ਬਿਕਰਮਜੀਤ ਸਿੰਘ ਖਾਲਸਾ
ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੀ ਫ਼ਤਿਹਗੜ੍ਹ ਸਾਹਿਬ ਲੋਕ ਸਭਾ ਸੀਟ ਤੋਂ ਬਿਕਰਮਜੀਤ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਪਿਛਲੀਆਂ ਚੋਣਾਂ ਵਿੱਚ ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਪ੍ਰਸ਼ਾਸਨਿਕ ਅਧਿਕਾਰੀ ਦਰਬਾਰਾ ਸਿੰਘ ਗੁਰੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ। ਪਰ ਉਹਨਾਂ ਨੂੰ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਬਿਕਰਮਜੀਤ ਸਿੰਘ ਖਾਲਸਾ ਦਾ ਸਿਆਸੀ ਸਫ਼ਰ
ਬਿਕਰਮਜੀਤ ਸਿੰਘ ਖਾਲਸਾ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਸ਼ੁਰੂ ਕੀਤੀ। ਉਹਨਾਂ ਨੇ ਆਪਣੀ ਪਹਿਲੀ ਚੋਣ ਖੰਨਾ ਹਲਕੇ ਤੋਂ ਲੜੀ ਅਤੇ 2007 ਦੀਆਂ ਵਿਧਾਨ ਸਭਾ ਵਿੱਚ ਜਿੱਤਕੇ ਵਿਧਾਨ ਸਭਾ ਪਹੁੰਚੇ। ਪ੍ਰਕਾਸ਼ ਸਿੰਘ ਬਾਦਲ ਦੀ ਅਗੁਵਾਈ ਵਾਲੀ ਪੰਜਾਬ ਸਰਕਾਰ ਵਿੱਚ ਉਹਨਾਂ ਨੂੰ ਸੰਸਦੀ ਸਕੱਤਰ ਬਣਾਇਆ ਗਿਆ। ਪਰ ਉਹਨਾਂ ਨੂੰ 2012 ਦੀਆਂ ਚੋਣਾਂ ਵਿੱਚ ਰਾਏਕੋਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋ ਇਲਾਵਾ ਉਹ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਵੀ ਰਹਿ ਚੁੱਕੇ ਹਨ।
ਬਿਕਰਮਜੀਤ ਸਿੰਘ ਖਾਲਸਾ 2 ਵਾਰ ਸਾਂਸਦ ਰਹੇ ਬਸੰਤ ਸਿੰਘ ਖਾਲਸਾ ਦੇ ਪੁੱਤਰ ਹਨ। ਬਸੰਤ ਸਿੰਘ ਰੋਪੜ ਹਲਕੇ ਤੋਂ 2 ਵਾਰ ਸੰਸਦ ਚੁਣੇ ਗਏ ਸਨ। ਉਹਨਾਂ ਨੇ 1997 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਅਤੇ 1996 ਵਿੱਚ ਅਜ਼ਾਦ ਉਮੀਦਵਾਰ ਵਜੋਂ ਜਿੱਤ ਹਾਸਿਲ ਕੀਤੀ ਸੀ।
ਇਸ ਸੀਟ ‘ਤੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੂਜੇ ਨੰਬਰ ‘ਤੇ ਰਿਹਾ ਸੀ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਨੂੰ 4 ਲੱਖ 10 ਹਜ਼ਾਰ ਵੋਟਾਂ ਮਿਲੀਆਂ ਸਨ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੂੰ 3 ਲੱਖ 16 ਹਜ਼ਾਰ 999 ਵੋਟਾਂ ਮਿਲੀਆਂ ਸਨ। ਜਦੋਂ ਕਿ 1 ਲੱਖ 42 ਹਜ਼ਾਰ ਵੋਟਾਂ ਲੈਕੇ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਤੀਜੇ ਨੰਬਰ ਤੇ ਰਹੇ ਸਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਬਨਦੀਪ ਸਿੰਘ ਨੂੰ ਸਿਰਫ਼ 62 ਹਜ਼ਾਰ 553 ਵੋਟਾਂ ਮਿਲੀਆਂ ਸਨ।
ਪਰ ਇਸ ਵਾਰ ਸਥਿਤੀ ਕੁੱਝ ਬਦਲੀ ਹੋਈ ਹੈ। ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਅਗੁਵਾਈ ਵਾਲੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੈ ਅਤੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ ਸਾਰੇ 9 ਹਲਕਿਆਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੀ ਜਿੱਤੇ ਸਨ। ਜਿਸ ਕਰਕੇ ਇਸ ਵਾਰ ਸਾਰੀਆਂ ਹੀ ਸਿਆਸੀ ਪਾਰਟੀਆਂ ਦਾ ਮੁਕਾਬਲਾ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਹੋਵੇਗਾ।