ਸ਼ੁਸੀਲ ਕੁਮਾਰ ਰਿੰਕੂ
ਲੋਕ ਸਭਾ ਚੋਣਾਂ ਲਈ ਭਾਜਪਾ ਵੱਲੋਂ ਐਲਾਨੇ ਗਏ ਉਮੀਦਵਾਰਾਂ ਵਿੱਚ ਇੱਕ ਨਾਮ ਸੁਸ਼ੀਲ ਕੁਮਾਰ ਰਿੰਕੂ ਦਾ ਵੀ ਹੈ। ਰਿੰਕੂ ਜਲੰਧਰ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਸਾਂਸਦ ਬਣੇ ਸਨ ਪਰ ਕੁੱਝ ਦਿਨ ਪਹਿਲਾਂ ਹੀ ਉਹ ਆਮ ਆਦਮੀ ਪਾਰਟੀ ਛੱਡ ਭਾਜਪਾ ਵਿੱਚ ਸਾਮਿਲ ਹੋ ਗਏ। ਹੁਣ ਉਹਨਾਂ ਨੂੰ ਭਾਜਪਾ ਨੇ ਜਲੰਧਰ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵੀ ਉਹਨਾਂ ਨੂੰ ਜਲੰਧਰ ਸੀਟ ਤੋਂ ਉਮੀਦਵਾਰ ਬਣਾਇਆ ਸੀ। ਪਰ ਫਿਰ ਵੀ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ।
ਸੁਸ਼ੀਲ ਰਿੰਕੂ ਦਾ ਸਿਆਸੀ ਸਫ਼ਰ
ਰਿੰਕੂ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕਾਂਗਰਸ ਦੀ ਨੌਜਵਾਨ ਜੱਥੇਬੰਦੀ NSUI ਤੋਂ ਕੀਤੀ ਉਹ ਸਾਲ 1990 ਵਿੱਚ ਸਰਗਰਮ ਮੈਂਬਰ ਰਹੇ। ਰਿੰਕੂ 1994 ਵਿੱਚ ਡੀਏਵੀ ਕਾਲਜ ਦੀ ਗੁਰੂ ਰਵਿਦਾਸ ਦੀ ਕਲਚਰਲ ਸੁਸਾਇਟੀ ਦੇ ਪ੍ਰਧਾਨ ਚੁਣੇ ਗਏ। ਇਸ ਤੋਂ ਬਾਅਦ ਉਹਨਾਂ ਨੇ 2006 ਵਿੱਚ ਨਗਰ ਨਿਗਮ ਦੀ ਚੋਣ ਲੜੀ ਅਤੇ ਕੌਂਸਲਰ ਚੁਣੇ ਗਏ।
ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਨੂੰ ਪਾਰਟੀ ਨੇ ਜਲੰਧਰ ਵੈਸਟ ਹਲਕੇ ਤੋਂ ਉਮੀਦਵਾਰ ਬਣਾਇਆ ਅਤੇ ਉਹ ਜਿੱਤ ਕੇ ਵਿਧਾਨ ਸਭਾ ਪਹੁੰਚੇ। ਕਾਂਗਰਸ ਨੇ 2022 ਵਿੱਚ ਉਹਨਾਂ ਤੇ ਮੁੜ ਵਿਸ਼ਵਾਸ ਜਤਾਇਆ ਪਰ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਤੋਂ ਬਾਅਦ ਉਹ ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਲੋਕ ਸਭਾ ਦੀ ਜ਼ਿਮਨੀ ਚੋਣ ਜਿੱਤਕੇ ਸੰਸਦ ਪਹੁੰਚੇ। ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਮੁੜ 2024 ਦੀਆਂ ਚੋਣਾਂ ਵਿੱਚ ਉਮੀਦਵਾਰ ਬਣਾਇਆ ਪਰ ਚੋਣਾਂ ਤੋਂ ਪਹਿਲਾਂ ਹੀ ਉਹਨਾਂ ਨੇ ਪਾਰਟੀ ਬਦਲ ਲਈ ਅਤੇ ਭਾਜਪਾ ਵਿੱਚ ਸ਼ਾਮਲ ਹੋ ਗਏ। ਹੁਣ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਉਹ ਭਾਜਪਾ ਦੇ ਉਮੀਦਵਾਰ ਵਜੋਂ ਚੋਣ ਲੜਦੇ ਨਜ਼ਰ ਆਉਣਗੇ।
ਕਿੰਨੀ ਕੁ ਮੁਸ਼ਕਿਲ ਹੋਵੇਗੀ ਜਲੰਧਰ ਦੀ ਜੰਗ ?
ਭਾਜਪਾ ਵਿੱਚ ਸ਼ਾਮਿਲ ਹੋਣ ਦੇ ਨਾਲ ਰਿੰਕੂ ਨੂੰ ਐਂਟੀ ਇਨਕੰਬੈਂਸੀ ਤੋਂ ਫਾਇਦਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਜਲੰਧਰ ਵਿੱਚ ਸ਼ਹਿਰੀ ਅਤੇ ਭਾਜਪਾਈ ਵੋਟ ਕਿਤੇ ਨਾ ਕਿਤੇ ਰਿੰਕੂ ਦੇ ਹੱਕ ਵਿੱਚ ਭੁਗਤ ਸਕਦਾ ਹੈ। ਪਰ ਇਹ ਜਿੰਨਾ ਅਸਾਨ ਲੱਗਦਾ ਹੈ ਉਹਨਾਂ ਅਸਾਨ ਹੈ ਨਹੀਂ। ਸਾਨੂੰ ਨਾਲ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਜਲੰਧਰ ਦਾ ਲੋਕ ਸਭਾ ਹਲਕਾ ਕਿਸੇ ਸਮੇਂ ਕਾਂਗਰਸ ਦਾ ਗੜ੍ਹ ਹੁੰਦਾ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਸਭ ਤੋਂ ਜ਼ਿਆਦਾ 32.9 ਫੀਸਦ ਵੋਟ ਸ਼ੇਅਰ ਮਤਲਬ ਕਰੀਬ 3 ਲੱਖ 68 ਹਜ਼ਾਰ ਵੋਟਾਂ ਮਿਲੀਆਂ ਸਨ। ਜਦੋਂਕਿ ਦੂਜੇ ਨੰਬਰ ‘ਤੇ ਆਮ ਆਦਮੀ ਪਾਰਟੀ ਰਹੀ ਸੀ ਜਿਸ ਨੂੰ 28.3 ਫੀਸਦ ਕਰੀਬ 3 ਲੱਖ 17 ਹਜ਼ਾਰ ਵੋਟਾਂ ਮਿਲੀਆਂ ਸਨ।
ਇਹਨਾਂ ਚੋਣਾਂ ਵਿੱਚ ਭਾਜਪਾ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਚੌਥੇ ਨੰਬਰ ‘ਤੇ ਰਹੀ। ਜਿਸ ਨੂੰ ਮਹਿਜ਼ 10.9 ਫੀਸਦ ਮਤਲਬ 1 ਲੱਖ 22 ਹਜ਼ਾਰ ਵੋਟਾਂ ਮਿਲੀਆਂ ਸਨ। ਭਾਜਪਾ ਨੂੰ ਸਭ ਤੋਂ ਜ਼ਿਆਦਾ ਵੋਟਾਂ ਜਲੰਧਰ ਉੱਤਰੀ ਤੋਂ ਮਿਲੀਆਂ ਸਨ ਜਦੋਂ ਸਭ ਤੋਂ ਘੱਟ ਵੋਟਾਂ ਸ਼ਾਹਕੋਟ ਤੋਂ ਮਿਲੀਆਂ ਸਨ ਜੋਕਿ ਪੂਰਾ ਪੇਂਡੂ ਇਲਾਕਾ ਹੈ। ਇਸ ਤੋਂ ਇਲਾਵਾ ਫਿਲੌਰ, ਨਕੋਦਰ, ਅਤੇ ਆਦਮਪੁਰ ਵਿੱਚ ਭਾਜਪਾ ਦਾ ਖਾਤਾ ਨਹੀਂ ਸੀ ਖੁੱਲ੍ਹਿਆ। ਇਹ ਅੰਕੜੇ ਕਿਤੇ ਨਾ ਕਿਤੇ ਰਿੰਕੂ ਅਤੇ ਭਾਜਪਾ ਨੂੰ ਕਾਫ਼ੀ ਪ੍ਰੇਸ਼ਾਨ ਕਰਨਗੇ। ਪਰ ਫਿਰ ਵੀ ਰਿੰਕੂ ਨੂੰ ਉਮੀਦ ਹੈ ਕਿ ਜਲੰਧਰ ਵੈਸਟ ਜੋ ਉਹਨਾਂ ਦਾ ਆਪਣਾ ਹਲਕਾ ਰਿਹਾ ਹੈ। ਜਿੱਥੋ ਮੌਜੂਦਾ ਸਮੇਂ ਵਿੱਚ ਸੀਤਲ ਅੰਗੂਰਾਲ ਵਿਧਾਇਕ ਹਨ। ਉੱਥੋ ਚੰਗੀਆਂ ਵੋਟਾਂ ਪ੍ਰਾਪਤ ਕਰ ਸਕਦੇ ਹਨ। ਜਿਸ ਨਾਲ ਭਾਜਪਾ ਨੂੰ ਓਵਰ ਆਲ ਫਾਇਦਾ ਮਿਲੇਗਾ।
ਜਲੰਧਰ ਵੈਸਟ ਸੀਟ
2022 ਦੀਆਂ ਵਿਧਾਨ ਸਭਾ ਚੋਣਾਂ ਰਿੰਕੂ ਨੇ ਕਾਂਗਰਸ ਤਾਂ ਅੰਗੁਰਾਲ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜੀ ਸੀ। ਉਸ ਸਮੇਂ ਰਿੰਕੂ ਨੂੰ 34,960 ਵੋਟਾਂ ਅਤੇ ਅੰਗੂਰਾਲ ਨੂੰ 39,213 ਵੋਟਾਂ ਮਿਲੀਆਂ ਸਨ। ਜੋ 74 ਹਜ਼ਾਰ ਦੇ ਕਰੀਬ ਬਣਦੀਆਂ ਹਨ ਜਦੋਂ ਕਿ ਉਸ ਸਮੇਂ ਭਾਜਪਾ ਦੇ ਉਮੀਦਵਾਰ ਨੂੰ 33,486 ਵੋਟਾਂ ਮਿਲੀਆਂ ਸਨ। ਜੇਕਰ ਅਸੀਂ ਸਾਨੂੰ ਜੋੜ ਲਾਈਏ ਤਾਂ ਅੰਕੜਾ 1 ਲੱਖ ਦੇ ਲਾਗੇ ਪਹੁੰਚ ਜਾਂਦਾ ਹੈ। ਇਸ ਚੋਣਾਂ ਵਿੱਚ ਰਿੰਕੂ, ਅੰਗੂਰਾਲ ਅਤੇ ਭਾਜਪਾ ਦੀ ਇਹੀ ਕੋਸ਼ਿਸ ਰਹੇਗੀ ਕਿ ਘੱਟੋਂ ਘੱਟ 70 ਤੋਂ 75 ਹਜ਼ਾਰ ਵੋਟਾਂ ਇਸ ਹਲਕੇ ਵਿੱਚ ਪ੍ਰਾਪਤ ਕੀਤੀਆਂ ਜਾਣ ਤਾਂ ਜੋ ਪੇਂਡੂ ਇਲਾਕਿਆਂ ਦਾ ਮੁਕਾਬਲਾ ਕੀਤਾ ਜਾ ਸਕੇ।