ਇਕਬਾਲ ਸਿੰਘ ਝੂੰਦਾ
ਲੋਕ ਸਭਾ ਹਲਕਾ ਸੰਗਰੂਰ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਪੇਂਡੂ ਵੋਟ ਬੈਂਕ ਰਿਹਾ ਹੈ। ਪਰ ਪਿਛਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਇਸ ਵੋਟ ਬੈਂਕ ਨੂੰ ਕਾਫ਼ੀ ਖੌਰਾ ਲੱਗਿਆ ਹੈ। ਇਸ ਡੈਮਜ ਕੰਟਰੋਲ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਕੋਸ਼ਿਸਾਂ ਕਰ ਰਿਹਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਟਕਸਾਲੀ ਆਗੂਆਂ ਦੀ ਘਰ ਵਾਪਸੀ ਕਰਵਾਈ। ਇਸ ਵਿੱਚ ਇੱਕ ਨਾਮ ਸੁਖਦੇਵ ਸਿੰਘ ਢੀਂਡਸਾ ਦਾ ਵੀ ਸੀ। ਅੰਦਾਜ਼ਾ ਲਗਾਇਆ ਦਾ ਰਿਹਾ ਸੀ ਕਿ ਹੋ ਸਕਦਾ ਹੈ ਕਿ ਢੀਂਡਸਾ ਪਰਿਵਾਰ ਨੂੰ ਲੋਕ ਸਭਾ ਚੋਣਾਂ ਵਿੱਚ ਉਤਾਰਿਆ ਜਾ ਸਕੇ।
ਪਰ ਸ਼੍ਰੋਮਣੀ ਅਕਾਲੀ ਦਲ ਨੇ ਸਿਆਸੀ ਦਿੱਗਜ਼ਾਂ ਨੂੰ ਹੈਰਾਨ ਕਰਦਿਆਂ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਨੂੰ ਚੋਣ ਮੈਦਾਨ ਵਿੱਚ ਮੈਦਾਨ ਵਿੱਚ ਉਤਾਰਿਆ ਹੈ। ਹੁਣ ਝੂੰਦਾ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜਦੇ ਨਜ਼ਰ ਆਉਣਗੇ।
ਇਕਬਾਲ ਸਿੰਘ ਝੂੰਦਾ ਦਾ ਸਿਆਸੀ ਸਫ਼ਰ
ਇਕਬਾਲ ਸਿੰਘ ਝੂੰਦਾ ਦਾ ਜਨਮ 2 ਜਨਵਰੀ 1962 ਵਿੱਚ ਸੰਗਰੂਰ ਦੇ ਪਿੰਡ ਝੂੰਦਾਂ ਵਿੱਚ ਹੋਇਆ ਉਹਨਾਂ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਨਾਲ ਕੀਤੀ। ਉਹ ਸਾਲ 2007 ਵਿੱਚ ਪਹਿਲੀ ਵਾਰ ਧੂਰੀ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲੜੀ ਅਤੇ ਵਿਧਾਇਕ ਚੁਣੇ ਗਏ। ਇਸ ਤੋਂ ਬਾਅਦ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਦਾ ਹਲਕਾ ਬਦਲ ਦਿੱਤਾ ਗਿਆ ਅਤੇ ਉਹਨਾਂ ਨੂੰ ਅਮਰਗੜ੍ਹ ਹਲਕੇ ਦੀ ਜ਼ਿੰਮੇਦਾਰੀ ਦਿੱਤੀ ਗਈ। ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਅਮਰਗੜ੍ਹ ਤੋਂ ਵੀ ਚੋਣ ਜਿੱਤੀ ਅਤੇ ਦੂਜੀ ਵਾਰ ਵਿਧਾਇਕ ਚੁਣੇ ਗਏ। ਇਸ ਤੋਂ ਇਲਾਵਾ ਉਹਨਾਂ ਨੇ ਸਾਲ 2022 ਦੀਆਂ ਚੋਣਾਂ ਵੀ ਲੜੀਆਂ ਪਰ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵੰਤ ਸਿੰਘ ਗੱਜਣ ਮਾਜਰਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਜ਼ਿਲ੍ਹਾ ਬਰਨਾਲਾ, ਸੰਗਰੂਰ ਅਤੇ ਮਾਲੇਰਕੋਟਲਾ ਦਾ ਅਜ਼ਰਬਰ ਨਿਯੁਕਤ ਕੀਤਾ ਹੋਇਆ ਹੈ। ਉਹ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਵੀ ਹਨ।