ਦਲਜੀਤ ਸਿੰਘ ਚੀਮਾ
ਹੁਣ ਤੱਕ ਗੁਰਦਾਸਪੁਰ ਦੀ ਸੀਟ ਨੂੰ ਸੈਲੀਬ੍ਰਿਟੀ ਸੀਟ ਮੰਨਿਆ ਜਾਂਦਾ ਸੀ। ਪਰ ਇਸ ਵਾਰ ਇਹ ਸੀਟ ਕਿਸੇ ਸੈਲੀਬ੍ਰਿਟੀ ਦੀ ਥਾਂ ਲੋਕਲ ਲੀਡਰਾਂ ਦੀ ਸੀਟ ਬਣ ਗਈ ਹੈ। ਭਾਜਪਾ ਨੇ ਦਿਨੇਸ਼ ਬੱਬੂ ਨੂੰ ਉਮੀਦਵਾਰ ਬਣਾਇਆ ਹੈ ਤਾਂ ਅਕਾਲੀ ਦਲ ਨੇ ਦਲਜੀਤ ਚੀਮਾ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਦਲਜੀਤ ਚੀਮਾ ਦਾ ਸਿਆਸੀ ਸਫ਼ਰ
ਰੂਪਨਗਰ ਸੀਟ ਤੋਂ ਵਿਧਾਇਕ ਰਹੇ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਵਜੋਂ ਸੇਵਾਵਾਂ ਨਿਭਾਅ ਚੁੱਕੇ ਦਲਜੀਤ ਸਿੰਗ ਚੀਮਾ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਮੈਦਾਨ ਵਿੱਚ ਉਤਾਰਿਆ ਹੈ। 2 ਮਾਰਚ 1962 ਨੂੰ ਗੁਰਦਾਸਪੁਰ ਵਿੱਚ ਜਨਮੇ ਡਾ: ਦਲਜੀਤ ਸਿੰਘ ਚੀਮਾ ਨੇ ਜੀਜੀਐਸ ਮੈਡੀਕਲ ਕਾਲਜ ਤੋਂ ਐਮਬੀਬੀਐਸ ਕੀਤੀ ਅਤੇ ਫਿਰ ਫਰੀਦਕੋਟ ਤੋਂ ਆਰਥੋਪੈਡਿਕਸ ਅਤੇ ਨੇਤਰ ਵਿਗਿਆਨ ਦੀ ਪੜ੍ਹਾਈ ਕੀਤੀ। ਦਲਜੀਤ ਸਿੰਘ ਚੀਮਾ ਪੇਸ਼ੇ ਵਜੋਂ ਡਾਕਟਰ ਹਨ।
ਉਨ੍ਹਾਂ ਨੇ 90 ਦੇ ਦਹਾਕੇ ਵਿੱਚ ਰਾਜਨੀਤੀ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਚੋਣ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲੈਣ ਲੱਗ ਪਏ। ਇਸ ਦੌਰਾਨ ਸਾਲ 2007 ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਦੇ ਕੇ ਆਪਣਾ ਸਲਾਹਕਾਰ ਨਿਯੁਕਤ ਕੀਤਾ ਸੀ। ਉਹ ਪੰਜ ਸਾਲ ਇਸ ਅਹੁਦੇ 'ਤੇ ਰਹੇ ਇਸ ਤੋਂ ਬਾਅਦ 2012 ਦੀਆਂ ਚੋਣਾਂ ਵਿੱਚ ਪਾਰਟੀ ਨੇ ਉਹਨਾਂ ਨੂੰ ਰੂਪਨਗਰ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ। ਜਿਥੋਂ ਉਹਨਾਂ ਨੇ ਜਿੱਤ ਹਾਸਿਲ ਕੀਤੀ।
ਪੰਜਾਬ ਸਰਕਾਰ ਵਿਚ ਸਿੱਖਿਆ ਮੰਤਰੀ ਬਣੇ। ਇਸ ਕਾਰਜਕਾਲ ਦੌਰਾਨ ਉਨ੍ਹਾਂ ਰੋਪੜ ਵਿੱਚ ਫਲਾਈਓਵਰ ਦਾ ਨਿਰਮਾਣ ਕਰਵਾਇਆ। ਇਹ ਆਪਣੀ ਕਿਸਮ ਦਾ ਵਿਲੱਖਣ ਫਲਾਈਓਵਰ ਦੱਸਿਆ ਜਾ ਰਿਹਾ ਹੈ। 2012 ਤੋਂ 2017 ਤੱਕ ਵਿਧਾਇਕ ਅਤੇ ਮੰਤਰੀ ਰਹਿੰਦਿਆਂ ਦਲਜੀਤ ਸਿੰਘ ਚੀਮਾ CABE (ਸੈਂਟਰਲ ਐਡਵਾਈਜ਼ਰੀ ਬੋਰਡ ਆਫ਼ ਐਜੂਕੇਸ਼ਨ) ਦੀ ਸਬ-ਕਮੇਟੀ ਦੇ ਮੈਂਬਰ ਰਹੇ। ਇਸ ਤੋਂ ਇਲਾਵਾ ਉਹ ਪੰਜਾਬ ਸਾਖਰਤਾ ਮਿਸ਼ਨ ਅਥਾਰਟੀ ਦੇ ਮੈਂਬਰ ਵੀ ਰਹੇ।