ਗੁਰਮੀਤ ਸਿੰਘ ਖੁੱਡੀਆਂ
ਵਿਧਾਨ ਸਭਾ ਚੋਣਾਂ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਵਿੱਚ ਵੀ ਗੁਰਮੀਤ ਸਿੰਘ ਖੁੱਡੀਆਂ ‘ਤੇ ਭਰੋਸਾ ਜਤਾਇਆ ਹੈ। ਪਾਰਟੀ ਨੇ ਉਹਨਾਂ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਹੈ। ਹੁਣ ਉਹਨਾਂ ਦਾ ਸਿੱਧਾ ਮੁਕਾਬਲਾ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਅਤੇ ਬਠਿੰਡਾ ਤੋਂ ਮੌਜੂਦਾ ਸਾਂਸਦ ਹਰਸਿਮਰਤ ਕੌਰ ਬਾਦਲ ਨਾਲ ਹੋਵੇਗਾ। ਹਰਸਿਮਰਤ ਕੌਰ ਬਾਦਲ ਜਿੱਥੇ ਬਠਿੰਡਾ ਦੀ ਸੀਟ ਮੁੜ ਜਿੱਤ ਕੇ ਪ੍ਰਕਾਸ਼ ਬਾਦਲ ਦੀ ਹੋਈ ਹਾਰ ਦਾ ਬਦਲਾ ਲੈਂਦਿਆਂ ਆਪਣਾ ਕਿਲ੍ਹਾ ਬਚਾਉਣ ਦੀ ਕੋਸ਼ਿਸ ਕਰੇਗੀ ਤਾਂ ਦੂਜੇ ਪਾਸੇ ਗੁਰਮੀਤ ਸਿੰਘ ਖੁੱਡੀਆ ਹਰਸਿਮਰਤ ਬਾਦਲ ਨੂੰ ਹਰਾ ਕੇ ਸੰਸਦ ਪਹੁੰਚਣ ਦੀ ਕੋਸ਼ਿਸ਼ ਕਰਨਗੇ। ਖੁੱਡੀਆਂ ਕੋਲ ਇਹ ਮੌਕਾ ਹੈ ਕਿ ਉਹ ਚੋਣਾਂ ਵਿੱਚ ਬਾਦਲ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਹਰਾ ਦੇਣ।
ਗੁਰਮੀਤ ਸਿੰਘ ਖੁੱਡੀਆਂ ਸ਼੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕੇ ਲੰਬੀ ਤੋਂ ਵਿਧਾਇਕ ਅਤੇ ਭਗਵੰਤ ਮਾਨ ਸਰਕਾਰ ਵਿੱਚ ਖੇਤੀਬਾੜੀ ਮੰਤਰੀ ਹਨ। ਉਹਨਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ 5 ਵਾਰ ਦੇ ਮੁੱਖ ਮੰਤਰੀ ਰਹੇ ਮਹਰੂਮ ਪ੍ਰਕਾਸ਼ ਸਿੰਘ ਬਾਦਲ ਨੂੰ 11,396 ਵੋਟਾਂ ਦੇ ਫਰਕ ਨਾਲ ਹਰਾਇਆ ਸੀ।
ਕਾਂਗਰਸ ਤੋਂ ਸ਼ੁਰੂ ਕੀਤਾ ਸਿਆਸੀ ਸਫ਼ਰ
1962 ਵਿੱਚ ਜਨਮ ਲੈਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਦਾ ਸਿਆਸੀ ਸਫ਼ਰ ਕਾਂਗਰਸ ਦੇ ਨਾਲ ਸ਼ੁਰੂ ਹੋਇਆ ਉਹ 2004 ਵਿੱਚ ਕਾਂਗਰਸ ਦੇ ਮੈਂਬਰ ਬਣੇ। ਇਸ ਤੋਂ ਇਲਾਵਾ ਉਹ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਕਾਂਗਰਸ ਦੇ ਕਰੀਬ 5 ਸਾਲ ਤੱਕ ਪ੍ਰਧਾਨ ਰਹੇ। ਸਾਲ 2017 ਵਿੱਚ ਹੋਈ ਵਿਧਾਨ ਸਭਾ ਚੋਣਾਂ ਵੇਲੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਕਵਰਿੰਗ ਕੈਂਡੀਡੇਟ ਵੀ ਸਨ। ਇਸ ਤੋਂ ਬਾਅਦ ਉਹਨਾਂ ਨੇ ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਜਿੱਥੇ ਉਹਨਾਂ ਨੂੰ ਲੰਬੀ ਹਲਕੇ ਤੋਂ ਪ੍ਰਕਾਸ਼ ਸਿੰਘ ਬਾਦਲ ਖਿਲਾਫ਼ ਚੋਣ ਲੜਾਈ ਗਈ ਅਤੇ ਉਹਨਾਂ ਨੇ ਜਿੱਤ ਹਾਸਿਲ ਕੀਤੀ।
ਵਿਰਾਸਤ ਵਿੱਚ ਸਿਆਸਤ
ਗੁਰਮੀਤ ਸਿੰਘ ਖੁੱਡੀਆਂ ਨੂੰ ਸਿਆਸਤ ਵਿਰਾਸਤ ਵਿੱਚ ਮਿਲੀ ਹੈ। ਉਹਨਾਂ ਦੇ ਪਿਤਾ ਜਗਦੇਵ ਸਿੰਘ ਵੀ ਸਾਂਸਦ ਮੈਂਬਰ ਸਨ। ਉਹ ਲੋਕ ਸਭਾ ਹਲਕੇ ਫਰੀਦਕੋਟ ਤੋਂ ਚੋਣ ਜਿੱਤਕੇ ਸਦਨ ਪਹੁੰਚੇ ਸਨ। ਜਿਨ੍ਹਾਂ ਦੀ ਬਾਅਦ ਵਿੱਚ ਭੇਦਭਰੇ ਹਲਾਤਾਂ ਵਿੱਚ ਮੌਤ ਹੋ ਗਈ ਸੀ।