ਗੁਰਮੀਤ ਸਿੰਘ ਮੀਤ ਹੇਅਰ
ਲੋਕ ਸਭਾ ਚੋਣਾਂ ਨੂੰ ਲੈਕੇ ਆਮ ਆਦਮੀ ਪਾਰਟੀ ਦੀ ਪਹਿਲੀ ਸੂਚੀ ਵਿੱਚ ਬਰਨਾਲਾ ਤੋਂ ਵਿਧਾਇਕ ਅਤੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਨਾਮ ਵੀ ਸ਼ਾਮਿਲ ਹੈ। ਮੀਤ ਹੇਅਰ ਨੂੰ ਆਮ ਆਦਮੀ ਪਾਰਟੀ ਨੇ ਸੰਗਰੂਰ ਹਲਕੇ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਬੇਸ਼ੱਕ ਲੋਕ ਸਭਾ ਹਲਕਾ ਸੰਗਰੂਰ ਆਮ ਆਦਮੀ ਪਾਰਟੀ ਦਾ ਗੜ੍ਹ ਰਿਹਾ ਹੈ। ਇਸੇ ਸੀਟ ਤੋਂ ਲਗਾਤਾਰ 2 ਵਾਰ ਜਿੱਤ ਕੇ ਭਗਵੰਤ ਮਾਨ ਸੰਸਦ ਪਹੁੰਚੇ ਸਨ। ਪਰ ਪਿਛਲੀਆਂ ਜ਼ਿਮਨੀ ਚੋਣਾਂ ਵਿੱਚ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਗੁਰਮੀਤ ਸਿੰਘ ਮੀਤ ਹੇਅਰ ਨੂੰ ਉਮੀਦਵਾਰ ਐਲਾਨਣ ਦੇ ਨਾਲ ਹੀ ਵਰਕਰਾਂ ਵਿੱਚ ਗਤੀਵਿਧੀਆਂ ਦਿਖਾਈ ਦੇਣ ਲੱਗ ਪਈਆਂ ਹਨ। ਮੀਤ ਹੇਅਰ ਨੌਜਵਾਨ ਚਿਹਰਾ ਹਨ। ਉਹ ਬਰਨਾਲਾ ਦੀ ਵਿਧਾਨ ਸਭਾ ਸੀਟ ਤੋਂ 2022 ਦੀਆਂ ਚੋਣਾਂ ਵਿੱਚ ਲਗਾਤਾਰ ਦੂਜੀ ਵਾਰ ਵਿਧਾਇਕ ਬਣੇ ਸਨ। ਉਹਨਾਂ ਨੇ ਪਹਿਲੀ ਚੋਣ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਖਿਲਾਫ਼ ਲੜੀ ਸੀ। ਜਿਸ ਵਿੱਚ ਉਹਨਾਂ ਨੂੰ ਜਿੱਤ ਹਾਸਿਲ ਹੋਈ ਸੀ।
ਇਹ ਮਿਲ ਸਕਦਾ ਹੈ ਫਾਇਦਾ
ਚੰਗਾ ਬੁਲਾਰਾ- ਮੀਤ ਹੇਅਰ ਚੰਗੇ ਬੁਲਾਰੇ ਹਨ। ਇਸ ਦਾ ਫਾਇਦਾ ਉਹਨਾਂ ਨੂੰ ਲੋਕਾਂ ਵਿੱਚ ਵਿਚਰਦਿਆਂ ਸਮੇਂ ਮਿਲ ਸਕਦਾ ਹੈ। ਇਸ ਤੋਂ ਇਲਾਵਾ ਉਹਨਾਂ ਦੀ ਵਿਧਾਨ ਸਭਾ ਵਿੱਚ ਦਿੱਤੇ ਗਏ ਭਾਸ਼ਣ ਵੀ ਕਈ ਵਾਰ ਚਰਚਾਵਾਂ ਦਾ ਵਿਸ਼ਾ ਰਹੇ ਹਨ।
ਨੌਜਵਾਨ ਚਿਹਰਾ- ਮੀਤ ਲਈ ਨੌਜਵਾਨ ਹੋਣਾ ਵੀ ਲਾਹੇਵੰਦ ਹੋ ਸਕਦਾ ਹੈ। ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਨੂੰ ਨੌਜਵਾਨਾਂ ਦੀ ਵੋਟ ਵੱਡੀ ਮਾਤਰਾ ਵਿੱਚ ਮਿਲੀ ਸੀ। ਜਿਸ ਕਰਕੇ ਉਹਨਾਂ ਦੀ ਪਾਰਟੀ ਨੂੰ ਉਮੀਦ ਹੋਵੇਗੀ ਕਿ ਇਸ ਵਾਰ ਵੀ ਉਹਨਾਂ ਨੂੰ ਨੌਜਵਾਨ ਦਾ ਸਾਥ ਮਿਲੇਗਾ।
ਜਨਤਾ ਵਿਚਰਲੀਆਂ ਗਤੀਵਿਧੀਆਂ- ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਨੂੰ ਲਗਾਤਾਰ ਜਨਤਾ ਵਿੱਚ ਵਿਚਰਦੇ ਰਹਿਣ ਲਾਭ ਮਿਲਿਆ ਸੀ। ਹੋ ਸਕਦਾ ਹੈ ਕਿ ਇਸ ਤਰ੍ਹਾਂ ਦਾ ਕੋਈ ਲਾਭ ਉਹਨਾਂ ਨੂੰ ਇਸ ਵਾਰ ਵੀ ਮਿਲ ਜਾਵੇ।
ਇਹ ਹੋ ਸਕਦਾ ਹੈ ਨੁਕਸਾਨ
ਜੇਕਰ ਚੋਣਾਂ ਵਿੱਚ ਨੁਕਸਾਨ ਦੀ ਗੱਲ ਕਰੀਏ ਤਾਂ ਵੋਟਾਂ ਦਾ ਟੁੱਟਣਾ ਕਿਸੇ ਉਮੀਦਵਾਰ ਲਈ ਸਭ ਤੋਂ ਵੱਡਾ ਨੁਕਸਾਨ ਹੁੰਦਾ ਹੈ। ਮੀਤ ਨੂੰ ਪੰਜਾਬ ਸਰਕਾਰ ਖਿਲਾਫ਼ anti incumbency ਦਾ ਨੁਕਸਾਨ ਵੋਟਾਂ ਦੇ ਰੂਪ ਵਿੱਚ ਝੱਲਣਾ ਪੈ ਸਕਦਾ ਹੈ। ਕਿਉਂਕਿ ਮਾਨ ਸਰਕਾਰ ਦੇ 2 ਸਾਲ ਪੂਰੇ ਹੋਣ ਕਾਰਨ ਇਸ ਦਾ ਸਿੱਧਾ ਅਸਰ ਵੋਟਰਾਂ ‘ਤੇ ਦਿਖਾਈ ਦੇ ਸਕਦਾ ਹੈ।