ਪਰਮਪਾਲ ਕੌਰ ਸਿੱਧੂ
ਬਠਿੰਡਾ ਤੋਂ BJP ਨੇ ਪਰਮਪਾਲ ਕੌਰ ਸਿੱਧੂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਭਾਰਤੀ ਜਨਤਾ ਪਾਰਟੀ ਜਿੱਥੇ ਲੋਕ ਸਭਾ ਚੋਣਾਂ ਰਾਹੀਂ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿੱਚ ਜੁਟ ਗਈ ਹੈ ਤਾਂ ਉੱਥੇ ਹੀ ਭਾਜਪਾ ਵੱਲੋਂ ਮਾਲਵਾ ਇਲਾਕੇ ਵਿੱਚ ਦਾਖਲ ਹੋਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਕਿਉਂਕਿ ਮਾਲਵਾ ਉਹ ਰਾਹ ਹੈ ਜੋ ਪਿੰਡਾਂ ਤੋਂ ਹੁੰਦਿਆਂ ਮੁੱਖ ਮੰਤਰੀ ਦੀ ਕੁਰਸੀ ਤੱਕ ਜਾਂਦਾ ਹੈ। ਜੇਕਰ ਕੋਈ ਪਾਰਟੀ ਪੰਜਾਬ ਦੀ ਸੱਤਾ ਵਿੱਚ ਆਉਣਾ ਚਾਹੁੰਦੀ ਹੈ ਤਾਂ ਉਸ ਲਈ ਮਾਲਵਾ ਦੇ ਇਲਾਕੇ ਵਿੱਚ ਜਿੱਤ ਹਾਸਿਲ ਕਰਨਾ ਲਾਜ਼ਮੀ ਹੈ। ਜਿਸ ਨੂੰ ਲੈਕੇ ਭਾਜਪਾ ਨੇ ਵੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਬਠਿੰਡਾ ਲੋਕ ਸਭਾ ਸੀਟ ‘ਤੇ ਭਾਜਪਾ ਵੱਲੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤੀ ਜਨਤਾ ਪਾਰਟੀ ਨੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਾਲੂਕਾ ਦੀ ਨੂੰਹ ਅਤੇ ਸਾਬਕਾ IAS ਅਧਿਕਾਰੀ ਪਰਮਪਾਲ ਕੌਰ ਸਿੱਧੂ ਨੂੰ ਟਿਕਟ ਦਿੱਤੀ ਹੈ। ਉਹਨਾਂ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਕੁੱਝ ਦਿਨ ਪਹਿਲਾਂ ਹੀ ਆਈ. ਏ. ਐੱਸ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ।
ਪਰਮਪਾਲ ਕੌਰ ਸਿੱਧੂ ਦਾ ਆਪਣਾ ਕੋਈ ਸਿਆਸੀ ਪਿਛੋਕੜ ਨਹੀਂ ਹੈ ਪਰ ਉਹਨਾਂ ਦਾ ਪਰਿਵਾਰ ਪੰਜਾਬ ਦੀ ਸਿਆਸਤ ਵਿੱਚ ਐਕਟਿਵ ਰਿਹਾ ਹੈ। ਉਹਨਾਂ ਦੇ ਸੁਹਰਾ ਸਿਕੰਦਰ ਸਿੰਘ ਮਾਲੂਕਾ ਬਾਦਲ ਸਰਕਾਰ ਵਿੱਚ ਮੰਤਰੀ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਦੇ ਪਤੀ ਵੀ ਲੋਕਲ ਬਾਡੀ ਚੋਣਾਂ ਵਿੱਚ ਆਪਣਾ ਹੱਥ ਅਜ਼ਮਾ ਚੁੱਕੇ ਹਨ। ਹੁਣ ਉਹਨਾਂ ਪ੍ਰਸ਼ਾਸਨਿਕ ਅਧਿਕਾਰੀ ਦੇ ਤੌਰ ‘ਤੇ ਅਸਤੀਫਾ ਦੇਣ ਤੋਂ ਬਾਅਦ ਸਿਆਸਤ ਵਿੱਚ ਆਉਣ ਦਾ ਫੈਸਲਾ ਕਰ ਲਿਆ ਹੈ। ਉਹ ਭਾਜਪਾ ਦੀ ਟਿਕਟ ‘ਤੇ ਬਠਿੰਡਾ ਤੋਂ ਲੋਕ ਸਭਾ ਚੋਣਾਂ ਲੜਦੇ ਨਜ਼ਰ ਆਉਣਗੇ।
ਪਰਮਪਾਲ ਕੌਰ ਦਾ ਪ੍ਰਸ਼ਾਸਨਿਕ ਸਫ਼ਰ
ਸਾਲ 2011 ਵਿੱਚ ਉਹ ਪ੍ਰਸ਼ਾਸਨਿਕ ਅਧਿਕਾਰੀ ਦੇ ਤੌਰ ‘ਤੇ ਚੁਣੀ ਗਈ। ਉਹਨਾਂ ਦੀ PCS ਅਧਿਕਾਰੀ ਦੇ ਤੌਰ ਪਹਿਲੀ ਪੋਸਟਿੰਗ ਬੀਡੀਈਓ ਦੇ ਤੌਰ ‘ਤੇ ਹੋਈ, ਉਹਨਾਂ ਨੇ ਬਠਿੰਡਾ ਨੇੜਲੇ ਇਲਾਕਿਆਂ ਵਿੱਚ ਕੰਮ ਕੀਤਾ। ਸਾਲ 2015 ਵਿੱਚ ਅਕਾਲੀ ਭਾਜਪਾ ਸਮੇਂ ਉਹਨਾਂ ਨੂੰ ਪੀਸੀਐੱਸ ਤੋਂ ਆਈ.ਏ. ਐੱਸ ਦੇ ਤੌਰ ‘ਤੇ ਪਦ-ਉੱਨਤ ਕਰ ਦਿੱਤਾ ਗਿਆ। ਪਰ ਉਹਨਾਂ ਨੂੰ ਡਿਪਟੀ ਕਮਿਸ਼ਨਰ ਜਾਂ ਇਸ ਬਰਾਬਰ ਦੇ ਕਿਸੇ ਅਹੁਦੇ ਤੇ ਨਿਯੁਕਤੀ ਨਹੀਂ ਮਿਲੀ। ਹਾਲ ਵੀ ਵਿੱਚ ਉਹ ਛੁੱਟੀਆਂ ‘ਤੇ ਚੱਲ ਰਹੇ ਸਨ। ਪਰ ਉਹਨਾਂ ਨੇ ਆਪਣੇ ਆਹੁਦੇ ਤੋਂ ਅਸਤੀਫਾ ਦੇਕੇ ਸਿਆਸਤ ਵਿੱਚ ਆਉਣ ਦਾ ਫੈਸਲਾ ਲਿਆ। ਇਸ ਸਾਲ ਹੀ ਅਕਤੂਬਰ ਵਿੱਚ ਉਹ ਸੇਵਾ ਮੁਕਤ ਹੋਣ ਜਾ ਰਹੇ ਸਨ।