ਕਪੂਰਥਲਾ ‘ਚ ਤਿੰਨ ਦਿਨਾਂ ਵਿਰਾਸਤੀ ਮੇਲਾ ਰੰਗਾਂ ਨਾਲ ਸਮਾਪਤ, ਕੰਵਰ ਗਰੇਵਾਲ ਦੇ ਗੀਤਾਂ ਨਾਲ ਰੰਗਿਆ ਵਿਰਾਸਤੀ ਮੇਲੇ ਦਾ ਸਮਾਪਨ

Updated On: 

23 Mar 2026 13:59 PM IST

Kapurthala Heritage Festival 2026 : ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਆਯੋਜਿਤ ਤਿੰਨ ਦਿਨਾਂ ਵਿਰਾਸਤੀ ਮੇਲਾ 2026 ਐਤਵਾਰ ਨੂੰ ਸਮਾਪਤ ਹੋ ਗਿਆ। ਸਮਾਪਤੀ ਸਮਾਰੋਹ ਵਿੱਚ ਪ੍ਰਸਿੱਧ ਗਾਇਕ ਕੰਵਰ ਗਰੇਵਾਲ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ।

ਕਪੂਰਥਲਾ ਚ ਤਿੰਨ ਦਿਨਾਂ ਵਿਰਾਸਤੀ ਮੇਲਾ ਰੰਗਾਂ ਨਾਲ ਸਮਾਪਤ, ਕੰਵਰ ਗਰੇਵਾਲ ਦੇ ਗੀਤਾਂ ਨਾਲ ਰੰਗਿਆ ਵਿਰਾਸਤੀ ਮੇਲੇ ਦਾ ਸਮਾਪਨ

ਕੰਵਰ ਗਰੇਵਾਲ ਨੇ ਲਾਈਆਂ ਰੌਣਕਾਂ

ਪੰਜਾਬ ਸਰਕਾਰ ਦੇ ਸੈਰ-ਸਪਾਟਾ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਆਯੋਜਿਤ ਤਿੰਨ ਦਿਨਾਂ ਵਿਰਾਸਤੀ ਮੇਲਾ 2026 ਐਤਵਾਰ ਨੂੰ ਸਮਾਪਤ ਹੋ ਗਿਆ। ਇਸ ਮੇਲੇ ਵਿੱਚ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਖਾਸ ਕਰਕੇ ਕਪੂਰਥਲਾ ਦੀ ਵਿਰਾਸਤ ਨੂੰ ਦਰਸਾਇਆ ਗਿਆ। ਸਮਾਪਤੀ ਸਮਾਰੋਹ ਵਿੱਚ ਪ੍ਰਸਿੱਧ ਗਾਇਕ ਕੰਵਰ ਗਰੇਵਾਲ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ। ਸਮਾਪਤੀ ਸਮਾਰੋਹ ਵਿੱਚ ਆਮ ਆਦਮੀ ਪਾਰਟੀ (AAP) ਦੇ ਹਲਕਾ ਇੰਚਾਰਜ ਕਰਮਬੀਰ ਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੱਜਣ ਸਿੰਘ ਚੀਮਾ, ਐਸਐਸਪੀ ਗੌਰਵ ਤੂਰਾ ਅਤੇ ਕਈ ਹੋਰ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀ ਮੌਜੂਦ ਸਨ।

ਦਰਸ਼ਕਾਂ ਨੇ ਭੰਗੜਾ, ਗਿੱਧਾ ਦਾ ਮਾਣਿਆ ਆਨੰਦ

ਗੁਰੂ ਨਾਨਕ ਸਟੇਡੀਅਮ ਵਿੱਚ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਭੰਗੜਾ, ਗਿੱਧਾ, ਸੰਮੀ, ਢਾਡੀ ਕਲਾ, ਬੋਲੀਆਂ, ਕਵਿਤਾ ਪਾਠ ਅਤੇ ਸਟੈਂਡ-ਅੱਪ ਕਾਮੇਡੀ ਸਮੇਤ ਸੱਭਿਆਚਾਰਕ ਪੇਸ਼ਕਾਰੀਆਂ ਦਾ ਆਨੰਦ ਮਾਣਿਆ। ਇਸ ਤੋਂ ਪਹਿਲਾਂ ਪ੍ਰਸਿੱਧ ਗਾਇਕ ਗੁਰਨਾਮ ਭੁੱਲਰ ਅਤੇ ਸਿਕੰਦਰ ਸਲੀਮ ਨੇ ਵੀ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਤਿਉਹਾਰ ਵਿੱਚ ਪੰਜਾਬੀ ਸੰਗੀਤ, ਡਾਂਸ, ਦਸਤਕਾਰੀ, ਰਵਾਇਤੀ ਪਕਵਾਨ ਅਤੇ ਸੈਲਫੀ ਪੁਆਇੰਟ ਵਰਗੀਆਂ ਕਈ ਗਤੀਵਿਧੀਆਂ ਸ਼ਾਮਲ ਸਨ।

ਸੈਰ-ਸਪਾਟੇ ਨੂੰ ਵੀ ਮਿਲਿਆ ਹੁਲਾਰਾ

ਡੀਸੀ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਇਸ ਤਿਉਹਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਨਾਲ ਜੋੜਨਾ ਹੈ। ਉਨ੍ਹਾਂ ਕਿਹਾ, “ਹੈਰੀਟੇਜ ਫੈਸਟੀਵਲ ਨਾ ਸਿਰਫ਼ ਕਪੂਰਥਲਾ ਦੀ ਵਿਰਾਸਤ ਨੂੰ ਉਜਾਗਰ ਕਰਦਾ ਹੈ ਬਲਕਿ ਸੈਰ-ਸਪਾਟੇ ਨੂੰ ਵੀ ਉਤਸ਼ਾਹਿਤ ਕਰਦਾ ਹੈ।” ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੀ ਵਿਰਾਸਤ ਅਤੇ ਅਮੀਰ ਸੱਭਿਆਚਾਰ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਮਾਗਮ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ, ਅਵਤਾਰ ਸਿੰਘ ਈਸ਼ਰਵਾਲ, ਬਲਵਿੰਦਰ ਸਿੰਘ, ਬੰਟੀ ਐਂਡ ਟੀਮ, ਸਪ੍ਰੂਸ ਡੱਲਾ, ਗੁਰਜੀਤ ਸਿੰਘ ਗੋਰੀ ਜਾਂਗਲਾ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ।

Follow Us