ਗੁਰਜੀਤ ਸਿੰਘ ਔਜਲਾ
ਪੰਜਾਬ ਵਿੱਚ ਕਾਂਗਰਸ ਨੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਨੇ ਮੌਜੂਦਾ ਸਾਂਸਦ ਗੁਰਜੀਤ ਸਿੰਘ ਔਜਲਾ ‘ਤੇ ਮੁੜ ਤੋਂ ਵਿਸ਼ਵਾਸ ਜਤਾਇਆ ਹੈ। ਕਾਂਗਰਸ ਪਾਰਟੀ ਨੇ ਉਹਨਾਂ ਨੂੰ ਲਗਾਤਾਰ ਤੀਜੀ ਵਾਰ ਇਸ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਹੈ। ਹੁਣ ਉਹ ਕਾਂਗਰਸ ਦੀ ਟਿਕਟ ‘ਤੇ ਚੋਣ ਮੈਦਾਨ ਵਿੱਚ ਉਤਰਣਗੇ। 51 ਸਾਲਾ ਗੁਰਜੀਤ ਸਿੰਘ ਔਜਲਾ ਦਾ ਜਨਮ 1972 ਵਿੱਚ ਹੋਇਆ।
ਗੁਰਜੀਤ ਸਿੰਘ ਔਜਲਾ ਦਾ ਸਿਆਸੀ ਸਫਰ
ਔਜਲਾ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਇੱਕ ਕੌਂਸਲਰ ਵਜੋਂ ਕੀਤੀ। ਇਸ ਤੋਂ ਬਾਅਦ ਉਹ ਲਗਾਤਾਰ ਕਾਂਗਰਸ ਪਾਰਟੀ ਲਈ ਕੰਮ ਕਰਦੇ ਰਹੇ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਉਮੀਦਵਾਰ ਅਰੁਣ ਜੇਤਲੀ ਖਿਲਾਫ਼ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ। ਉਹ ਜੇਤਲੀ ਨੂੰ ਹਰਾਕੇ ਸੰਸਦ ਪਹੁੰਚੇ।
ਇਸ ਤੋਂ ਬਾਅਦ 2017 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਦੀ ਜਿੱਤ ਹੋਈ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣ ਗਏ। ਇਸ ਦੇ ਨਾਲ ਹੀ ਉਹਨਾਂ ਨੇ ਲੋਕ ਸਭਾ ਮੈਂਬਰ ਵਜੋਂ ਅਸਤੀਫਾ ਦੇ ਦਿੱਤਾ। ਜਿਸ ਤੋਂ ਬਾਅਦ ਪਾਰਟੀ ਨੇ ਗੁਰਜੀਤ ਸਿੰਘ ਔਜਲਾ ਨੂੰ ਜ਼ਿਮਨੀ ਚੋਣ ਵਿੱਚ ਟਿਕਟ ਜਿੱਤੀ।
ਜ਼ਿਮਨੀ ਚੋਣ ਵਿੱਚ ਪਹਿਲੀ ਵਾਰ ਔਜਲਾ ਜਿੱਤਕੇ ਲੋਕ ਸਭਾ ਪਹੁੰਚੇ। ਜ਼ਿਮਨੀ ਚੋਣ ਵਿੱਚ ਉਹਨਾਂ ਨੇ ਭਾਜਪਾ ਆਗੂ ਰਾਜਿੰਦਰ ਮੋਹਨ ਸਿੰਘ ਛੀਨਾ ਨੂੰ ਹਰਾਇਆ।
2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਬਣਾਇਆ। ਇਸ ਵਾਰ ਉਹਨਾਂ ਨੇ ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਨੂੰ ਹਰਾਇਆ। ਜੋ ਬਾਅਦ ਵਿੱਚ ਮੋਦੀ ਸਰਕਾਰ ਵਿੱਚ ਕੇਂਦਰੀ ਮੰਤਰੀ ਵੀ ਬਣੇ।
ਸਾਲ 2023 ਵਿੱਚ ਔਜਲਾ ਉਸ ਸਮੇਂ ਚਰਚਾਵਾਂ ਵਿੱਚ ਆਏ ਸਨ ਜਦੋਂ ਕੁੱਝ ਅਣ- ਪਛਾਤੇ ਲੋਕ ਪਾਰਲੀਮੈਂਟ ਅੰਦਰ ਵੜ ਗਏ ਸਨ। ਅਤੇ ਕਲਰ ਬੰਬ ਚਲਾਉਣ ਲੱਗ ਪਏ ਸਨ ਤਾਂ ਔਜਲਾ ਨੇ ਅੱਗੇ ਵਧਕੇ ਕਲਰ ਬੰਬ ਨੂੰ ਸਦਨ ਤੋਂ ਬਾਹਰ ਸੁੱਟ ਦਿੱਤਾ ਸੀ। ਜਿਸ ਤੋਂ ਬਾਅਦ ਸ਼ੋਸਲ ਮੀਡੀਆ ਤੇ ਔਜਲਾ ਦੀ ਕਾਫ਼ੀ ਚਰਚਾ ਹੋਈ ਸੀ। ਹੁਣ ਉਹਨਾਂ ਨੂੰ ਕਾਂਗਰਸ ਨੇ ਮੁੜ ਚੋਣ ਮੈਦਾਨ ਵਿੱਚ ਉਤਾਰਿਆ ਹੈ। ਉਹਨਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਸਰਕਾਰ ਵਿੱਚ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਹੋਵੇਗਾ।
2019 ਦੀਆਂ ਲੋਕ ਸਭਾ ਚੋਣਾਂ
ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਮੁਕਾਬਲਾ ਕਾਂਗਰਸ ਦੇ ਗੁਰਜੀਤ ਔਜਲਾ, ਭਾਜਪਾ ਦਾ ਹਰਦੀਪ ਸਿੰਘ ਪੁਰੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਧਾਲੀਵਾਲ ਵਿਚਾਲੇ ਸੀ। ਇਹਨਾਂ ਚੋਣਾਂ ਵਿੱਚ ਕਾਂਗਰਸ ਨੂੰ 52.4 ਵੋਟ ਸ਼ੇਅਰ ਦੇ ਨਾਲ 4 ਲੱਖ 44 ਹਜ਼ਾਰ ਵੋਟਾਂ ਮਿਲੀਆਂ ਸਨ ਜਦੋਂ ਕਿ ਦੂਜੇ ਨੰਬਰ ਤੇ ਰਹੇ ਭਾਜਪਾ ਉਮੀਦਵਾਰ ਹਰਦੀਪ ਪੁਰੀ ਨੂੰ 40.6 ਫੀਸਦ ਵੋਟਾਂ ਨਾਲ 3 ਲੱਖ 44 ਹਜ਼ਾਰ ਵੋਟਾਂ ਮਿਲੀਆਂ ਸਨ ਕਰੀਬ 1 ਲੱਖ ਵੋਟਾਂ ਦੇ ਫਰਕ ਨਾਲ ਔਜਲਾ ਜਿੱਤਕੇ ਲੋਕ ਸਭਾ ਪਹੁੰਚੇ ਸਨ। ਜਦੋਂਕਿ ਤੀਜੇ ਨੰਬਰ ਤੇ ਰਹੇ ਆਮ ਆਦਮੀ ਪਾਰਟੀ ਦੇ ਕੁਲਦੀਪ ਧਾਲੀਵਾਲ ਨੂੰ 2.3 ਵੋਟ ਫੀਸਦ ਨਾਲ ਮਹਿਜ਼ 19 ਹਜ਼ਾਰ 8 ਸੌ ਵੋਟਾਂ ਹੀ ਮਿਲੀਆਂ।
ਪਰ 2024 ਦੀਆਂ ਚੋਣਾਂ ਵਿੱਚ ਸਥਿਤੀ ਕੁੱਝ ਵੱਖਰੀ ਹੋਵੇਗੀ ਕਿਉਂਕਿ ਲੋਕ ਸਭਾ ਸੀਟ ਅੰਦਰ ਪੈਂਦੀਆਂ 9 ਵਿਧਾਨ ਸਭਾ ਸੀਟਾਂ ਵਿੱਚੋਂ ਸੱਤ ਸੀਟਾਂ ‘ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੈ, ਜਦੋਂ ਕਿ ਇੱਕ ਸੀਟ ‘ਤੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰ ਨੇ ਜਿੱਤ ਹਾਸਿਲ ਕੀਤੀ ਸੀ। ਇਸ ਕਰਕੇ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਸਥਿਤੀ ਕੁੱਝ ਵੱਖਰੀ ਹੋਵੇਗੀ। ਇਸ ਵਾਰ ਹਰਦੀਪ ਪੁਰੀ ਦੀ ਥਾਂ ਭਾਜਪਾ ਨੇ ਸੁਮੰਦਰੀ ਪਰਿਵਾਰ ਨੂੰ ਟਿਕਟ ਦਿੱਤੀ ਹੈ। ਇਸ ਸੀਟ ਤੋਂ ਤੇਜਾ ਸਿੰਘ ਸੁਮੰਦਰੀ ਦੇ ਪੌਤਰੇ ਤਰਨਜੀਤ ਸਿੰਘ ਸੰਧੂ ਚੋਣ ਮੈਦਾਨ ਵਿੱਚ ਹਨ। ਜਿਸ ਕਰਕੇ ਮੁਕਾਬਲਾ ਇਸ ਵਾਰ ਤਿਕੌਣਾ ਹੋਣ ਦੀ ਉਮੀਦ ਹੈ।
2022 ਦੀਆਂ ਵਿਧਾਨ ਸਭਾ ਚੋਣਾਂ
2022 ਦੀਆਂ ਵਿਧਾਨ ਸਭਾ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ ਮਾਝੇ ਇਲਾਕੇ ਵਿੱਚ ਦਸਤਕ ਦਿੱਤੀ। ਭਗਵੰਤ ਮਾਨ ਦੀ ਅਗਵਾਈ ਵਿੱਚ ਪਾਰਟੀ ਨੇ 7 ਸੀਟਾਂ ਜਿੱਤਕੇ ਪਾਰਟੀ ਦੀ ਝੋਲੀ ਵਿੱਚ ਪਾਈਆਂ। ਇਸ ਸਿਆਸੀ ਹਨੇਰੀ ਵਿੱਚ ਮਜੀਠਾ ਤੋਂ ਗਨੀਬ ਕੌਰ ਮਜੀਠੀਆ ਤੇ ਰਾਜਾ ਸਾਂਸੀ ਹਲਕੇ ਤੋਂ ਸੁਖਬਿੰਦਰ ਸਿੰਘ ਸਰਕਾਰੀ ਹੀ ਟਿਕ ਸਕੇ ਸਨ। ਬਾਕੀ ਸਾਰੀਆਂ ਸੀਟਾਂ ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਹੋਈ ਸੀ।
ਆਮ ਆਦਮੀ ਪਾਰਟੀ ਨੂੰ 40.9 ਫੀਸਦ, ਕਾਂਗਰਸ ਨੂੰ 24.7 ਫੀਸਦ, ਸ਼੍ਰੋਮਣੀ ਅਕਾਲੀ ਦਲ ਨੂੰ 25 ਫੀਸਦ ਅਤੇ ਭਾਜਪਾ ਨੂੰ ਮਹਿਜ਼ 4.8 ਫੀਸਦ ਵੋਟਾਂ ਹੀ ਮਿਲੀਆਂ।