ਅਨੀਤਾ ਸੋਮ ਪ੍ਰਕਾਸ਼
ਪੰਜਾਬ ਵਿੱਚ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਇਕੱਲਿਆ ਲੋਕ ਸਭਾ ਚੋਣਾਂ ਲੜ ਰਹੀ ਹੈ। ਇਹਨਾਂ ਚੋਣਾਂ ਲਈ ਪਾਰਟੀ ਵੱਲੋਂ ਉਮੀਦਵਾਰਾਂ ਦਾ ਐਲਾਨ ਵੀ ਕੀਤਾ ਜਾ ਚੁੱਕਿਆ ਹੈ। ਜੇਕਰ ਗੱਲ ਕੀਤੀ ਜਾਵੇ ਉਹਨਾਂ ਸੀਟਾਂ ਦੀ ਜਿੱਥੇ ਭਾਜਪਾ ਪਹਿਲਾਂ ਤੋਂ ਮਜ਼ਬੂਤ ਦਿਖਾਈ ਦੇ ਰਹੀ ਹੈ ਤਾਂ ਉਹਨਾਂ ਵਿੱਚੋਂ ਇੱਕ ਸੀਟ ਹੈ। ਹੁਸ਼ਿਆਰਪੁਰ ਲੋਕ ਸਭਾ ਸੀਟ। ਇਸ ਨੂੰ ਅਨੁਸੂਚਿਤ ਜਾਤੀ ਲਈ ਰਾਖਵਾਂ ਰੱਖਿਆ ਗਿਆ ਹੈ। ਇਸ ਸੀਟ ਤੋਂ ਮੌਜੂਦਾ ਸਾਂਸਦ ਭਾਰਤੀ ਜਨਤਾ ਪਾਰਟੀ ਦੇ ਸੋਮ ਪ੍ਰਕਾਸ਼ ਹਨ। ਉਹ ਮੋਦੀ ਸਰਕਾਰ ਵਿੱਚ ਕੇਂਦਰੀ ਰਾਜ ਮੰਤਰੀ ਦੇ ਤੌਰ ਤੇ ਸੇਵਾਵਾਂ ਨਿਭਾਅ ਚੁੱਕੇ ਹਨ।
2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਇਸ ਸੀਟ ਤੋਂ ਅਨੀਤਾ ਸੋਮ ਪ੍ਰਕਾਸ਼ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਅਨੀਤਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਹਨ। ਕਾਫ਼ੀ ਸਮੇਂ ਤੋਂ ਸਿਆਸਤ ਵਿੱਚ ਉਹ ਆਪਣੇ ਪਤੀ ਦੇ ਨਾਲ ਮੋਢੇ ਨਾਲ ਮੋਢਾ ਮਿਲਾਕੇ ਚੱਲ ਰਹੀ ਸੀ।
ਹੁਸ਼ਿਆਰਪੁਰ ਵਿੱਚ ਅਨੀਤਾ ਸੋਮ ਪ੍ਰਕਾਸ਼ ਦੀ ਪਹਿਚਾਣ ਇੱਕ ਸਮਾਜਸੇਵੀ ਦੇ ਤੌਰ ‘ਤੇ ਬਣੀ ਹੋਈ ਹੈ। ਉਹ ਪਹਿਲੀ ਵਾਰ ਲੋਕ ਸਭਾ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾ ਰਹੀ ਹੈ।
ਅਨੀਤਾ ਦੇ ਪਤੀ ਸੋਮ ਪ੍ਰਕਾਸ਼ ਨੇ ਆਪਣੀ ਪਹਿਲੀ ਲੋਕ ਸਭਾ ਚੋਣ 2009 ਵਿੱਚ ਲੜੀ ਪਰ ਇਸ ਚੋਣ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਇਹ ਸੀਟ ਵਿਜੈ ਸਾਂਪਲਾ ਕੋਲ ਚਲੀ ਗਈ ਪਰ ਸਾਲ 2019 ਦੀਆਂ ਚੋਣਾਂ ਵਿੱਚ ਇਹ ਸੀਟ ਮੁੜ ਸੋਮ ਪ੍ਰਕਾਸ਼ ਦੇ ਹਿੱਸੇ ਆਈ ਅਤੇ ਇਸ ਵਾਰ ਉਹ ਚੋਣ ਜਿੱਤ ਕੇ ਲੋਕ ਸਭਾ ਪਹੁੰਚੇ ਅਤੇ ਕੇਂਦਰੀ ਰਾਜ ਮੰਤਰੀ ਬਣੇ।
ਜੇਕਰ ਪਿਛਲੀਆਂ ਲੋਕ ਸਭਾ ਚੋਣਾਂ ਦੇ ਅੰਕੜਿਆਂ ਤੇ ਨਜ਼ਰ ਮਾਰੀ ਜਾਵੇ ਤਾਂ ਭਾਜਪਾ ਦੇ ਸੋਮ ਪ੍ਰਕਾਸ਼ ਨੂੰ 4 ਲੱਖ 16 ਹਜ਼ਾਰ, ਕਾਂਗਰਸ ਦੇ ਰਾਜ ਕੁਮਾਰ ਚੱਬੇਵਾਲ (ਜੋ ਇਸ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ) ਨੂੰ 3 ਲੱਖ 69 ਹਜ਼ਾਰ ਵੋਟਾਂ ਮਿਲੀਆਂ। ਇਸ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਦੇ ਖੁਸ਼ੀ ਰਾਮ ਨੂੰ 1 ਲੱਖ 28 ਹਜ਼ਾਰ ਵੋਟਾਂ ਮਿਲੀਆਂ ਜਦੋਂ ਕਿ ਆਮ ਆਦਮੀ ਪਾਰਟੀ ਚੌਥੇ ਨੰਬਰ ‘ਤੇ ਰਹੀ AAP ਦੇ ਉਮੀਦਵਾਰ ਡਾ. ਰਵਜੋਤ ਸਿੰਘ ਨੂੰ ਮਹਿਜ਼ 44 ਹਜ਼ਾਰ ਵੋਟ ਹੀ ਮਿਲੇ।