ਰਾਜਵਿੰਦਰ ਸਿੰਘ
ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਵਿੱਚ ਫਰੀਦਕੋਟ ਤੋਂ ਰਾਜਵਿੰਦਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਰਾਜਵਿੰਦਰ ਸਿੰਘ ਦਾ ਪਰਿਵਾਰ ਟਕਸਾਲੀ ਅਕਾਲੀ ਹੈ। ਉਹਨਾਂ ਦੇ ਪਿਤਾ ਸ਼ੀਤਲ ਸਿੰਘ ਮੋਗਾ ਦੇ ਧਰਮਕੋਟ ਵਿਧਾਨ ਸਭਾ ਹਲਕੇ ਤੋਂ 3 ਵਾਰ ਵਿਧਾਇਕ ਰਹੇ ਹਨ।
ਰਾਜਵਿੰਦਰ ਸਿੰਘ ਦਾ ਸਿਆਸੀ ਸਫ਼ਰ
ਰਾਜਵਿੰਦਰ ਸਿੰਘ ਦਾ ਸਬੰਧ ਮੋਗਾ ਦੇ ਟਕਸਾਲੀ ਅਕਾਲੀ ਪਰਿਵਾਰ ਨਾਲ ਹੈ। ਉਹਨਾਂ ਦੇ ਦਾਦਾ ਅਤੇ ਪਿਤਾ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਸਨ। ਰਾਜਵਿੰਦਰ ਸਿੰਘ ਨੇ ਵੀ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਕੀਤੀ। ਉਹ 2010 ਤੋਂ 2012 ਤੱਕ ਯੂਥ ਅਕਾਲੀ ਦਲ ਪੰਜਾਬ ਦੇ ਉੱਪ ਪ੍ਰਧਾਨ ਰਹੇ। ਰਾਜਵਿੰਦਰ ਸਿੰਘ ਪੇਸ਼ੇ ਵਜੋਂ ਰੀਅਲ ਅਸਟੇਟ ਕਾਰੋਬਾਰੀ ਹਨ।
2019 ਦੀਆਂ ਲੋਕ ਸਭਾ ਚੋਣਾਂ
ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਫ਼ਰੀਦਕੋਟ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੂਜੇ ਨੰਬਰ ਤੇ ਰਹੀ। ਇਹਨਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਨੂੰ ਕਰੀਬ 3 ਲੱਖ 34 ਹਜ਼ਾਰ ਵੋਟਾਂ ਮਿਲੀਆਂ। ਜਦੋਂਕਿ ਕਾਂਗਰਸ ਉਮੀਦਵਾਰ ਮੁਹੰਮਦ ਸਦੀਕ ਨੂੰ ਕਰੀਬ 4 ਲੱਖ 17 ਹਜ਼ਾਰ ਵੋਟਾਂ ਮਿਲੀਆਂ ਅਤੇ ਉਹ ਵੱਡੇ ਫ਼ਰਕ ਨਾਲ ਇਸ ਸੀਟ ਤੋਂ ਜਿੱਤਕੇ ਲੋਕ ਸਭਾ ਪਹੁੰਚੇ। ਜਦੋਂ ਤੀਜੇ ਨੰਬਰ ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋ. ਸਾਧੂ ਸਿੰਘ ਨੂੰ 1 ਲੱਖ 14 ਹਜ਼ਾਰ ਵੋਟਾਂ ਹਾਸਿਲ ਹੋਈਆਂ।
ਜੇਕਰ ਗੱਲ ਪਿਛਲੀਆਂ ਵਿਧਾਨ ਸਭਾ ਚੋਣਾਂ ਦੀ ਕਰੀਏ ਤਾਂ ਲੋਕ ਸਭਾ ਹਲਕੇ ਫ਼ਰੀਦਕੋਟ ਅੰਦਰ ਪੈਂਦੀਆਂ 9 ਵਿਧਾਨ ਸਭਾ ਸੀਟਾਂ ‘ਤੇ 8 ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤਕੇ ਵਿਧਾਇਕ ਬਣੇ ਸਨ ਜਦੋਂਕਿ ਇੱਕ ਸੀਟ ਕਾਂਗਰਸ ਦੇ ਹਿੱਸੇ ਆਈ ਸੀ। ਇਸ ਸੀਟ ਤੋਂ ਕਾਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਿੱਤੇ ਸਨ।
ਇਸ ਵਾਰ ਦੀਆਂ ਚੋਣਾਂ ਵਿੱਚ ਰਾਜਵਿੰਦਰ ਸਿੰਘ ਦਾ ਮੁਕਾਬਲਾ ਪੰਜਾਬੀ ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਨਾਲ ਹੋਵੇਗਾ। ਇਸ ਤੋਂ ਇਲਾਵਾ ਉਹਨਾਂ ਨਾਲ ਮੁਕਾਬਲਾ ਕਿਸੇ ਸਮੇਂ ਅਕਾਲੀ ਦਲ ਦੀ ਭਾਈਵਾਲ ਰਹੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸ ਰਾਜ ਹੰਸ ਨਾਲ ਹੋਵੇਗਾ। ਕਰਮਜੀਤ ਅਨਮੋਲ ਨੂੰ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਫਾਇਦਾ ਮਿਲ ਸਕਦਾ ਹੈ ਤਾਂ ਉੱਥੇ ਹੀ ਰਾਜਵਿੰਦਰ ਸਿੰਘ ਨੂੰ ਇਹਨਾਂ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਪਾਰਟੀ ਦੇ ਨਾਲ ਨਾਲ ਆਪਣੀ ਵੀ ਸਾਖ ਬਚਾਉਣੀ ਹੋਵੇਗੀ।