‘ਕੈਰੀ ਆਨ ਜੱਟਾ-4’ ਵਿੱਚ ਮਰਹੂਮ ਜਸਵਿੰਦਰ ਭੱਲਾ ਦਾ AI ਅਵਤਾਰ, ਟੀਜ਼ਰ ‘ਚ ਗਿੱਪੀ ਤੇ ਬਿਨੂੰ ਨੂੰ ਕਿਹਾ- “ਫ਼ਿਲਮ ‘ਚ ਤੁਹਾਡੇ ਤੋਂ ਵੱਧ ਦਿਖਾਂਗਾ”

Updated On: 

20 Mar 2026 16:12 PM IST

ਪੰਜਾਬੀ ਫ਼ਿਲਮ ਇੰਡਸਟਰੀ ਦੇ ਦਿੱਗਜ ਹਾਸਰਸ ਅਦਾਕਾਰ ਜਸਵਿੰਦਰ ਭੱਲਾ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਰਹੇ, ਪਰ ਉਹ ਇੱਕ ਵਾਰ ਫਿਰ ਸਿਨੇਮਾ ਘਰਾਂ ਵਿੱਚ ਆਪਣੀ ਕਾਮੇਡੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਦਿਖਾਈ ਦੇਣਗੇ। ਪੰਜਾਬੀ ਸਿਨੇਮਾ ਦੀ ਸਭ ਤੋਂ ਸਫਲ ਕਾਮੇਡੀ ਫਰੈਂਚਾਈਜ਼ੀ 'ਕੈਰੀ ਆਨ ਜੱਟਾ 4' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਜਿਸ ਵਿੱਚ ਜਸਵਿੰਦਰ ਭੱਲਾ ਦਾ ਕਿਰਦਾਰ ਮੁੜ ਪਰਦੇ 'ਤੇ ਪਰਤਿਆ ਹੈ।

ਕੈਰੀ ਆਨ ਜੱਟਾ-4 ਵਿੱਚ ਮਰਹੂਮ ਜਸਵਿੰਦਰ ਭੱਲਾ ਦਾ AI ਅਵਤਾਰ, ਟੀਜ਼ਰ ਚ ਗਿੱਪੀ ਤੇ ਬਿਨੂੰ ਨੂੰ ਕਿਹਾ- ਫ਼ਿਲਮ ਚ ਤੁਹਾਡੇ ਤੋਂ ਵੱਧ ਦਿਖਾਂਗਾ

Image Credit: @GippyGrewal

ਪੰਜਾਬੀ ਫ਼ਿਲਮ ਇੰਡਸਟਰੀ ਦੇ ਦਿੱਗਜ ਹਾਸਰਸ ਅਦਾਕਾਰ ਜਸਵਿੰਦਰ ਭੱਲਾ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਰਹੇ, ਪਰ ਉਹ ਇੱਕ ਵਾਰ ਫਿਰ ਸਿਨੇਮਾ ਘਰਾਂ ਵਿੱਚ ਆਪਣੀ ਕਾਮੇਡੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਦਿਖਾਈ ਦੇਣਗੇ। ਪੰਜਾਬੀ ਸਿਨੇਮਾ ਦੀ ਸਭ ਤੋਂ ਸਫਲ ਕਾਮੇਡੀ ਫਰੈਂਚਾਈਜ਼ੀ ‘ਕੈਰੀ ਆਨ ਜੱਟਾ 4’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਜਿਸ ਵਿੱਚ ਜਸਵਿੰਦਰ ਭੱਲਾ ਦਾ ਕਿਰਦਾਰ ਮੁੜ ਪਰਦੇ ‘ਤੇ ਪਰਤਿਆ ਹੈ। ਇਹ ਸਭ ਕੁਝ ਆਧੁਨਿਕ ਤਕਨੀਕ ਏਆਈ ਰਾਹੀਂ ਸੰਭਵ ਹੋਇਆ ਹੈ। ਟੀਜ਼ਰ ਦੇ ਨਾਲ ਹੀ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ, ਇਹ ਫ਼ਿਲਮ 26 ਜੂਨ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।

AI ਅਵਤਾਰ ਅਤੇ ਦਮਦਾਰ ਡਾਇਲਾਗ

ਫ਼ਿਲਮ ਦੇ ਟੀਜ਼ਰ ਨੇ ਜਸਵਿੰਦਰ ਭੱਲਾ ਦੇ ਚਾਹੁਣ ਵਾਲਿਆਂ ਵਿੱਚ ਭਾਰੀ ਉਤਸੁਕਤਾ ਪੈਦਾ ਕਰ ਦਿੱਤੀ ਹੈ। ਬਿਨੂੰ ਢਿੱਲੋਂ ਅਤੇ ਗਿੱਪੀ ਗਰੇਵਾਲ ਦੇ ਨਾਲ ਜਸਵਿੰਦਰ ਭੱਲਾ ਦਾ ਕਿਰਦਾਰ ਏਆਈ ਤਕਨੀਕ ਰਾਹੀਂ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਏਆਈ ਰਾਹੀਂ ਉਨ੍ਹਾਂ ਦੀ ਅਸਲੀ ਆਵਾਜ਼ ਵਿੱਚ ਡਾਇਲਾਗ ਵੀ ਸੁਣਾਈ ਦੇ ਰਹੇ ਹਨ। ਟੀਜ਼ਰ ਵਿੱਚ ਜਸਵਿੰਦਰ ਭੱਲਾ ਦਾ ਏਆਈ ਅਵਤਾਰ ਗਿੱਪੀ ਅਤੇ ਬਿਨੂੰ ਨੂੰ ਕਹਿੰਦਾ ਸੁਣਾਈ ਦਿੰਦਾ ਹੈ, “ਅਜੇ ਤਾਂ ਇਹ ਸਿਰਫ਼ ਟੀਜ਼ਰ ਹੈ, ਫ਼ਿਲਮ ਵਿੱਚ ਤੁਹਾਡੇ ਤੋਂ ਵੀ ਜ਼ਿਆਦਾ ਨਜ਼ਰ ਆਵਾਂਗਾ।”

2025 ਵਿੱਚ ਹੋਇਆ ਸੀ ਭੱਲਾ ਦਾ ਦਿਹਾਂਤ

ਜ਼ਿਕਰਯੋਗ ਹੈ ਕਿ ਜਸਵਿੰਦਰ ਭੱਲਾ ਦਾ ਦਿਹਾਂਤ 22 ਅਗਸਤ 2025 ਨੂੰ ਬ੍ਰੇਨ ਸਟ੍ਰੋਕ ਕਾਰਨ ਹੋ ਗਿਆ ਸੀ, ਜਿਸ ਨਾਲ ਪੂਰੀ ਇੰਡਸਟਰੀ ਅਤੇ ਪ੍ਰਸ਼ੰਸਕਾਂ ਨੂੰ ਵੱਡਾ ਸਦਮਾ ਲੱਗਿਆ ਸੀ। ਪਰ ਹੁਣ ‘ਕੈਰੀ ਆਨ ਜੱਟਾ 4’ ਵਿੱਚ ਉਨ੍ਹਾਂ ਦੀ ਏਆਈ ਤਸਵੀਰ ਅਤੇ ਉਨ੍ਹਾਂ ਦਾ ਖ਼ਾਸ ਅੰਦਾਜ਼ ਲੋਕਾਂ ਦੇ ਚਿਹਰਿਆਂ ‘ਤੇ ਮੁੜ ਮੁਸਕਾਨ ਲੈ ਕੇ ਆਵੇਗਾ।

ਸਟਾਰਕਾਸਟ ਵਿੱਚ ਕਾਮੇਡੀ ਦਾ ‘ਪਾਵਰਹਾਊਸ’

ਇਸ ਫ਼ਿਲਮ ਵਿੱਚ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਨਾਮ ਇੱਕਠੇ ਨਜ਼ਰ ਆਉਣਗੇ। ਸਟਾਰਕਾਸਟ ਵਿੱਚ ਗਿੱਪੀ ਗਰੇਵਾਲ, ਬਿਨੂੰ ਢਿੱਲੋਂ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ.ਐਨ. ਸ਼ਰਮਾ, ਪੁਖਰਾਜ ਭੱਲਾ ਅਤੇ ਸ਼ਿੰਦਾ ਗਰੇਵਾਲ ਵਰਗੇ ਦਿੱਗਜ ਕਲਾਕਾਰ ਸ਼ਾਮਲ ਹਨ। ਟੀਜ਼ਰ ਵਿੱਚ ਪੁਰਾਣੀ ਸ਼ੈਲੀ ਦੀ ਫੈਮਿਲੀ ਕਾਮੇਡੀ, ਭੰਬਲਭੂਸੇ ਅਤੇ ਮਜ਼ੇਦਾਰ ਪੰਚਾਂ ਦੀ ਝਲਕ ਸਾਫ਼ ਦੇਖਣ ਨੂੰ ਮਿਲ ਰਹੀ ਹੈ।

ਪੁਰਾਣੇ ਡਾਇਲਾਗਸ ਦੀ ਗੂੰਜ

ਟੀਜ਼ਰ ਵਿੱਚ ਜਸਵਿੰਦਰ ਭੱਲਾ ਦੇ ਮਸ਼ਹੂਰ ਡਾਇਲਾਗਸ ਜਿਵੇਂ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ, ਚੰਡੀਗੜ੍ਹ ਢੇਹ ਜਾਊ ਪਿੰਡਾਂ ਜੋਗਾ ਤਾਂ ਰਹਿ ਜਾਊ, ਅਤੇ ਭਾਵੇਂ ਫੋਟੋ ਟੰਗੀ ਹੈ ਕੰਧ ‘ਤੇ ਫਿਰ ਵੀ ਔਲਾਦ ਰੱਖੂੰਗਾ ਚੰਡ ਕੇ ਦੁਬਾਰਾ ਸੁਣ ਕੇ ਪ੍ਰਸ਼ੰਸਕ ਭਾਵੁਕ ਵੀ ਹੋ ਰਹੇ ਹਨ ਅਤੇ ਉਤਸ਼ਾਹਿਤ ਵੀ। ਖ਼ਾਸ ਤੌਰ ‘ਤੇ ਟੀਜ਼ਰ ਵਿੱਚ ਭੱਲਾ ਵੱਲੋਂ ਗਿੱਪੀ ਅਤੇ ਬਿਨੂੰ ਦੇ ਥੱਪੜ ਮਾਰ ਕੇ ਆਪਣੇ ਹੋਣ ਦਾ ਅਹਿਸਾਸ ਕਰਵਾਉਣਾ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

‘ਕੈਰੀ ਆਨ ਜੱਟਾ 3’ ਨੇ ਬਾਕਸ ਆਫਿਸ ‘ਤੇ ਕਈ ਇਤਿਹਾਸਕ ਰਿਕਾਰਡ ਬਣਾਏ ਸਨ, ਇਸ ਲਈ ਚੌਥੇ ਭਾਗ ਤੋਂ ਵੀ ਦਰਸ਼ਕਾਂ ਨੂੰ ਬਹੁਤ ਉਮੀਦਾਂ ਹਨ। ਫਿਲਹਾਲ ਟੀਜ਼ਰ ਨੇ ਸੋਸ਼ਲ ਮੀਡੀਆ ‘ਤੇ ਧੂਮ ਮਚਾ ਦਿੱਤੀ ਹੈ ਅਤੇ ਹੁਣ ਹਰ ਕਿਸੇ ਦੀਆਂ ਨਜ਼ਰਾਂ 26 ਜੂਨ ‘ਤੇ ਟਿਕੀਆਂ ਹੋਈਆਂ ਹਨ।

Follow Us