ਜਗਦੀਪ ਸਿੰਘ ਕਾਕਾ ਬਰਾੜ
ਆਮ ਆਦਮੀ ਪਾਰਟੀ ਨੇ ਸਾਰੇ ਹਲਕਿਆਂ ਵਿੱਚ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ। ਫਿਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਜਗਦੀਪ ਸਿੰਘ ਕਾਕਾ ਬਰਾੜ ਸ਼੍ਰੀ ਮੁਕਤਸਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਹੁਣ ਫਿਰੋਜ਼ਪੁਰ ਲੋਕ ਸਭਾ ਸੀਟ ‘ਤੇ ਉਹਨਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਗੋਲਡੀ ਕੰਬੋਜ਼ ਦੇ ਪਿਤਾ ਸੁਰਿੰਦਰ ਕੰਬੋਜ਼ ਨਾਲ ਹੋਵੇਗਾ। ਜੋ ਕਿ ਬਹੁਜਨ ਸਮਾਜ ਪਾਰਟੀ ਦੀ ਟਿਕਟ ‘ਤੇ ਚੋਣ ਮੈਦਾਨ ਵਿੱਚ ਉੱਤਰੇ ਹਨ।
ਜਗਦੀਪ ਸਿੰਘ ਕਾਕਾ ਬਰਾੜ ਦਾ ਸਿਆਸੀ ਸਫ਼ਰ
ਜਗਦੀਪ ਸਿੰਘ ਕਾਕਾ ਬਰਾੜ ਪੇਸ਼ੇ ਤੋਂ ਕਿਸਾਨ ਹਨ। ਕਾਕਾ ਬਰਾੜ ਨੇ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਲੋਕ ਬਾਡੀ ਚੋਣਾਂ ਤੋਂ ਕੀਤੀ। ਉਹ 2 ਵਾਰ ਨਗਰ ਕੌਂਸਲ ਦੇ ਮੈਂਬਰ ਚੁਣੇ ਗਏ।ਜਗਦੀਪ ਸਿੰਘ ਕਾਕਾ ਬਰਾੜ ਨੇ 2011 ਵਿੱਚ ਹੋਏ ਅੰਨਾ ਹਜ਼ਾਰੇ ਦੇ ਅੰਦੋਲਨ ਵਿੱਚ ਐਕਟਿਵ ਭੂਮਿਕਾ ਨਿਭਾਈ।
ਕਾਕਾ ਬਰਾੜ ਨੇ ਸਾਲ 2017 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਵਿਧਾਨ ਸਭਾ ਦੀ ਪਹਿਲੀ ਵਾਰ ਚੋਣ ਲੜੀ ਪਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਕੁੱਝ ਸਮਾਂ ਸ਼ਾਂਤ ਰਹਿਣ ਤੋਂ ਬਾਅਦ ਕਾਕਾ ਬਰਾੜ ਮੁੜ ਐਕਟਿਵ ਹੋਏ ਅਤੇ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਹੋਕੇ ਭੂਮਿਕਾ ਨਿਭਾਈ।
ਆਮ ਆਦਮੀ ਪਾਰਟੀ ਨੇ ਸਾਲ 2022 ਦੀਆਂ ਚੋਣਾਂ ਵਿੱਚ ਉਹਨਾਂ ‘ਤੇ ਮੁੜ ਵਿਸ਼ਵਾਸ ਜਤਾਇਆ ਅਤੇ ਸ਼੍ਰੀ ਮੁਕਤਸਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰਿਆ। ਇਸ ਵਾਰ ਉਹਨਾਂ ਨੂੰ ਜਿੱਤ ਮਿਲੀ। ਉਹ ਕਰੀਬ 76 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤਕੇ ਵਿਧਾਨ ਸਭਾ ਪਹੁੰਚੇ।
2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ 46.5 ਫੀਸਦ ਵੋਟਾਂ ਨਾਲ ਕਰੀਬ 6 ਲੱਖ ਵੋਟਾਂ ਮਿਲੀਆਂ ਸਨ। ਜਦੋਂ 3 ਲੱਖ ਵੋਟਾਂ ਅਤੇ 23.8 ਫੀਸਦ ਵੋਟ ਸ਼ੇਅਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੂਜੇ ਨੰਬਰ ਤੇ ਰਹੀ ਸੀ। 1 ਲੱਖ 97 ਹਜ਼ਾਰ ਵੋਟਾਂ ਨਾਲ ਕਾਂਗਰਸ ਨੂੰ ਤੀਜਾ ਸਥਾਨ ਮਿਲਿਆ ਸੀ। ਜੋ ਕਿ ਕੁੱਲ ਵੋਟਾਂ ਦਾ 15.2 ਫੀਸਦ ਬਣਦਾ ਹੈ।