ਰਾਜਵੀਰ ਜਵੰਦਾ ਦੀ ਫਿਲਮ ਦਾ ਟ੍ਰੇਲਰ ਵੇਖ ਭਾਵੁਕ ਹੋਏ ਔਲਖ, ਬੋਲੇ- ‘ਮੇਰੇ ਸੱਜਣ ਇੰਨ੍ਹੀ ਦੂਰ ਗਏ ਜਿੱਥੋਂ ਵਾਪਿਸ ਕੋਈ ਨਾ ਮੁੜਿਆ ਏ’

Updated On: 

18 Nov 2025 19:49 PM IST

Yamla Movie Trailer Launch: ਰਾਜਵੀਰ ਦੀ ਮਾਂ ਨੇ ਵੀ ਨਮ ਅੱਖਾਂ ਨਾਲ ਲੋਕਾਂ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ, "ਬੇਸ਼ੱਕ ਮੇਰਾ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਹੈ, ਪਰ ਮੈਨੂੰ ਹਮੇਸ਼ਾ ਲੱਗਦਾ ਹੈ ਕਿ ਉਹ ਸਾਡੇ ਨਾਲ ਹੈ। ਮੈਂ ਸਭ ਨੂੰ ਬੇਨਤੀ ਕਰਦੀ ਹਾਂ ਕਿ ਮੇਰੇ ਪੁੱਤ ਦੀ ਫਿਲਮ ਨੂੰ ਆਪਣੇ ਪਰਿਵਾਰਾਂ ਨਾਲ ਦੇਖਣ ਜ਼ਰੂਰ ਜਾਓ।"

ਰਾਜਵੀਰ ਜਵੰਦਾ ਦੀ ਫਿਲਮ ਦਾ ਟ੍ਰੇਲਰ ਵੇਖ ਭਾਵੁਕ ਹੋਏ ਔਲਖ, ਬੋਲੇ- ਮੇਰੇ ਸੱਜਣ ਇੰਨ੍ਹੀ ਦੂਰ ਗਏ ਜਿੱਥੋਂ ਵਾਪਿਸ ਕੋਈ ਨਾ ਮੁੜਿਆ ਏ

ਰਾਜਵੀਰ ਜਵੰਦਾ ਅਤੇ ਮਨਕੀਰਤ ਔਲਖ ਦੀ ਪੁਰਾਣੀ ਤਸਵੀਰ

Follow Us On

Mankirt Aulakh Gets Emotional: ਮਰਹੂਮ ਪੰਜਾਬੀ ਗਾਇਕ ਅਤੇ ਐਕਟਰ ਰਾਜਵੀਰ ਜਵੰਦਾ ਦੀ ਆਖਰੀ ਫਿਲਮ ‘ਯਮਲਾ’ ਦਾ ਟ੍ਰੇਲਰ ਲਾਂਚ ਹੋ ਗਿਆ ਹੈ। ਇਸ ਮੌਕੇ ‘ਤੇ ਉਸ ਸਮੇਂ ਪੂਰਾ ਮਾਹੌਲ ਗਮਗੀਨ ਹੋ ਗਿਆ ਜਦੋਂ ਉਨ੍ਹਾਂ ਦੇ ਕਰੀਬੀ ਦੋਸਤ ਅਤੇ ਮਸ਼ਹੂਰ ਗਾਇਕ ਮਨਕੀਰਤ ਔਲਖ ਮੰਚ ‘ਤੇ ਭਾਵੁਕ ਹੋ ਗਏ।

ਦੱਸ ਦੇਈਏ ਕਿ ਰਾਜਵੀਰ ਜਵੰਦਾ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਇਹ ਫਿਲਮ 28 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ। ਮਨਕੀਰਤ ਨੇ ਰਾਜਵੀਰ ਨੂੰ ਯਾਦ ਕਰਦਿਆਂ ਕਿਹਾ ਕਿ ਸਾਨੂੰ ਸਿਨੇਮਾ ਹਾਲ ਭਰ ਕੇ ਇਹ ਮਹਿਸੂਸ ਕਰਵਾਉਣਾ ਹੈ ਕਿ ਉਹ ਅੱਜ ਵੀ ਸਾਡੇ ਵਿਚਕਾਰ ਹੀ ਹਨ।

“ਨਾ ਖੁਸ਼ੀ, ਨਾ ਚਾਹ ਰਹੀ…”

ਮੰਚ ‘ਤੇ ਰਾਜਵੀਰ ਜਵੰਦਾ ਦੇ ਪੂਰੇ ਪਰਿਵਾਰ ਅਤੇ ਫਿਲਮ ‘ਚ ਭੂਮਿਕਾ ਨਿਭਾ ਰਹੇ ਗੁਰਪ੍ਰੀਤ ਘੁੱਗੀ ਸਣੇ ਕਈ ਹਸਤੀਆਂ ਦੀ ਮੌਜੂਦਗੀ ‘ਚ ਮਨਕੀਰਤ ਔਲਖ ਨੇ ਆਪਣਾ ਦਰਦ ਬਿਆਨ ਕੀਤਾ।

ਉਨ੍ਹਾਂ ਨੇ ਗੀਤਕਾਰ ਜੱਗੀ ਟੋਹੜਾ ਦੇ ਲਿਖੇ ਇੱਕ ਗੀਤ ਦੀਆਂ ਸਤਰਾਂ ਗਾ ਕੇ ਰਾਜਵੀਰ ਨੂੰ ਸ਼ਰਧਾਂਜਲੀ ਦਿੱਤੀ। ਮਨਕੀਰਤ ਨੇ ਕਿਹਾ, “ਨਾ ਖੁਸ਼ੀ, ਨਾ ਚਾਹ ਰਹੀ, ਨਾ ਸੱਜਣ ਰਹੇ ਨਾ ਵਾਹ ਰਹੀ… ਹੋ ਮੇਰੇ ਸੱਜਣ ਏਨੀ ਦੂਰ ਗਏ, ਜਿੱਥੋਂ ਵਾਪਸ ਕੋਈ ਨਾ ਮੁੜਿਆ-ਏ।” (ਜਿਸਦਾ ਮਤਲਬ ਹੈ ਕਿ ਮੇਰਾ ਸੱਜਣ ਏਨੀ ਦੂਰ ਚਲਾ ਗਿਆ ਹੈ, ਜਿੱਥੋਂ ਕੋਈ ਵਾਪਸ ਨਹੀਂ ਆਉਂਦਾ)। ਉਨ੍ਹਾਂ ਦੇ ਇਸ ਗੀਤ ਨੂੰ ਸੁਣ ਕੇ ਉੱਥੇ ਮੌਜੂਦ ਹਰ ਸ਼ਖ਼ਸ ਦੀਆਂ ਅੱਖਾਂ ਨਮ ਹੋ ਗਈਆਂ।

ਲੱਗਾ ਪਾਪਾ ਇੱਥੇ ਹੀ ਖੜ੍ਹੇ ਹਨ- ਅਮਾਨਤ

ਇਸ ਮੌਕੇ ‘ਤੇ ਰਾਜਵੀਰ ਜਵੰਦਾ ਦੀ ਨੰਨ੍ਹੀ ਧੀ ਅਮਾਨਤ ਨੇ ਵੀ ਆਪਣੀਆਂ ਮਾਸੂਮ ਗੱਲਾਂ ਨਾਲ ਸਭ ਨੂੰ ਰੁਆ ਦਿੱਤਾ। ਅਮਾਨਤ ਨੇ ਕਿਹਾ, “ਇਹ ਟ੍ਰੇਲਰ ਅਤੇ ਪੋਸਟਰ ਦੇਖ ਕੇ ਅਜਿਹਾ ਲੱਗ ਰਿਹਾ ਹੈ ਜਿਵੇਂ ਪਾਪਾ ਇੱਥੇ ਹੀ ਖੜ੍ਹੇ ਹਨ ਅਤੇ ਐਕਟਿੰਗ ਕਰ ਰਹੇ ਹਨ। ਮੈਨੂੰ ਬਿਲਕੁਲ ਅਜਿਹਾ ਨਹੀਂ ਲੱਗ ਰਿਹਾ ਕਿ ਉਹ ਇਸ ਦੁਨੀਆ ‘ਚ ਨਹੀਂ ਹਨ। ਉਹ ਮੇਰੇ ਦਿਲ ‘ਚ ਹਨ ਅਤੇ ਮੈਂ ਉਨ੍ਹਾਂ ਲਈ ਰੋਜ਼ ਪਾਠ ਕਰਦੀ ਹਾਂ।”

ਮਾਂ ਦੀ ਅਪੀਲ- ਪਰਿਵਾਰ ਨਾਲ ਜ਼ਰੂਰ ਦੇਖੋ ਫਿਲਮ

ਰਾਜਵੀਰ ਦੀ ਮਾਂ ਨੇ ਵੀ ਨਮ ਅੱਖਾਂ ਨਾਲ ਲੋਕਾਂ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ, “ਬੇਸ਼ੱਕ ਮੇਰਾ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਹੈ, ਪਰ ਮੈਨੂੰ ਹਮੇਸ਼ਾ ਲੱਗਦਾ ਹੈ ਕਿ ਉਹ ਸਾਡੇ ਨਾਲ ਹੈ। ਮੈਂ ਸਭ ਨੂੰ ਬੇਨਤੀ ਕਰਦੀ ਹਾਂ ਕਿ ਮੇਰੇ ਪੁੱਤ ਦੀ ਫਿਲਮ ਨੂੰ ਆਪਣੇ ਪਰਿਵਾਰਾਂ ਨਾਲ ਦੇਖਣ ਜ਼ਰੂਰ ਜਾਓ।”