ਕੁਲਦੀਪ ਸਿੰਘ ਧਾਲੀਵਾਲ
ਅਗਾਮੀ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰਾਂ ਵਿੱਚੋਂ ਜ਼ਿਆਦਾਤਰ ਕੈਬਨਿਟ ਮੰਤਰੀ ਹਨ। ਉਹਨਾਂ ਕੈਬਨਿਟ ਮੰਤਰੀਆਂ ਵਿੱਚੋਂ ਇੱਕ ਨਾਮ ਕੁਲਦੀਪ ਸਿੰਘ ਧਾਲੀਵਾਲ ਦਾ ਵੀ ਹੈ। ਧਾਲੀਵਾਲ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਜਨਾਲਾ ਹਲਕੇ ਤੋਂ ਜਿੱਤਕੇ ਸਦਨ ਵਿੱਚ ਪਹੁੰਚੇ ਸਨ। ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ਵਾਸ ਜਤਾਉਂਦਿਆਂ ਉਹਨਾਂ ਨੂੰ ਕੈਬਨਿਟ ਮੰਤਰੀ ਬਣਾਇਆ ਸੀ। ਉਹਨਾਂ ਨੂੰ ਪਹਿਲਾ ਪੰਚਾਇਤੀ ਅਤੇ ਬਾਅਦ ਵਿੱਚ NRI ਨਾਲ ਸਬੰਧਿਤ ਮਾਮਲਿਆਂ ਦੀ ਜਿੰਮੇਦਾਰੀ ਦਿੱਤੀ ਗਈ।
ਧਾਲੀਵਾਲ ਦਾ ਸਿਆਸੀ ਸਫ਼ਰ
ਕੁਲਦੀਪ ਸਿੰਘ ਧਾਲੀਵਾਲ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ 2019 ਦੀਆਂ ਲੋਕ ਸਭਾ ਚੋਣਾਂ ਨਾਲ ਹੋਈ। ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਮੈਦਾਨ ਵਿੱਚ ਉਤਾਰਿਆ। ਪਰ ਇਸ ਚੋਣਾਂ ਵਿੱਚ ਧਾਲੀਵਾਲ ਨੂੰ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਥੋ ਹਾਰ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੂੰ 2019 ਦੀਆਂ ਚੋਣਾਂ ਵਿੱਚ 20,087 ਵੋਟਾਂ ਹੀ ਮਿਲੀ ਜਦੋਂਕਿ ਕਾਂਗਰਸ ਉਮੀਦਵਾਰ ਨੂੰ 4,45,032 ਵੋਟ ਮਿਲੇ। ਪਰ ਧਾਲੀਵਾਲ ਨੇ ਇਸ ਹਾਰ ਤੋਂ ਸਬਕ ਲਿਆ ਅਤੇ ਵਰਕਰਾਂ ਨਾਲ ਮਿਲਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਦੇ ਰਹੇ। ਜਿਸ ਦੇ ਨਤੀਜ਼ੇ ਵਜੋਂ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਨੂੰ ਅਜਨਾਲਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰ ਦਿੱਤਾ।
ਇਸ ਵਾਰ ਧਾਲੀਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਮਰਪਾਲ ਸਿੰਘ ਬੋਨੀ ਨੂੰ 7,843 ਵੋਟਾਂ ਦੇ ਫਰਕ ਨਾਲ ਹਰਾਇਆ ਅਤੇ ਵਿਧਾਨ ਸਭਾ ਵਿੱਚ ਆਪਣੀ ਸੀਟ ਨੂੰ ਪੱਕਾ ਕੀਤਾ। ਇਸ ਚੋਣ ਵਿੱਚ ਧਾਲੀਵਾਲ ਨੂੰ 43,555 ਵੋਟ ਮਿਲੇ ਜਦੋਂ ਬੋਨੀ ਅਜਨਾਲਾ ਨੂੰ 35,712 ਵੋਟਾਂ ਹੀ ਮਿਲ ਸਕੀਆ।
ਪਹਿਲੀ ਵਾਰ ਵਿਧਾਇਕ ਚੁਣੇ ਜਾਣ ਦੇ ਨਾਲ ਨਾਲ ਹੀ ਉਹਨਾਂ ਨੂੰ ਪਹਿਲੀ ਵਾਰ ਮੰਤਰੀ ਬਣਨ ਦਾ ਵੀ ਮੌਕਾ ਮਿਲਿਆ। ਮੁੱਖ ਮੰਤਰੀ ਭਗਵੰਤ ਮਾਨ ਨੇ 19 ਮਾਰਚ 2022 ਨੂੰ 9 ਮੰਤਰੀਆਂ ਨੂੰ ਆਪਣੀ ਕੈਬਨਿਟ ਵਿੱਚ ਸ਼ਾਮਿਲ ਕੀਤਾ ਜਿਨ੍ਹਾਂ ਵਿੱਚੋਂ ਇੱਕ ਨਾਮ ਕੁਲਦੀਪ ਸਿੰਘ ਧਾਲੀਵਾਲ ਦਾ ਵੀ ਸੀ।
ਹੁਣ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਨੇ ਉਹਨਾਂ ‘ਤੇ ਭਰੋਸਾ ਜਤਾਇਆ ਹੈ ਅਤੇ ਉਹਨਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਲਈ ਅੰਮ੍ਰਿਤਸਰ ਤੋਂ ਮੈਦਾਨ ਵਿੱਚ ਉਤਾਰਿਆ ਹੈ। ਹੁਣ ਦੇਖਣਾ ਹੋਵੇਗਾ ਕਿ ਉਹ ਲੋਕ ਸਭਾ ਚੋਣਾਂ ਵਿੱਚ ਆਪਣਾ ਰਿਕਾਰਡ ਸੁਧਾਰ ਸਕਣਗੇ ਜਾਂ ਫਿਰ ਉਹਨਾਂ ਨੂੰ ਇਸ ਵਾਰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ।