੱਲਿਆਂ ਹੀ ਚੋਣਾਂ ਲੜੇਗੀ। ਪਾਰਟੀ ਦੀ ਤਰਜਮਾਨ ਪ੍ਰਿਅੰਕਾ ਕੱਕੜ ਨੇ ਕਿਹਾ ਕਿ 'ਆਪ' ਦਿੱਲੀ 'ਚ ਆਪਣੇ 10 ਸਾਲਾਂ ਦੇ ਸ਼ਾਸਨ ਦੌਰਾਨ ਕੀਤੇ ਕੰਮਾਂ ਦੇ ਨਾਂ 'ਤੇ ਚੋਣਾਂ ਲੜੇਗੀ।
ਹਰਿਆਣਾ ਅਤੇ ਜੰਮੂ-ਕਸ਼ਮੀਰ ਦੇ ਚੋਣ ਨਤੀਜਿਆਂ ਦਾ ਅਸਰ ਹੁਣ ਹੋਰ ਰਾਜਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਉਹ ਸੂਬੇ ‘ਚ ਇਕੱਲਿਆਂ ਹੀ ਚੋਣਾਂ ਲੜੇਗੀ। ਪਾਰਟੀ ਦੀ ਰਾਸ਼ਟਰੀ ਬੁਲਾਰੇ ਪ੍ਰਿਅੰਕਾ ਕੱਕੜ ਨੇ ਕਿਹਾ, ਅਸੀਂ ਦਿੱਲੀ ਵਿਧਾਨ ਸਭਾ ਚੋਣਾਂ ਇਕੱਲੇ ਲੜਾਂਗੇ। ਇੱਕ ਪਾਸੇ ਅਤਿ ਆਤਮਵਿਸ਼ਵਾਸੀ ਕਾਗਰਸ ਹੈ ਅਤੇ ਦੂਜੇ ਪਾਸੇ ਹੰਕਾਰੀ ਭਾਜਪਾ ਹੈ।
ਕੱਕੜ ਨੇ ਕਿਹਾ ਕਿ ‘ਆਪ’ ਦਿੱਲੀ ‘ਚ ਆਪਣੇ 10 ਸਾਲਾਂ ਦੇ ਸ਼ਾਸਨ ਦੌਰਾਨ ਕੀਤੇ ਕੰਮਾਂ ਦੇ ਨਾਂ ‘ਤੇ ਚੋਣਾਂ ਲੜੇਗੀ। ਪਾਰਟੀ ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ਪਿਛਲੇ 10 ਸਾਲਾਂ ‘ਚ ਰਾਜਧਾਨੀ ‘ਚ ਕੀਤੇ ਗਏ ਕੰਮਾਂ ਦੇ ਨਾਂ ‘ਤੇ ਚੋਣਾਂ ਲੜੇਗੀ। ਹਰਿਆਣਾ ਚੋਣਾਂ ਵਿੱਚ ਕਾਂਗਰਸ ਦੀ ਹਾਰ ਨੂੰ ਲੈ ਕੇ ਉਸ ਨੂੰ ਆਤਮਵਿਸ਼ਵਾਸੀ ਕਰਾਰ ਦਿੱਤਾ ਤਾਂ ਭਾਜਪਾ ਨੂੰ ਹੰਕਾਰੀ ਪਾਰਟੀ ਦੱਸਿਆ।
ਕੀ ਹਨ ਬਿਆਨ ਦੇ ਮਾਇਨੇ?
ਚੋਣ ਨਤੀਜਿਆਂ ਤੋਂ ਅਗਲੇ ਦਿਨ ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਦਾ ਇਹ ਬਿਆਨ ਦਰਸਾਉਂਦਾ ਹੈ ਕਿ ਪਾਰਟੀ ਦਿੱਲੀ ਵਿੱਚ ਗਠਜੋੜ ਦੀ ਕੋਈ ਗੁੰਜਾਇਸ਼ ਨਹੀਂ ਛੱਡਣਾ ਚਾਹੁੰਦੀ। ‘ਆਪ’ ਹਰਿਆਣਾ ਚੋਣਾਂ ‘ਚ ਗਠਜੋੜ ਚਾਹੁੰਦੀ ਸੀ ਪਰ ਅਜਿਹਾ ਨਹੀਂ ਹੋਇਆ ਅਤੇ ਦੋਵੇਂ ਪਾਰਟੀਆਂ ਨੇ ਵੱਖ-ਵੱਖ ਚੋਣਾਂ ਲੜੀਆਂ, ਜਿਸ ਕਾਰਨ ਦੋਵਾਂ ਨੂੰ ਨੁਕਸਾਨ ਉਠਾਉਣਾ ਪਿਆ। ਜਿੱਥੇ ਇੱਕ ਪਾਸੇ ਕਾਂਗਰਸ ਸੂਬੇ ਵਿੱਚ ਚੰਗਾ ਪ੍ਰਦਰਸ਼ਨ ਕਰਨ ਦੇ ਬਾਵਜੂਦ ਬਹੁਮਤ ਤੋਂ ਘੱਟ ਰਹੀ, ਉੱਥੇ ਹੀ ਆਪ ਸੂਬੇ ਵਿੱਚ ਆਪਣਾ ਖਾਤਾ ਵੀ ਖੋਲ੍ਹਣ ਵਿੱਚ ਅਸਫਲ ਰਹੀ।
ਚੋਣਾਂ ਤੋਂ ਪਹਿਲਾਂ ਦੋਵਾਂ ਪਾਰਟੀਆਂ ਵਿਚਾਲੇ ਗਠਜੋੜ ਨੂੰ ਲੈ ਕੇ ਗੱਲਬਾਤ ਚੱਲ ਰਹੀ ਸੀ ਪਰ ਗੱਲ ਸਿਰੇ ਨਹੀਂ ਚੜ੍ਹ ਸਕੀ। ‘ਆਪ’ ਸੂਬੇ ‘ਚ 7-10 ਸੀਟਾਂ ‘ਤੇ ਚੋਣ ਲੜਨਾ ਚਾਹੁੰਦੀ ਸੀ ਪਰ ਕਾਂਗਰਸ ਇੰਨੀਆਂ ਸੀਟਾਂ ਦੇਣ ਲਈ ਤਿਆਰ ਨਹੀਂ ਸੀ। ਸੂਬਾ ਕਾਂਗਰਸ ਇਕਾਈ ਗਠਜੋੜ ਦੇ ਖਿਲਾਫ ਸੀ ਜਿਸ ਕਾਰਨ ਲੰਬੀ ਗੱਲਬਾਤ ਦੇ ਬਾਵਜੂਦ ਗਠਜੋੜ ਨਹੀਂ ਹੋ ਸਕਿਆ।
10 ਸਾਲਾਂ ਤੋਂ ਦਿੱਲੀ ਤੇ ‘ਆਪ’ ਦਾ ਕਬਜਾ
ਦਿੱਲੀ ਵਿੱਚ ਜਲਦੀ ਹੀ ਚੋਣਾਂ ਹੋਣੀਆਂ ਹਨ। ‘ਆਪ’ ਪਿਛਲੇ 10 ਸਾਲਾਂ ਤੋਂ ਕੇਂਦਰ ਸ਼ਾਸਤ ਪ੍ਰਦੇਸ਼ ‘ਤੇ ਰਾਜ ਕਰ ਰਹੀ ਹੈ। ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਸਾਰੇ ਵੱਡੇ ਨੇਤਾ ਸ਼ਰਾਬ ਘੁਟਾਲੇ ‘ਚ ਜ਼ਮਾਨਤ ‘ਤੇ ਬਾਹਰ ਆ ਚੁੱਕੇ ਹਨ। ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਕੇਜਰੀਵਾਲ ਪਾਰਟੀ ਨੂੰ ਪੂਰਾ ਸਮਾਂ ਦੇ ਰਹੇ ਹਨ। ਇਸ ਨਾਲ ਪਾਰਟੀ ਨੂੰ ਉਮੀਦ ਹੈ ਕਿ ਉਹ ਆਉਣ ਵਾਲੀਆਂ ਚੋਣਾਂ ਬਿਨਾਂ ਕਿਸੇ ਗਠਜੋੜ ਤੋਂ ਜਿੱਤੇਗੀ।
ਇਹ ਵੀ ਪੜ੍ਹੋ
ਕਾਂਗਰਸ ਵੱਲੋਂ ਹਰਿਆਣਾ ਚੋਣਾਂ ਵਿੱਚ ਗਠਜੋੜ ਕਰਨ ਤੋਂ ਇਨਕਾਰ ਕਰਨ ਤੋਂ ਵੀ ਪਾਰਟੀ ਨਾਰਾਜ਼ ਹੈ। ਦੋਵੇਂ ਪਾਰਟੀਆਂ ਨੇ ਮਿਲ ਕੇ ਲੋਕ ਸਭਾ ਚੋਣਾਂ ਲੜੀਆਂ ਸਨ, ਪਰ ਕੋਈ ਬਹੁਤੀ ਪ੍ਰਾਪਤੀ ਨਹੀਂ ਹੋ ਸਕੀ ਸੀ। ਭਾਜਪਾ ਨੇ ਸੂਬੇ ਦੀਆਂ ਸਾਰੀਆਂ ਸੀਟਾਂ ਜਿੱਤੀਆਂ ਸਨ।