ਸੁਖਪਾਲ ਸਿੰਘ ਖਹਿਰਾ
ਸੰਗਰੂਰ ਦੀ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਨੇ ਪੰਜਾਬ ਦੇ ਵੱਡੇ ਸਿਆਸੀ ਚਿਹਰੇ ਸੁਖਪਾਲ ਸਿੰਘ ਖਹਿਰਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਸੁਖਪਾਲ ਖਹਿਰਾ ਕਾਂਗਰਸ ਦੇ ਉਹਨਾਂ ਲੀਡਰਾਂ ਵਿੱਚੋਂ ਇੱਕ ਹਨ ਜੋ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ਼ ਮੁਖਰ ਹੋਕੇ ਬੋਲ ਰਹੇ ਹਨ। ਕੁੱਝ ਕੁ ਮਹੀਨੇ ਪਹਿਲਾਂ ਤੱਕ ਸੁਖਪਾਲ ਖਹਿਰਾ ਜੇਲ੍ਹ ਵਿੱਚ ਸਨ। ਖਹਿਰਾ ਨੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ਼ ਸਿਆਸੀ ਬਦਲਖੌਰੀ ਦੇ ਇਲਜ਼ਾਮ ਲਗਾਏ ਸਨ।
ਸੁਖਪਾਲ ਖਹਿਰਾ ਦਾ ਸਿਆਸੀ ਸਫ਼ਰ
ਸੁਖਪਾਲ ਖਹਿਰਾ ਦਾ ਜਨਮ ਸਾਲ 1965 ਵਿੱਚ ਕਪੂਰਥਲਾ ਵਿੱਚ ਹੋਇਆ ਸੀ। ਉਹਨਾਂ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਪਿੰਡ ਰਾਮਗੜ੍ਹ ਦੇ ਸਰਪੰਚ ਵਜੋਂ ਕੀਤੀ। ਉਹ ਸਾਲ 1994 ਵਿੱਚ ਸਰਪੰਚ ਚੁਣੇ ਗਏ। ਇਸ ਤੋਂ ਬਾਅਦ ਉਹਨਾਂ ਨੂੰ ਕਾਂਗਰਸ ਨੇ 1997 ਵਿੱਚ ਯੂਥ ਕਾਂਗਰਸ ਦਾ ਉੱਪ ਪ੍ਰਧਾਨ ਬਣਾਇਆ। ਇਸ ਸਾਲ ਉਹਨਾਂ ਨੇ ਚੋਣ ਲੜੀ ਪਰ ਹਾਰ ਦਾ ਸਾਹਮਣਾ ਕਰਨਾ ਪਿਆ। ਸਾਲ 1999 ਵਿੱਚ ਉਹ ਪੰਜਾਬ ਕਾਂਗਰਸ ਕਮੇਟੀ ਦੇ ਸਕੱਤਰ ਬਣੇ।
ਖਹਿਰਾ ਸਾਲ 2006 ਵਿੱਚ ਕੇਂਦਰੀ ਸਹਿਕਾਰੀ ਬੈਂਕ ਕਪੂਰਥਲਾ ਦੇ ਨਿਰਦੇਸ਼ਕ ਚੁਣੇ ਗਏ। ਸਾਲ 1997 ਅਤੇ 2002 ਵਿੱਚ ਅਸਫ਼ਲ ਰਹਿਣ ਤੋਂ ਬਾਅਦ ਖਹਿਰਾ 2007 ਵਿੱਚ ਖਹਿਰਾ ਭੁਲੱਥ ਹਲਕੇ ਤੋਂ ਪਹਿਲੀ ਵਾਰ ਵਿਧਾਨ ਸਭਾ ਦੇ ਮੈਂਬਰ ਬਣੇ। ਪਰ ਦਸੰਬਰ 2014 ਵਿੱਚ ਉਹਨਾਂ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਅਤੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ।
ਸਾਲ 2017 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਜਿੱਤੇ ਅਤੇ ਵਿਧਾਨ ਸਭਾ ਵਿੱਚ ਵਿਰੋਧੀਧਿਰ ਦੇ ਲੀਡਰ ਬਣੇ ਪਰ ਅਗਲੇ ਹੀ ਸਾਲ 2018 ਵਿੱਚ ਉਹਨਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਦੇ ਇਲਜ਼ਾਮ ਵਿੱਚ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ।
ਇਸ ਤੋਂ ਬਾਅਦ ਮੁੜ ਖਹਿਰਾ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਅਤੇ ਸਾਲ 2022 ਦੀਆਂ ਚੋਣਾਂ ਵਿੱਚ ਭੁਲੱਥ ਹਲਕੇ ਤੋਂ ਤੀਜੀ ਵਾਰ ਵਿਧਾਨ ਸਭਾ ਦੇ ਮੈਂਬਰ ਬਣੇ। ਜੁਲਾਈ 2022 ਵਿੱਚ ਉਹਨਾਂ ਨੂੰ ਆਲ ਇੰਡੀਆ ਕਿਸਾਨ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ। ਹੁਣ ਖਹਿਰਾ ਨੂੰ ਪਾਰਟੀ ਨੇ ਸੰਗਰੂਰ ਹਲਕੇ ਤੋਂ ਉਮੀਦਵਾਰ ਬਣਾਇਆ ਹੈ। ਹੁਣ ਦੇਖਣਾ ਹੋਵੇਗਾ ਕਿ ਉਹ ਸੰਗਰੂਰ ਦੇ ਲੋਕਾਂ ਦੀਆਂ ਉਮੀਦਾਂ ‘ਤੇ ਖਰ੍ਹੇ ਉੱਤਰ ਸਕਣਗੇ ਜਾਂ ਨਹੀਂ।