ਬਾਲੀਵੁੱਡ ਦੇ ਬਹੁਚਰਚਿਤ ਜੋੜੀ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੇ ਵਿਆਹ ਦੇ ਫੰਕਸ਼ਨ ਚੱਲ ਰਹੇ ਹਨ। ਇਸ ਦੌਰਾਨ ਮਹਿੰਦੀ ਦੀ ਰਸਮ ਅਤੇ ਸੰਗੀਤ ਨਾਈਟ ਦੀ ਰਸਮ ਅਦਾ ਕੀਤੀ ਗਈ। ਦੂਜੇ ਪਾਸੇ ਇੱਕ ਵੱਡੀ ਖ਼ਬਰ ਇਹ ਹੈ ਕਿ ਇਹ ਜੋੜਾ 6 ਨਹੀਂ ਸਗੋਂ 7 ਫਰਵਰੀ ਨੂੰ 7 ਫੇਰੇ ਲੈ ਕੇ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗਾ। ਇਸ ਤੋਂ ਪਹਿਲਾਂ ਪਤਾ ਲੱਗਾ ਸੀ ਕਿ ਦੋਵੇਂ 6 ਫਰਵਰੀ ਨੂੰ ਵਿਆਹ ਦੇ ਬੰਧਨ ‘ਚ ਬੱਝ ਜਾਣਗੇ। ਇਸ ਦੌਰਾਨ ਸੰਗੀਤ ਨਾਈਟ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਇਹ ਜੋੜਾ ਮਹਿਮਾਨਾਂ ਨਾਲ ਖੂਬ ਮਸਤੀ ਕਰਦਾ ਨਜ਼ਰ ਆ ਰਿਹਾ ਹੈ।
ਇਹ ਹਸਤੀਆਂ ਪਹੁੰਚੀਆਂ ਜੈਸਲਮੇਰ
ਕਰਨ ਜੌਹਰ, ਮਨੀਸ਼ ਮਲਹੋਤਰਾ, ਸ਼ਾਹਿਦ ਕਪੂਰ ਅਤੇ ਹੋਰ ਮਸ਼ਹੂਰ ਹਸਤੀਆਂ ਐਤਵਾਰ ਦੁਪਹਿਰ ਜੈਸਲਮੇਰ ਪਹੁੰਚੀਆਂ। ਕਿਆਰਾ ਅਡਵਾਨੀ ਦੀ ਖਾਸ ਦੋਸਤ ਦੱਸੀ ਜਾਂਦੀ ਈਸ਼ਾ ਅੰਬਾਨੀ ਵੀ ਇਸ ਵਿਆਹ ‘ਚ ਸ਼ਾਮਲ ਹੋਣ ਲਈ ਜੈਸਲਮੇਰ ਪਹੁੰਚੀ ਹੈ। ਮਹਿਮਾਨਾਂ ਦੇ ਸਵਾਗਤ ਲਈ ਰਾਜਸਥਾਨੀ ਲੋਕ ਨਾਚ ਕਲਾਕਾਰਾਂ ਦਾ ਪ੍ਰਬੰਧ ਕੀਤਾ ਗਿਆ ਸੀ।
ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ‘ਚ ਸਨ, ਵਿਆਹ ਦੇ ਮਾਮਲੇ ‘ਤੇ ਚੁੱਪ ਰਹੇ
ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਲੰਬੇ ਸਮੇਂ ਤੋਂ ਇੱਕ-ਦੂਜੇ ਨਾਲ ਰਿਲੇਸ਼ਨਸ਼ਿਪ ਵਿੱਚ ਸਨ। ਇਨ੍ਹਾਂ ਦੋਵਾਂ ਨੂੰ ਅਕਸਰ ਇਕੱਠਿਆਂ ਪਾਰਟੀਆਂ ‘ਤੇ ਜਾਂਦੇ ਦੇਖਿਆ ਜਾਂਦਾ ਸੀ। ਦੋਵਾਂ ਨੇ ਆਪਣੇ ਵਿਆਹ ਨੂੰ ਮੀਡੀਆ ਤੋਂ ਪੂਰੀ ਤਰ੍ਹਾਂ ਲੁਕੋ ਕੇ ਰੱਖਿਆ। ਜਦੋਂ ਵੀ ਦੋਵਾਂ ਨੂੰ ਵਿਆਹ ਬਾਰੇ ਪੁੱਛਿਆ ਜਾਂਦਾ ਸੀ ਤਾਂ ਦੋਵੇਂ ਟਾਲ ਦਿੰਦੇ ਸਨ। ਪਿਛਲੇ ਦਿਨੀਂ ਵੀ ਜਦੋਂ ਸਿਧਾਰਥ ਤੋਂ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੋਈ ਸਿੱਧਾ ਜਵਾਬ ਨਹੀਂ ਦਿੱਤਾ ਅਤੇ ਕਿਹਾ ਕਿ ਕਿਆਰਾ ਜਲਦ ਹੀ ਇਸ ਬਾਰੇ ਵੱਡਾ ਐਲਾਨ ਕਰੇਗੀ। ਪਰ ਉਸਨੇ ਇਹ ਨਹੀਂ ਦੱਸਿਆ ਕਿ ਉਹ ਫਰਵਰੀ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ।
ਸੂਰਿਆਗੜ੍ਹ ਪੈਲੇਸ ਨੂੰ ਦੁਲਹਨ ਵਾਂਗ ਸਜਾਇਆ ਗਿਆ
ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਨੇ ਮੁੰਬਈ ਦੀ ਹਲਚਲ ਤੋਂ ਦੂਰ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ਨੂੰ ਆਪਣੇ ਵਿਆਹ ਲਈ ਚੁਣਿਆ ਹੈ। ਇਹ ਪੈਲੇਸ ਆਪਣੇ ਆਪ ਵਿੱਚ ਸ਼ਾਨ ਦੀ ਮਿਸਾਲ ਪੇਸ਼ ਕਰਦਾ ਹੈ। ਇਸ ਪੈਲੇਸ ਦੀ ਸ਼ਾਨ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦੇ ਇੱਕ ਕਮਰੇ ਦਾ ਇੱਕ ਦਿਨ ਅਤੇ ਰਾਤ ਦਾ ਕਿਰਾਇਆ ਕਰੀਬ ਇੱਕ ਲੱਖ 30 ਹਜ਼ਾਰ ਰੁਪਏ ਦੱਸਿਆ ਜਾਂਦਾ ਹੈ। ਕਿਆਰਾ ਅਤੇ ਸਿਧਾਰਥ ਦੇ ਵਿਆਹ ਲਈ ਲਗਭਗ 84 ਕਮਰੇ ਬੁੱਕ ਕੀਤੇ ਗਏ ਹਨ। ਵਿਆਹ ਵਿੱਚ ਸ਼ਾਮਲ ਹੋਣ ਵਾਲੇ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਇਨ੍ਹਾਂ ਕਮਰਿਆਂ ਵਿੱਚ ਰਹਿਣਗੇ। ਵੀਨਾ ਨਾਗਦਾ ਨੂੰ ਮਹਿੰਦੀ ਲਈ ਬੁਲਾਇਆ ਗਿਆ ਹੈ। ਜੋ ਦੇਸ਼ ਦੇ ਸਭ ਤੋਂ ਮਸ਼ਹੂਰ ਮਹਿੰਦੀ ਕਲਾਕਾਰਾਂ ਵਿੱਚੋਂ ਇੱਕ ਹੈ। ਵੀਨਾ ਨਾਗਦਾ ਨੇ ਹਾਲ ਹੀ ‘ਚ ਅੰਬਾਨੀ ਪਰਿਵਾਰ ਦੀ ਨੂੰਹ ਰਾਧਿਕਾ ਮਰਚੈਂਟ ਦੇ ਹੱਥਾਂ ‘ਤੇ ਮਹਿੰਦੀ ਲਗਾਈ ਸੀ। ਸੂਰਿਆਗੜ੍ਹ ਪੈਲੇਸ ‘ਚ ਇਸ ਜੋੜੇ ਦੇ ਵਿਆਹ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸੂਰਿਆਗੜ੍ਹ ਪੈਲੇਸ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ।