ਮਾਲਵਿੰਦਰ ਸਿੰਘ ਕੰਗ
ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਨੇ ਆਪਣੇ ਪ੍ਰਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ‘ਤੇ ਵਿਸਵਾਸ਼ ਜਤਾਇਆ ਹੈ। ਕੰਗ ਭਾਜਪਾ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ। ਹੁਣ ਉਹ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਮੈਦਾਨ ਵਿੱਚ ਨਜ਼ਰ ਆਉਣਗੇ।
ਕੰਗ ਮੋਦੀ ਸਰਕਾਰ ਖਿਲਾਫ਼ ਕਿਸਾਨ ਅੰਦੋਲਨ ਵੇਲੇ ਮੁਖਰ ਹੋਏ ਸਨ। ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ 3 ਖੇਤੀ ਕਾਨੂੰਨਾਂ (ਜੋ ਬਾਅਦ ਵਿੱਚ ਵਾਪਿਸ ਲੈ ਲਏ ਗਏ) ਦੇ ਵਿਰੋਧ ਵਿੱਚ ਕੰਗ ਨੇ ਭਾਜਪਾ ਤੋਂ ਅਸਤੀਫਾ ਦੇ ਦਿੱਤਾ ਸੀ। ਉਸ ਸਮੇਂ ਉਹ ਭਾਜਪਾ ਦੇ ਸੂਬਾ ਬੁਲਾਰੇ ਦੇ ਤੌਰ ‘ਤੇ ਸੇਵਾਵਾਂ ਨਿਭਾਅ ਰਹੇ ਹਨ।
ਮਾਲਵਿੰਦਰ ਸਿੰਘ ਕੰਗ ਦਾ ਸਿਆਸੀ ਸਫ਼ਰ
ਮਾਲਵਿੰਦਰ ਕੰਗ ਦੇ ਸਿਆਸੀ ਸਫ਼ਰ ਦੀ ਸ਼ੁਰਆਤ ਪੰਜਾਬ ਯੂਨੀਵਰਸਿਟੀ ਤੋਂ ਹੋਈ। ਉਹ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਚੁਣੇ ਗਏ। ਇਸ ਤੋਂ ਬਾਅਦ ਉਹ ਭਾਜਪਾ ਵਿੱਚ ਸ਼ਾਮਿਲ ਹੋ ਗਏ ਅਤੇ ਪੰਜਾਬ ਭਾਜਪਾ ਵਿੱਚ ਸਪੋਕਸਪਰਸਨ ਦੀ ਭੂਮਿਕਾ ਨਿਭਾਉਂਦੇ ਰਹੇ। ਪਰ ਜਿਵੇਂ ਹੀ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੇ ਖਿਲਾਫ਼ 3 ਖੇਤੀ ਕਾਨੂੰਨ ਲੈਕੇ ਆਈ ਤਾਂ ਉਹਨਾਂ ਦੇ ਪਾਰਟੀ ਨਾਲ ਸਬੰਧ ਖ਼ਰਾਬ ਹੋ ਗਏ ਅਤੇ ਮਾਲਵਿੰਦਰ ਸਿੰਘ ਕੰਗ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ।
ਅਸਤੀਫਾ ਦੇਣ ਤੋਂ ਬਾਅਦ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹਿਆ। ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਪ੍ਰਮੁੱਖ ਬੁਲਾਰੇ ਦੀ ਭੂਮਿਕਾ ਦਿੱਤੀ। ਇਸ ਤੋਂ ਇਲਾਵਾ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦਾ ਇੰਚਾਰਜ ਵੀ ਬਣਾ ਦਿੱਤਾ। ਉਹ ਪਾਰਟੀ ਨਾਲ ਐਕਟਿਵ ਹੋਕੇ ਕੰਮ ਕਰ ਰਹੇ ਹਨ। ਹੁਣ ਆਮ ਆਦਮੀ ਪਾਰਟੀ ਨੇ ਭਰੋਸਾ ਜਤਾਉਂਦਿਆਂ ਮਾਲਵਿੰਦਰ ਕੰਗ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ।
ਕਿੰਨੀ ਸੌਖੀ ਹੋਵੇਗੀ ਕੰਗ ਦੀ ਰਾਹ?
ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਨੇ ਜਿੱਤ ਹਾਸਿਲ ਕੀਤੀ ਸੀ। ਇਸ ਸੀਟ ਤੋਂ ਮਨੀਸ਼ ਤਿਵਾੜੀ ਚੋਣ ਜਿੱਤਕੇ ਲੋਕ ਸਭਾ ਪਹੁੰਚੇ ਸਨ। ਉਹਨਾਂ ਨੂੰ ਕਰੀਬ 4 ਲੱਖ 26 ਹਜ਼ਾਰ ਮਤਲਬ 40.3 ਫੀਸਦ ਵੋਟ ਮਿਲੇ। ਜਦੋਂਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਮਹਿਜ਼ 5 ਫੀਸਦ ਮਤਲਬ 52 ਹਜ਼ਾਰ ਵੋਟਾਂ ਹੀ ਮਿਲੀਆਂ ਸਨ। ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ 3 ਲੱਖ 79 ਵੋਟਾਂ ਲੈਕੇ ਦੂਜੇ ਨੰਬਰ ਤੇ ਰਹੇ ਸਨ। ਉਹਨਾਂ ਨੂੰ 35.8 ਫੀਸਦ ਵੋਟਾਂ ਮਿਲੀਆਂ ਸਨ।
ਜੇਕਰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਵਿੱਚ ਸੁਧਾਰ ਆਇਆ। ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ 40.8 ਫੀਸਦ ਵੋਟਾਂ ਮਤਲਬ 5 ਲੱਖ ਵੋਟ ਹਾਸਿਲ ਹੋਏ ਜਦੋਂਕਿ ਕਾਂਗਰਸ 24.5 ਫੀਸਦ ਮਤਲਬ ਕਰੀਬ 3 ਲੱਖ ਵੋਟਾਂ ਲੈਕੇ ਦੂਜੇ ਸਥਾਨ ‘ਤੇ ਰਹੀ।
ਹੁਣ 2024 ਦੀਆਂ ਚੋਣਾਂ ਵਿੱਚ ਸਥਿਤੀ 2019 ਦੀਆਂ ਚੋਣਾਂ ਤੋਂ ਕੁੱਝ ਬਦਲੀ ਹੋਈ ਨਜ਼ਰ ਆ ਰਹੀ ਹੈ। ਕਿਉਂਕਿ ਮਨੀਸ਼ ਤਿਵਾੜੀ ਕਾਂਗਰਸ ਹਾਈਕਮਾਨ ਤੋਂ ਉਹਨਾਂ ਦੀ ਸੀਟ ਬਦਲਣ ਦੀ ਮੰਗ ਕਰ ਚੁੱਕੇ ਹਨ ਜੇਕਰ ਪਾਰਟੀ ਉਹਨਾਂ ਦੀ ਸੀਟ ਬਦਲਦੀ ਹੈ ਤਾਂ ਉਹ ਲੁਧਿਆਣਾ ਚਲੇ ਜਾਣਗੇ ਤਾਂ ਅਜਿਹੇ ਵਿੱਚ ਕਾਂਗਰਸ ਦੀ ਸਥਿਤੀ ਥੋੜ੍ਹੀ ਕਮਜ਼ੋਰ ਹੋ ਸਕਦੀ ਹੈ। ਮੌਜੂਦਾ ਸਮਾਂ ਵਿੱਚ ਇਸ ਲੋਕ ਸਭਾ ਸੀਟ ‘ਤੇ 9 ਵਿਧਾਇਕਾਂ ਵਿੱਚੋਂ 7 ਵਿਧਾਇਕ ਆਮ ਆਦਮੀ ਪਾਰਟੀ ਦੇ ਹਨ। ਇਸ ਤੋਂ ਇਲਾਵਾ ਇੱਕ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਅਤੇ ਇੱਕ ਵਿਧਾਇਕ ਬਹੁਜ਼ਨ ਸਮਾਜ ਪਾਰਟੀ ਤੋਂ ਹੈ। ਪਰ ਇਸ ਸੀਟ ‘ਤੇ ਕਾਂਗਰਸ ਦਾ ਖਾਤਾ ਖਾਲੀ ਹੈ।
ਗੁਜਰ ਵੋਟ ਬਣ ਸਕਦਾ ਹੈ ਚੁਣੌਤੀ
ਮਾਲਵਿੰਦਰ ਸਿੰਘ ਕੰਗ ਨੂੰ ਸ਼੍ਰੀ ਅਨੰਦਪੁਰ ਸਾਹਿਬ ਜਾਂ ਇਸ ਦੇ ਆਸ ਪਾਸ ਦੇ ਪਿੰਡਾਂ ਵਿੱਚ ਰਹਿੰਦੇ ਗੁਜਰ ਭਾਈਚਾਰੇ ਨੂੰ ਆਪਣੇ ਨਾਲ ਲੈਕੇ ਚੱਲਣ ਹੋਵੇਗਾ। ਜੇਕਰ ਇਹ ਵੋਟ ਕਿਸੇ ਹੋਰ ਪਾਰਟੀ ਵੱਲ ਭੁਗਤਦਾ ਹੈ ਤਾਂ ਕੰਗ ਲਈ ਰਾਹ ਥੋੜ੍ਹਾ ਮੁਸ਼ਕਿਲ ਜ਼ਰੂਰ ਹੋ ਜਾਵੇਗਾ। ਜਿਸ ਤੋਂ ਮਾਲਵਿੰਦਰ ਸਿੰਘ ਕੰਗ ਨੂੰ ਸਾਵਧਾਨ ਰਹਿਣ ਦੀ ਲੋੜ ਹੋਵੇਗੀ।