ਮਨਜੀਤ ਸਿੰਘ ਮੰਨਾ
ਹਿੰਦੂਤਵ ਦੀ ਸਿਆਸਤ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਇਕੱਲਿਆਂ ਪੰਥਕ ਹਲਕਿਆਂ ਵਿੱਚ ਵੀ ਆਪਣੀ ਕਿਸਮਤ ਅਜ਼ਮਾਉਣ ਜਾ ਰਹੀ ਹੈ। ਇਹ ਪਹਿਲਾਂ ਮੌਕਾ ਹੋਵੇਗਾ ਕਿ ਪੰਥਕ ਹਲਕਿਆਂ ਵਿੱਚ ਭਾਜਪਾ ਆਪਣੇ ਉਮੀਦਵਾਰਾਂ ਨਾਲ ਮੈਦਾਨ ਵਿੱਚ ਉਤਰ ਰਹੀ ਹੈ। ਇਸ ਤੋਂ ਪਹਿਲਾਂ ਇਹ ਪੰਥਕ ਸੀਟਾਂ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਉਂਦੀਆਂ ਸਨ। ਪਰ ਪਿਛਲੀਆਂ ਚੋਣਾਂ ਵਿੱਚ ਇਸ ਸੀਟ ਤੋਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਚੋਣ ਜਿੱਤਕੇ ਲੋਕ ਸਭਾ ਪਹੁੰਚੇ ਸਨ। ਇਸ ਵਾਰ ਇਸ ਸੀਟ ‘ਤੇ ਮੁਕਾਬਲਾ ਰੁਮਾਂਚਿਕ ਹੋਣ ਦੇ ਆਸਾਰ ਹਨ।
ਭਾਜਪਾ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਉਹ ਭਾਜਪਾ ਦੇ ਲਈ ਅੰਮ੍ਰਿਤਸਰ ਦਿਹਾਤੀ ਜ਼ਿਲ੍ਹੇ ਦੀ ਜ਼ਿੰਮੇਦਾਰੀ ਸੰਭਾਲ ਰਹੇ ਹਨ ਅਤੇ ਕੁੱਝ ਸਮਾਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਛੱਡ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਸਨ।
ਮਨਜੀਤ ਸਿੰਘ ਮੰਨਾ ਦਾ ਸਿਆਸੀ ਸਫ਼ਰ
ਮਨਜੀਤ ਸਿੰਘ ਮੰਨਾ ਨੇ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸ਼ੁਰੂ ਕੀਤੀ। ਉਹਨਾਂ ਨੇ ਬਾਬਾ ਬਕਾਲਾ ਹਲਕੇ ਤੋਂ ਆਪਣੀ ਪਹਿਲੀ ਚੋਣ ਲੜੀ ਅਤੇ ਜਿੱਤਕੇ ਸਦਨ ਪਹੁੰਚੇ। ਇਸ ਤੋਂ ਬਾਅਦ 2017 ਵਿੱਚ ਉਹ ਬਾਬਾ ਬਕਾਲਾ ਹਲਕੇ ਤੋਂ ਇੱਕ ਵਾਰ ਫਿਰ ਵਿਧਾਇਕ ਚੁਣੇ ਗਏ। ਪਰ 2024 ਦੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇੰਨ ਕਰ ਲਈ। ਹੁਣ ਭਾਜਪਾ ਨੇ ਉਹਨਾਂ ਨੂੰ ਖਡੂਰ ਸਾਹਿਬ ਹਲਕੇ ਤੋਂ ਆਪਣਾ ਉਮੀਦਵਾਰ ਬਣਾਇਆ ਹੈ।
ਜੇਕਰ ਪਿਛਲੀਆਂ ਲੋਕ ਸਭਾ ਚੋਣਾਂ ਦੇ ਅੰਕੜਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ 2019 ਦੀਆਂ ਚੋਣਾਂ ਵਿੱਚ ਇਸ ਪੰਥਕ ਸੀਟ ਤੋਂ ਕਾਂਗਰਸ ਦੇ ਜਸਬੀਰ ਸਿੰਘ ਡਿੰਪਾ ਨੇ ਚੋਣ ਜਿੱਤੀ ਸੀ। ਇਸ ਚੋਣ ਵਿੱਚ ਜਸਬੀਰ ਗਿੱਲ ਨੂੰ 4 ਲੱਖ 57 ਹਜ਼ਾਰ ਵੋਟਾਂ ਮਿਲੀਆਂ ਸਨ ਜਦੋਂਕਿ ਉਹਨਾਂ ਦੇ ਵਿਰੋਧੀ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਜਗੀਰ ਕੌਰ ਨੂੰ 3 ਲੱਖ 17 ਹਜ਼ਾਰ ਵੋਟਾਂ ਨਾਲ ਹੀ ਸੰਤੌਖ ਕਰਨਾ ਪਿਆ ਸੀ। ਤੀਜੇ ਨੰਬਰ ‘ਤੇ ਜਸਵੰਤ ਸਿੰਘ ਖਾਲਸਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਰਹੀ। ਉਹਨਾਂ ਨੂੰ 2 ਲੱਖ 13 ਹਜ਼ਾਰ ਵੋਟਾਂ ਪ੍ਰਾਪਤ ਹੋਈਆਂ।