ਗੁਰਪ੍ਰੀਤ ਸਿੰਘ ਜੀਪੀ
ਆਮ ਆਦਮੀ ਪਾਰਟੀ ਨੇ ਸ਼੍ਰੀ ਫ਼ਤਿਹਗੜ੍ਹ ਸਾਹਿਬ ਸੀਟ ਤੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਜੀਪੀ ਕੁੱਝ ਦਿਨ ਪਹਿਲਾਂ ਤੱਕ ਕਾਂਗਰਸ ਵਿੱਚ ਹੋਇਆ ਕਰਦੇ ਸਨ ਅਤੇ ਵਿਧਾਇਕ ਵੀ। ਉਹ ਸਾਲ 2017 ਦੀਆਂ ਚੋਣਾਂ ਵਿੱਚ ਬੱਸੀ ਪਠਾਣਾਂ ਹਲਕੇ ਤੋਂ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਨ ਪਰ ਹੁਣ ਉਹ ਅਗਾਮੀ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ।
ਗੁਰਪ੍ਰੀਤ ਸਿੰਘ ਜੀਪੀ ਦਾ ਸਿਆਸੀ ਸਫ਼ਰ
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਚੋਣ ਮੈਦਾਨ ਵਿੱਚ ਉਤਾਰਿਆ। ਬੱਸੀ ਪਠਾਣਾਂ ਸੀਟ ਤੋਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ, ਆਮ ਆਦਮੀ ਪਾਰਟੀ ਦੇ ਸੰਤੋਖ ਸਿੰਘ ਸਲਾਨਾ ਨੂੰ ਹਰਾਇਆ। ਇਸ ਤੋਂ ਬਾਅਦ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਨੂੰ ਕਾਂਗਰਸ ਨੇ ਮੁੜ ਮੈਦਾਨ ਵਿੱਚ ਉਤਾਰਿਆ ਪਰ ਇਸ ਵਾਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਚੋਣਾਂ ਵਿੱਚ 'ਆਪ' ਉਮੀਦਵਾਰ ਰੁਪਿੰਦਰ ਸਿੰਘ ਹੈਪੀ ਨੂੰ 54,018 ਵੋਟਾਂ ਮਿਲੀਆ ਅਤੇ ਜੀਪੀ 16,177 ਵੋਟਾਂ ਲੈ ਕੇ ਦੂਜੇ ਸਥਾਨ 'ਤੇ ਰਹੇ। ਜਦੋਂਕਿ ਮਨੋਹਰ ਸਿੰਘ ਨੂੰ 13,796 ਵੋਟਾਂ ਮਿਲੀਆਂ।
ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਵਿਵਾਦ ਖੁੱਲ੍ਹਕੇ ਸਾਹਮਣੇ ਆਇਆ। ਕਿਉਂਕਿ ਚੰਨੀ ਚਾਹੁੰਦੇ ਸਨ ਕਿ ਉਹਨਾਂ ਦੇ ਭਰਾ ਮਨੋਹਰ ਸਿੰਘ ਬੱਸੀ ਪਠਾਣਾਂ ਸੀਟ ਤੋਂ ਚੋਣ ਲੜਣ। ਜਿਸ ਦਾ ਜੀਪੀ ਨੇ ਖੁੱਲ੍ਹਕੇ ਵਿਰੋਧ ਕੀਤਾ ਸੀ।