ਪਵਨ ਕੁਮਾਰ ਟੀਨੂੰ
2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਸਿਆਸੀ ਅਦਲ ਬਦਲ ਕਾਫ਼ੀ ਦੇਖਿਆ ਗਿਆ। ਕਈ ਲੀਡਰ ਇੱਕ ਪਾਰਟੀ ਛੱਡ ਦੂਜੀ ਵਿੱਚ ਸ਼ਾਮਿਲ ਹੁੰਦੇ ਦਿਖਾਈ ਦਿੱਤੇ। ਕੀ ਟਕਸਾਲੀ ਲੀਡਰ ਹਾਈਕਮਾਂਡ ਤੋਂ ਨਰਾਜ਼ ਹੁੰਦੇ ਦਿਖਾਈ ਦਿੱਤੇ। ਜਿਸ ਨਤੀਜਾ ਇਹ ਹੋਇਆ ਕਿ ਸਿਆਸੀ ਪਾਰਟੀਆਂ ਨੇ ਦਲ ਬਦਲੂ ਲੀਡਰਾਂ ਨੂੰ ਲੋਕ ਸਭਾ ਦੀਆਂ ਟਿਕਟਾਂ ਦੇ ਦਿੱਤੀਆਂ।
ਇਸ ਸਿਆਸੀ ਅਦਲ ਬਦਲ ਦਾ ਇੱਕ ਵੱਡਾ ਅਸਰ ਜਲੰਧਰ ਵਿੱਚ ਵੀ ਦਿਖਾਈ ਦਿੱਤਾ। ਹੁਣ ਸ਼੍ਰੋਮਣੀ ਅਕਾਲੀ ਦਲ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਪਵਨ ਕੁਮਾਰ ਟੀਨੂੰ ਨੂੰ ਆਮ ਆਦਮੀ ਪਾਰਟੀ ਨੇ ਜਲੰਧਰ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਹੁਣ ਟੀਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ ਵੋਟਾਂ ਮੰਗਦੇ ਨਜ਼ਰ ਆਉਣਗੇ।
ਪਵਨ ਟੀਨੂੰ ਦਾ ਸਿਆਸੀ ਸਫ਼ਰ
ਪਵਨ ਕੁਮਾਰ ਟੀਨੂੰ ਦੁਆਬਾ ਇਲਾਕੇ ਵਿੱਚ ਇੱਕ ਵੱਡਾ ਸਿਆਸੀ ਦਲਿਤ ਚਿਹਰਾ ਹਨ। ਉਹਨਾਂ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਬਹੁਜਨ ਸਮਾਜ ਪਾਰਟੀ ਨਾਲ ਜੁੜ ਕੇ ਕੀਤੀ। ਪਵਨ ਟੀਨੂੰ ਨੇ ਸਾਲ 2012 ਵਿੱਚ ਬਹੁਜਨ ਸਮਾਜ ਪਾਰਟੀ ਦਾ ਪੱਲਾ ਛੱਡ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਅਤੇ 2012 ਵਿੱਚ ਹੀ ਪਹਿਲੀ ਵਾਰ ਆਦਮਪੁਰ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਜਿੱਤੇ।
ਟੀਨੂੰ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ 2014 ਵਿੱਚ ਲੋਕ ਸਭਾ ਦੀ ਚੋਣ ਲੜੇ ਪਰ ਕਾਂਗਰਸੀ ਉਮੀਦਵਾਰ ਕੋਲੋਂ ਕਰੀਬ 70 ਹਜ਼ਾਰ ਦੇ ਵੋਟਾਂ ਦੇ ਫ਼ਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਪਵਨ ਕੁਮਾਰ ਟੀਨੂੰ ਨੇ 2017 ਵਿੱਚ ਮੁੜ ਵਿਧਾਨ ਸਭਾ ਦੀ ਚੋਣ ਲੜੀ ਅਤੇ ਵਿਧਾਇਕ ਚੁਣੇ ਗਏ। ਸਾਲ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਮੁੜ ਤੋਂ ਆਪਣਾ ਉਮੀਦਵਾਰ ਬਣਾਇਆ ਪਰ ਇਸ ਵਾਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਟੀਨੂੰ ਨੂੰ ਕਾਂਗਰਸੀ ਉਮੀਦਵਾਰ ਸੁਖਵਿੰਦਰ ਸੁੱਖੀ ਨੇ ਹਰਾਇਆ।
ਇਸ ਤੋਂ ਬਾਅਦ ਸਾਲ 2023 ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦੀ ਮੈਂਬਰਸ਼ਿਪ ਦਵਾਈ। ਹੁਣ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਜਲੰਧਰ ਤੋਂ ਉਮੀਦਵਾਰ ਬਣਾਇਆ ਗਿਆ ਹੈ। ਦੇਖਣਾ ਹੋਵੇਗਾ ਕਿ ਟੀਨੂੰ ਆਮ ਆਦਮੀ ਪਾਰਟੀ ਦੀ ਟਿਕਟ ਤੇ ਲੋਕ ਸਭਾ ਦੀਆਂ ਪੌੜੀਆਂ ਚੜ੍ਹ ਸਕਣਗੇ ਜਾਂ ਫਿਰ ਨਹੀਂ।