ਰਵਨੀਤ ਸਿੰਘ ਬਿੱਟੂ
ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਅਖਾੜਾ ਭਖ ਗਿਆ ਹੈ। ਵੱਖੋ ਵੱਖਰੀਆਂ ਸਿਆਸੀ ਪਾਰਟੀਆਂ ਆਪਣੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਰਹੀਆਂ ਹਨ। ਭਾਜਪਾ ਵੱਲੋਂ ਐਲਾਨੀ ਗਈ ਸੂਚੀ ਵਿੱਚ ਖਾਸ ਗੱਲ ਇਹ ਹੈ ਕਿ 3 ਵੱਡੀਆਂ ਸੀਟਾਂ ਤੇ ਐਲਾਨੇ ਗਏ ਉਮੀਦਵਾਰ ਦੂਜੀਆਂ ਪਾਰਟੀਆਂ ਛੱਡ ਪਾਰਟੀ ਵਿੱਚ ਸ਼ਾਮਿਲ ਹੋਏ ਹਨ, ਜਦੋਂਕਿ ਭਾਜਪਾ ਵੱਲੋਂ ਆਪਣੇ ਕਿਸੇ ਮੌਜੂਦਾ ਸਾਂਸਦ ਜਾਂ ਦਿੱਗਜ਼ ਚਿਹਰੇ ਨੂੰ ਮੈਦਾਨ ਵਿੱਚ ਨਹੀਂ ਉਤਾਰਿਆ ਗਿਆ ਹੈ।
ਐਲਾਨੇ ਗਏ ਉਮੀਦਵਾਰਾਂ ਵਿੱਚ ਇੱਕ ਨਾਮ ਰਵਨੀਤ ਸਿੰਘ ਬਿੱਟੂ ਦਾ ਹੈ। ਬਿੱਟੂ ਨੂੰ ਲੁਧਿਆਣਾ ਸੀਟ ਤੋਂ ਭਾਜਪਾ ਨੇ ਉਮੀਦਵਾਰ ਬਣਾਇਆ ਹੈ। ਉਹ ਇਸ ਸੀਟ ਤੋਂ ਮੌਜੂਦਾ ਸਾਂਸਦ ਹਨ ਅਤੇ ਕੁੱਝ ਕੁ ਦਿਨ ਪਹਿਲਾਂ ਹੀ ਕਾਂਗਰਸ ਛੱਡ ਉਹ ਭਾਜਪਾ ਵਿੱਚ ਸ਼ਾਮਿਲ ਹੋਏ ਹਨ। ਹੁਣ ਉਹਨਾਂ ਨੂੰ ਭਾਜਪਾ ਨੇ ਆਪਣਾ ਉਮੀਦਵਾਰ ਬਣਾਇਆ ਹੈ।
ਰਵਨੀਤ ਬਿੱਟੂ ਦਾ ਸਿਆਸੀ ਸਫ਼ਰ
ਰਵਨੀਤ ਬਿੱਟੂ ਨੂੰ ਸਿਆਸਤ ਵਿਰਾਸਤ ਵਿੱਚ ਮਿਲੀ ਸੀ। ਉਹਨਾਂ ਦੇ ਦਾਦਾ ਬੇਅੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ। ਉਸ ਤੋਂ ਬਾਅਦ ਉਹਨਾਂ ਨੇ ਕਾਂਗਰਸ ਦੀ ਟਿਕਟ ਤੋਂ 2009 ਵਿੱਚ ਪਹਿਲੀ ਚੋਣ ਲੜੀ। ਪਾਰਟੀ ਨੇ ਉਹਨਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ। ਜਿੱਥੋਂ ਜਿੱਤ ਕੇ ਉਹ ਪਹਿਲੀ ਵਾਰ ਸੰਸਦ ਪੁੱਜੇ। ਇਸ ਤੋਂ ਬਾਅਦ ਅਗਲੀਆਂ ਚੋਣਾਂ (2014) ਵਿੱਚ ਉਹਨਾਂ ਦੀ ਸੀਟ ਬਦਲ ਦਿੱਤੀ ਗਈ। ਉਹਨਾਂ ਨੂੰ ਲੁਧਿਆਣਾ ਸੀਟ ਤੋਂ ਮੈਦਾਨ ਵਿੱਚ ਉਤਾਰਿਆ ਗਿਆ। ਐਥੇ ਵੀ ਬਿੱਟੂ ਨੇ ਆਪਣਾ ਦਬਦਬਾ ਕਾਇਮ ਰੱਖਿਆ।
ਸਾਲ 2019 ਵਿੱਚ ਜਿੱਥੇ ਦੇਸ਼ ਭਰ ਵਿੱਚ ਭਾਜਪਾ ਦੀ ਲਹਿਰ ਦਿਖਾਈ ਦੇ ਰਹੀ ਸੀ ਤਾਂ ਉੱਥੇ ਹੀ ਬਿੱਟੂ ਨੇ ਕਾਂਗਰਸ ਵੱਲੋਂ ਚੋਣ ਜਿੱਤ ਕੇ ਹੈਟ੍ਰਿਕ ਲਗਾਈ। ਕਾਂਗਰਸ ਵੱਲੋਂ ਉਹ ਪਾਰਲੀਮੈਂਟ ਵਿੱਚ ਵੀ ਲਗਾਤਾਰ ਭਖਵੇਂ ਮੁੱਦੇ ਚੁੱਕਦੇ ਰਹੇ। ਹੁਣ ਅਚਾਨਕ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਜੁਆਇਨ ਕਰਨ ਨੂੰ ਲੈ ਕੇ ਹਰ ਕੋਈ ਹੈਰਾਨ ਹੈ। ਦੱਸ ਦੇਈਏ ਕਿ ਉਹ 26 ਮਾਰਚ 2024 ਨੂੰ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ। ਹੁਣ ਉਹਨਾਂ ਨੂੰ ਭਾਜਪਾ ਨੇ ਲੁਧਿਆਣਾ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਰਵਨੀਤ ਬਿੱਟੂ ਲੁਧਿਆਣਾ ਸੀਟ ਤੇ ਜਿੱਥੇ ਜਿੱਤ ਦੀ ਹੈਟ੍ਰਿਕ ਲਗਾਉਣਾ ਚਾਹੁਣਗੇ, ਪਰ ਕਾਂਗਰਸ ਦਾ ਗੜ੍ਹ ਹੋਣ ਕਰਕੇ ਉਹਨਾਂ ਦਾ ਐਥੇ ਜਿੱਤਣਾ ਐਨਾ ਸੋਖਾ ਵੀ ਨਹੀਂ ਹੋਵੇਗਾ।
ਕਿੰਨਾ ਸੌਖਾ- ਕਿੰਨਾ ਔਖਾ ਲੁਧਿਆਣਾ ਦਾ ਰਣ ?
ਰਵਨੀਤ ਬਿੱਟੂ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਜਿਹੜਾ ਸਵਾਲ ਹਰ ਕਿਸੇ ਦੀ ਜ਼ੁਬਾਨ ‘ਤੇ ਜਿਉਂ ਦਾ ਤਿਉਂ ਹੈ। ਉਹ ਹੈ ਕੀ ਰਵਨੀਤ ਬਿੱਟੂ ਮੁੜ ਚੋਣ ਜਿੱਤ ਕੇ ਲੁਧਿਆਣਾ ਵਿੱਚ ਹੈਟ੍ਰਿਕ ਲਗਾ ਸਕਣਗੇ। ਇਸ ਦਾ ਜਵਾਬ ਤਾਂ ਸਾਨੂੰ 4 ਜੂਨ ਨੂੰ ਮਿਲ ਜਾਵੇਗਾ ਪਰ ਉਸ ਤੋ ਪਹਿਲਾਂ ਅਸੀਂ ਇਹ ਅੰਦਾਜ਼ਾ ਜ਼ਰੁਰ ਲਗਾ ਸਕਦੇ ਹਾਂ ਕਿ ਇਹ ਰਾਹ ਕਿੰਨੀ ਕੁ ਮੁਸ਼ਕਿਲ ਹੋਵੇਗੀ।
ਬੇਸ਼ੱਕ ਭਾਜਪਾ ਵਿੱਚ ਜਾਣ ਨਾਲ ਰਵਨੀਤ ਬਿੱਟੂ ਨੂੰ ਐਂਟੀ ਇਨਕਬੈਂਸੀ ਤੋਂ ਕੁੱਝ ਰਾਹਤ ਜ਼ਰੂਰ ਮਿਲੇਗੀ। ਪਰ ਅਜੇ ਵੀ ਬਹੁਤ ਸਾਰੇ ਲੋਕ ਖਾਸ ਕਰਕੇ ਕਾਂਗਰਸੀ ਵਰਕਰ ਰਵਨੀਤ ਬਿੱਟੂ ਨਾਲ ਨਰਾਜ਼ ਲਾਜ਼ਮੀ ਹੋਣਗੇ। ਕਿਉਂਕਿ ਇਹੀ ਸਮਾਂ ਸੀ ਜਦੋਂ ਉਹਨਾਂ ਨੇ ਜ਼ਮੀਨੀ ਪੱਧਰ ਤੇ ਘਰ ਘਰ ਜਾਕੇ ਰਵਨੀਤ ਬਿੱਟੂ ਲਈ ਵੋਟਾਂ ਮੰਗੀਆਂ ਸਨ। ਪਰ ਇਸ ਦੇ ਨਾਲ ਹੀ ਬਿੱਟੂ ਨੂੰ ਫਾਇਦਾ ਭਾਜਪਾ ਵਰਕਰਾਂ ਦਾ ਵੀ ਮਿਲੇਗਾ ਇਸ ਤੋਂ ਇਲਾਵਾ ਉਹਨਾਂ ਨੂੰ ਹਿੰਦੂ ਵੋਟ ਅਤੇ ਸ਼ਹਿਰੀ ਬਣੀਆ ਵੋਟ ਵੀ ਬਿੱਟੂ ਦੇ ਹੱਕ ਵਿੱਚ ਭੁਗਤ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਬਿੱਟੂ ਨੂੰ ਇਸਦਾ ਸਿੱਧਾ ਫਾਇਦਾ ਹੋਵੇਗਾ।
ਪੁਰਾਣੇ ਯਾਰ ਹੁਣ ਹੋਣਗੇ ਵਿਰੋਧੀ
ਪਿਛਲੇ ਦਿਨੀਂ ਇੱਕ ਮੀਡੀਆ ਅਦਾਰੇ ਨੂੰ ਦਿੱਤੇ ਇੰਟਰਵਿਊ ਵਿੱਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਸੀ ਕਿ ਬਿੱਟੂ ਦੇ ਆਲੇ ਦੁਆਲੇ ਭਾਜਪਾ ਦੇ ਸੈਂਕੜੇ ਵਰਕਰ ਜ਼ਰੂਰ ਹੋਣਗੇ ਪਰ ਜਦੋਂ ਉਹ ਆਪਣਾ ਦੋਸਤ ਲੱਭਣ ਦੀ ਕੋਸ਼ਿਸ ਕਰਨਗੇ ਉਹਨਾਂ ਨੂੰ ਉੱਥੇ ਨਾ ਆਸ਼ੂ ਲੱਭੇਗਾ ਅਤੇ ਨਾ ਹੀ ਡਾਵਰ।
ਇਸ ਤੋਂ ਇਲਾਵਾ ਆਸ਼ੂ ਨੇ ਕਿਹਾ ਕਿ ਜੇਕਰ ਪਾਰਟੀ ਨੇ ਚਾਹਿਆ ਤਾਂ ਉਹ ਚੋਣਾਂ ਵਿੱਚ ਬਿੱਟੂ ਦਾ ਮੁਕਾਬਲਾ ਕਰਨ ਲਈ ਤਿਆਰ ਹਨ। ਹੁਣ ਦੇਖਣਾ ਹੋਵੇਗਾ ਕਿ ਲੁਧਿਆਣਾ ਦੀ ਲੋਕ ਸਭਾ ਚੋਣ ਵਿੱਚ ਬਿੱਟੂ ਦੇ ਮੁਕਾਬਲੇ ਵਿੱਚ ਕਾਂਗਰਸ ਕਿਸ ਨੂੰ ਚੋਣ ਮੈਦਾਨ ਵਿੱਚ ਲੈਕੇ ਆਉਂਦੀ ਹੈ।
ਕੀ ਬਿੱਟੂ ਨੂੰ ਮਿਲੇਗਾ ਬੈਂਸ ਭਰਾਵਾਂ ਦਾ ਸਾਥ?
ਲੁਧਿਆਣਾ ਵਿੱਚ ਬੈਂਸ ਭਰਾਵਾਂ ਦਾ ਪ੍ਰਭਾਵ ਅਤੇ ਉਹਨਾਂ ਦੀਆਂ ਪਿਛਲੇ ਕੁੱਝ ਸਮੇਂ ਤੋਂ ਭਾਜਪਾ ਨਾਲ ਨਜ਼ਦੀਕੀਆਂ ਕਿਸੇ ਤੋਂ ਲੁਕੀਆਂ ਹੋਣੀਆਂ ਨਹੀਂ ਹਨ। ਤਾਂ ਅਜਿਹੇ ਵਿੱਚ ਵਿੱਚ ਸਵਾਲ ਖੜ੍ਹਾ ਹੁੰਦਾ ਹੈ ਕਿ ਬੈਂਸ ਭਰਾ ਭਾਜਪਾ ਨੂੰ ਤਾਂ ਸਮਰਥਨ ਦੇ ਦੇਣਗੇ ਪਰ ਕੀ ਉਹ ਬਿੱਟੂ ਨੂੰ ਆਪਣਾ ਸਮਰਥਨ ਦੇ ਸਕਣਗੇ।