ਡਾ. ਬਲਬੀਰ ਸਿੰਘ
ਪਟਿਆਲਾ ਦੀ ਲੋਕ ਸਭਾ ਸੀਟ ‘ਤੇ ਇਸ ਵਾਰ ਮੁਕਾਬਲਾ ਚਾਰ ਪਾਰਟੀਆਂ ਵਿਚਾਲੇ ਹੋਵੇਗਾ ਕਿਉਂਕਿ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗੱਠਜੋੜ ਨਾ ਹੋਣ ਦੀ ਸੂਰਤ ਵਿੱਚ ਜਿੱਥੇ ਭਾਜਪਾ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਵਿੱਚੋਂ ਕਿਸੇ ਨੂੰ ਉਮੀਦਵਾਰ ਐਲਾਨੇਗੀ। ਤਾਂ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੀ ਆਪਣਾ ਵੱਖਰਾ ਉਮੀਦਵਾਰ ਮੈਦਾਨ ਵਿੱਚ ਉਤਾਰੇਗੀ ਪਰ ਉਮੀਦਵਾਰਾਂ ਦੇ ਮਾਮਲੇ ਵਿੱਚ ਤਾਂ ਬਾਜ਼ੀ ਆਮ ਆਦਮੀ ਪਾਰਟੀ ਨੇ ਮਾਰ ਲਈ ਹੈ। ਪਟਿਆਲਾ ਲੋਕ ਸਭਾ ਸੀਟ ਤੋਂ ਡਾ. ਬਲਬੀਰ ਸਿੰਘ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।
ਡਾ. ਬਲਬੀਰ ਸਿੰਘ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਟਿਆਲਾ ਤੋਂ ਚੋਣ ਲੜੀ ਸੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਕੇ ਸਦਨ ਵਿੱਚ ਪਹੁੰਚੇ ਸਨ। ਜਿਸ ਤੋਂ ਬਾਅਦ ਉਹਨਾਂ ਨੂੰ ਇਸ ਵੱਡੀ ਜਿੱਤ ਦਾ ਇਨਾਮ ਕੈਬਨਿਟ ਵਿੱਚ ਮੰਤਰੀ ਬਣਾਇਆ ਗਿਆ ਸੀ । ਜਿਸ ਤੋਂ ਬਾਅਦ ਉਹ ਹੁਣ ਸਿਹਤ ਮੰਤਰੀ ਵਜੋਂ ਸੇਵਾਵਾਂ ਨਿਭਾਅ ਰਹੇ ਸਨ।
ਡਾ. ਬਲਬੀਰ ਸਿੰਘ ਦਾ ਸਿਆਸੀ ਸਫ਼ਰ
ਬਲਬੀਰ ਸਿੰਘ ਦੀ ਸਿਆਸੀ ਗਤੀਵਿਧੀਆਂ ਵਿੱਚ ਰੁਚੀ ਬਚਪਨ ਤੋਂ ਹੀ ਰਹੀ ਸੀ। ਜਿਸ ਕਾਰਨ ਉਹ ਬਹੁਤ ਛੋਟੀ ਉਮਰ ਵਿੱਚ ਹੀ ਇੰਦਰਾ ਗਾਂਧੀ ਸਰਕਾਰ ਖਿਲਾਫ਼ 1974 ਵਿੱਚ ਹੋਏ ਜੇਪੀ ਅੰਦੋਲਨ ਵਿੱਚ ਸ਼ਾਮਿਲ ਹੋਏ। ਉਸ ਤੋਂ ਬਾਅਦ ਸਾਲ 2011 ਵਿੱਚ ਉਹ ਅੰਨਾ ਹਜ਼ਾਰੇ ਦੇ ਅੰਦੋਲਨ ਦਾ ਵੀ ਹਿੱਸਾ ਰਹੇ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਅਤੇ ਪਟਿਆਲਾ ਤੋਂ ਵਿਧਾਨ ਸਭਾ ਦੀ ਚੋਣ ਲੜੀ ਪਰ ਉਹਨਾਂ ਨੂੰ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਉਹ ਪਾਰਟੀ ਗਤੀਵਿਧੀਆ ਵਿੱਚ ਸਰਗਰਮ ਰਹੇ।
ਜਿਸ ਤੋਂ ਬਾਅਦ ਪਾਰਟੀ ਨੇ ਉਹਨਾਂ ਨੂੰ ਸਾਲ 2022 ਵਿੱਚ ਦੋਬਾਰਾ ਚੋਣ ਮੈਦਾਨ ਵਿੱਚ ਉਤਾਰਿਆ। ਇਸ ਵਾਰ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਰਾ ਦਿੱਤਾ। ਹੁਣ ਬਲਬੀਰ ਸਿੰਘ ਤੀਜੀ ਵਾਰ ਚੋਣ ਮੈਦਾਨ ਵਿੱਚ ਉਤਰ ਰਹੇ ਹਨ। ਇਸ ਵਾਰ ਉਹਨਾਂ ਦਾ ਟੀਚਾ ਵਿਧਾਨ ਸਭਾ ਤੋਂ ਸੰਸਦ ਤੱਕ ਦਾ ਸਫ਼ਰ ਪੂਰਾ ਕਰਨ ਦਾ ਹੋਵੇਗਾ।