ਪ੍ਰਨੀਤ ਕੌਰ
ਪੰਜਾਬ ਵਿੱਚ ਭਾਜਪਾ ਲਗਾਤਾਰ ਆਪਣਾ ਅਧਾਰ ਬਣਾਉਣ ਦੀ ਕੋਸ਼ਿਸ ਵਿੱਚ ਲੱਗੀ ਹੋਈ ਹੈ। ਦਰਅਸਲ ਭਾਜਪਾ ਦਾ ਅਸਲੀ ਨਿਸ਼ਾਨਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਹਨ। ਇਸ ਲਈ ਲੋਕ ਸਭਾ ਚੋਣਾਂ ਤਾਂ ਸਿਰਫ਼ ਅਭਿਆਸ ਮੈਚ ਵਾਂਗ ਹਨ। ਪਰ ਭਾਜਪਾ ਨੇ ਇਸ ਮੁਕਾਬਲੇ ਲਈ ਆਪਣੀ ਫੀਲਡ ਸਜਾਉਣੀ ਸ਼ੁਰੂ ਕਰ ਦਿੱਤੀ ਹੈ। 2024 ਦੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਵੱਲੋਂ ਪਟਿਆਲਾ ਸੀਟ ਤੋਂ ਮੌਜੂਦਾ ਸਾਂਸਦ ਪ੍ਰਨੀਤ ਕੌਰ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਛੱਡਣ ਤੋਂ ਬਾਅਦ ਪ੍ਰਨੀਤ ਕੌਰ ਕਾਂਗਰਸ ਵਿੱਚ ਸਰਗਰਮ ਨਹੀਂ ਸਨ। ਕਾਂਗਰਸ ਵੱਲੋਂ ਵੀ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਸੀ। ਜਿਸ ਤੋਂ ਬਾਅਦ ਉਹਨਾਂ ਨੇ ਪਿਛਲੇ ਦਿਨੀਂ ਕਾਂਗਰਸ ਤੋਂ ਅਸਤੀਫਾ ਦੇ ਕੇ ਭਾਜਪਾ ਵਿੱਚ ਦਾ ਪੱਲਾ ਫੜ੍ਹ ਲਿਆ ਸੀ। ਪਹਿਲਾਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਹੋ ਸਕਦਾ ਹੈ ਕਿ ਕੈਪਟਨ ਦੀ ਬੇਟੀ ਜੈਇੰਦਰ ਕੌਰ ਨੂੰ ਮੈਦਾਨ ਵਿੱਚ ਉਤਾਰਿਆ ਜਾਵੇ ਪਰ ਅਜਿਹਾ ਨਹੀਂ ਹੋਇਆ।
ਪ੍ਰਨੀਤ ਕੌਰ ਦਾ ਸਿਆਸੀ ਸਫ਼ਰ
ਪ੍ਰਨੀਤ ਕੌਰ ਦਾ ਸਬੰਧ ਪਟਿਆਲਾ ਦੇ ਸ਼ਾਹੀ ਰਾਜਘਰਾਣੇ ਨਾਲ ਹੈ। ਉਹ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਹਨ। ਇਸ ਤੋਂ ਪਹਿਲਾਂ ਕਾਂਗਰਸ ਦੀ ਟਿਕਟ ਤੇ ਚੋਣ ਲੜਦੇ ਰਹੇ ਹਨ। ਪਰ ਇਸ ਵਾਰ ਪਹਿਲੀ ਵਾਰ ਹੋਵੇਗਾ ਜਦੋਂ ਪ੍ਰਨੀਤ ਕੌਰ ਭਾਜਪਾ ਦੇ ਨਿਸ਼ਾਨ ਤੇ ਚੋਣ ਲੜਦੇ ਨਜ਼ਰ ਆਉਣਗੇ।
ਪ੍ਰਨੀਤ ਕੌਰ ਨੇ ਆਪਣਾ ਪਹਿਲੀ ਲੋਕ ਸਭਾ ਚੋਣ 1999 ਵਿੱਚ ਜਿੱਤੀ। ਇਸ ਤੋਂ ਬਾਅਦ 2004, 2009 ਅਤੇ 2019 ਵਿੱਚ ਉਹ ਇਸ ਸੀਟ ਤੋਂ ਜਿੱਤ ਕੇ ਪਾਰਲੀਮੈਂਟ ਪਹੁੰਚੇ। ਪਰ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕਾਂਗਰਸ ਨੇ ਉਹਨਾਂ ਨੂੰ ਡਾ. ਮਨਮੋਹਨ ਸਿੰਘ ਦੀ ਸਰਕਾਰ ਸਮੇਂ ਵਿਦੇਸ਼ ਰਾਜ ਮੰਤਰੀ ਬਣਾਇਆ ਸੀ।
ਅਜਿਹੇ ਵਿੱਚ ਹੁਣ ਜਦੋਂ ਪ੍ਰਨੀਤ ਕੌਰ ਜਿੱਥੇ ਕਾਂਗਰਸ ਦਾ ਹੱਥ ਛੱਡ ਚੁੱਕੇ ਹਨ ਤਾਂ ਵੀ ਉਹਨਾਂ ਲਈ ਵੀ ਪਟਿਆਲਾ ਤੋਂ ਜਿੱਤ ਐਨੀ ਸੋਖੀ ਨਹੀਂ ਹੋਵੇਗੀ। ਬੇਸ਼ੱਕ ਇਸ ਸੀਟ ਤੋਂ ਉਹਨਾਂ ਦਾ ਪਰਿਵਾਰ ਲਗਾਤਾਰ ਜਿੱਤਦਾ ਆ ਰਿਹਾ ਹੈ। ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਰਾ ਦਿੱਤਾ ਸੀ ਅਤੇ ਹੁਣ ਮੁੜ ਡਾ. ਬਲਬੀਰ ਚੋਣ ਮੈਦਾਨ ਵਿੱਚ ਹਨ। ਇਸ ਵਾਰ ਉਹਨਾਂ ਦਾ ਮੁਕਾਬਲਾ ਕੈਪਟਨ ਅਮਰਿੰਦਰ ਦੀ ਥਾਂ ਪ੍ਰਨੀਤ ਕੌਰ ਨਾਲ ਹੋਵੇਗਾ।
ਪੁਰਾਣਾ ਵੋਟ ਬੈਂਕ ਬਚਾਉਣਾ ਵੱਡੀ ਚੁਣੌਤੀ
ਬੇਸ਼ੱਕ ਪ੍ਰਨੀਤ ਕੌਰ ਨੇ ਕਮਲ ਦੇ ਨਿਸ਼ਾਨ ‘ਤੇ ਚੋਣ ਲੜਣ ਦਾ ਮਨ ਤਾਂ ਬਣਾ ਲਿਆ ਹੈ ਪਰ ਉਹਨਾਂ ਨੂੰ ਆਪਣੇ ਵੋਟ ਬੈਂਕ ਨੂੰ ਖੌਰਾ ਲੱਗਣ ਦਾ ਡਰ ਵੀ ਲਾਜ਼ਮੀ ਹੋਵੇਗਾ। ਕਿਉਂਕਿ ਕਾਂਗਰਸੀ ਲੀਡਰ ਹੋਣ ਦੇ ਨਾਮ ‘ਤੇ ਉਹਨਾਂ ਨੂੰ ਕਾਂਗਰਸੀ ਵਰਕਰਾਂ ਦਾ ਭਰਭੂਰ ਸਾਥ ਮਿਲਦਾ ਸੀ। ਪਰ ਹੁਣ ਭਾਜਪਾ ਉਮੀਦਵਾਰ ਬਣਕੇ ਉਹਨਾਂ ਨੂੰ ਕਿੰਨਾ ਕੁ ਸਾਥ ਮਿਲੇਗਾ ਇਹ ਤਾਂ ਚੋਣਾਂ ਦੇ ਨਤੀਜ਼ਿਆਂ ਤੋਂ ਬਾਅਦ ਹੀ ਪਤਾ ਲੱਗੇਗਾ। ਪਟਿਆਲਾ ਵਿੱਚ ਕੰਬੋਜ਼ ਭਾਈਚਾਰੇ ਦੀ ਵੋਟ ਕਾਫੀ ਅਹਿਮੀਅਤ ਰੱਖਦੀ ਹੈ। ਜਿਸ ਦਾ ਵੱਡਾ ਹਿੱਸਾ ਕਾਂਗਰਸ ਦੇ ਹੱਕ ਵਿੱਚ ਭੁਗਤਦਾ ਹੈ ਤਾਂ ਅਜਿਹੇ ਵਿੱਚ ਦੇਖਣਾ ਹੋਵੇਗਾ ਕਿ ਪ੍ਰਨੀਤ ਕੌਰ ਉਸ ਵਿੱਚ ਕਿੰਨੀ ਕੁ ਸੇਂਧਮਾਰੀ ਕਰ ਸਕਣਗੇ।
ਕਦੇ ਆਪਣੇ ਸੀ ਹੁਣ ਬੇਗਾਨੇ...
ਲੋਕ ਸਭਾ ਚੋਣਾਂ ਵਿੱਚ ਪ੍ਰਨੀਤ ਕੌਰ ਨੂੰ ਸਿਆਸੀ ਤੌਰ ‘ਤੇ ਸਭ ਤੋਂ ਜ਼ਿਆਦਾ ਨੁਕਸਾਨ ਉਹੀ ਆਗੂ ਪਹੁੰਚਾਉਣਗੇ ਜੋ ਕਦੇ ਉਹਨਾਂ ਨਾਲ ਮੰਚ ਸਾਂਝਾ ਕਰਦੇ ਰਹੇ ਹਨ। ਇਹਨਾਂ ਆਗੂਆਂ ਵਿੱਚ ਮਦਨ ਲਾਲ ਜਲਾਲਪੁਰ, ਹਰਦਿਆਲ ਸਿੰਘ ਕੰਬੋਜ਼, ਸਾਧੂ ਸਿੰਘ ਧਰਮਸੋਤ, ਲਾਲ ਸਿੰਘ ਅਤੇ ਬ੍ਰਹਮ ਮੋਹਿੰਦਰਾ ਦਾ ਨਾਮ ਸ਼ਾਮਿਲ ਹੈ। ਇਹ ਆਗੂਆਂ ਦੀ ਆਪਣੇ ਆਪਣੇ ਇਲਾਕੇ ਵਿੱਚ ਜ਼ਮੀਨੀ ਅਧਾਰ ਚੰਗਾ ਹੈ ਅਜਿਹੇ ਵਿੱਚ ਇਹ ਆਗੂ ਪ੍ਰਨੀਤ ਕੌਰ ਅੱਗੇ ਇਹ ਕਾਫੀ ਚੁਣੌਤੀ ਪੇਸ਼ ਕਰ ਸਕਦੇ ਹਨ।
ਡਿਵਾਇਡੇਡ ਵੋਟ ਦਾ ਫਾਇਦਾ ਲੈਣਾ ਚਾਹੁਣਗੇ ਪ੍ਰਨੀਤ ਕੌਰ
ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਗੱਠਜੋੜ ਨਹੀਂ ਹੋਇਆ ਹੈ। ਅਜਿਹੇ ਵਿੱਚ ਇੱਕ ਗੱਲ ਤਾਂ ਸਪੱਸ਼ਟ ਹੈ ਕਿ ਦੋਵੇ ਪਾਰਟੀਆਂ ਆਪਣੇ ਆਪਣੇ ਉਮੀਦਵਾਰ ਐਲਾਣਗੀਆਂ। ਜੇਕਰ ਅਜਿਹਾ ਹੁੰਦਾ ਹੈ ਤਾਂ ਪਟਿਆਲਾ ਵਿੱਚ ਵੋਟ ਕਈ ਹਿੱਸਿਆਂ ਵਿੱਚ ਵੰਡਿਆ ਜਾਵੇਗਾ। ਜਿਸ ਵਿੱਚ ਕਾਂਗਰਸ, ਅਕਾਲੀ ਦਲ, ਭਾਜਪਾ, ਆਮ ਆਦਮੀ ਪਾਰਟੀ ਤੋਂ ਇਲਾਵਾ ਹੋਰ ਉਮੀਦਵਾਰ ਸ਼ਾਮਿਲ ਰਹਿਣਗੇ ਤਾਂ ਅਜਿਹੇ ਵਿੱਚ ਬਹੁਤ ਘੱਟ ਵੋਟਾਂ ਵਾਲੇ ਉਮੀਦਵਾਰ ਵੀ ਚੋਣ ਜਿੱਤ ਸਕਦੇ ਹਨ।