ਅਨਿਲ ਜੋਸ਼ੀ
ਕਿਸੇ ਸਮੇਂ ਪੰਥਕ ਪਾਰਟੀ ਕਹੇ ਜਾਣ ਵਾਲੀ ਪਾਰਟੀ ਆਪਣੀ ਸਿਆਸੀ ਜ਼ਮੀਨ ਬਚਾਉਣ ਲਈ ਜੱਦੋ- ਜਹਿਦ ਕਰ ਰਹੀ ਹੈ। ਹੁਣ ਉਹ ਪੰਥਕ ਤੋਂ ਸੈਕੂਲਰ ਪਾਰਟੀ ਹੋਣ ਵੱਲ ਨੂੰ ਹੋ ਚੱਕੀ ਹੈ। ਇਸ ਵਾਰ ਪਾਰਟੀ ਨੇ 2 ਹਿੰਦੂ ਚਿਹਰਿਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਹਨਾਂ ਵਿੱਚ ਇੱਕ ਚਿਹਰਾ ਹੈ ਅਨਿਲ ਜੋਸ਼ੀ, ਜੋ ਕਿਸੇ ਸਮੇਂ ਭਾਜਪਾ ਦੀ ਟਿਕਟ ‘ਤੇ ਜਿੱਤਕੇ ਵਿਧਾਨ ਸਭਾ ਜਾਂਦੇ ਸਨ ਅਤੇ ਬਾਦਲ ਸਰਕਾਰ ਸਮੇਂ ਕੈਬਨਿਟ ਮੰਤਰੀ ਵਜੋਂ ਵੀ ਸੇਵਾਵਾਂ ਦਿੱਤੀਆਂ।
ਹੁਣ ਅਨਿਲ ਜੋਸ਼ੀ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਸ਼੍ਰੀ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਚੋਣ ਲੜਦੇ ਨਜ਼ਰ ਆਉਣਗੇ। ਉਹਨਾਂ ਭਾਜਪਾ ਦੇ ਤਰਨਜੀਤ ਸਿੰਘ ਸੰਧੂ ਅਤੇ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨਾਲ ਹੋਵੇਗਾ।
ਅਨਿਲ ਜੋਸ਼ੀ ਦਾ ਸਿਆਸੀ ਸਫ਼ਰ
ਅਨਿਲ ਜੋਸ਼ੀ ਪਹਿਲੀ ਵਾਰ ਲੋਕ ਸਭਾ ਚੋਣਾਂ ਵਿੱਚ ਆਪਣੀ ਕਿਸਮਤ ਅਜਮਾਉਣ ਜਾ ਰਹੇ ਹਨ। ਅਨਿਲ ਜੋਸ਼ੀ ਦਾ ਜਨਮ 31 ਮਾਰਚ 1964 ਨੂੰ ਤਰਨਤਾਰਨ ਜ਼ਿਲ੍ਹੇ ਵਿੱਚ ਕਿਸ਼ੋਰੀ ਲਾਲ ਜੋਸ਼ੀ ਅਤੇ ਮਾਤਾ ਪੁਸ਼ਪਾ ਰਾਣੀ ਜੋਸ਼ੀ ਦੇ ਘਰ ਹੋਇਆ ਸੀ। ਉਨ੍ਹਾਂ ਨੇ 90 ਦੇ ਦਹਾਕੇ 'ਚ ਭਾਜਪਾ ਨਾਲ ਰਾਜਨੀਤੀ ਦੀ ਸ਼ੁਰੂਆਤ ਕੀਤੀ ਸੀ। ਜੋਸ਼ੀ ਪਹਿਲੀ ਵਾਰ 2007 ਵਿਚ ਭਾਜਪਾ ਦੀ ਟਿਕਟ 'ਤੇ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਵੀ ਚੁਣੇ ਗਏ ਸਨ। ਇਸ ਤੋਂ ਬਾਅਦ ਉਹ 2012 ਵਿਚ ਉਸੇ ਸੀਟ ਤੋਂ ਭਾਜਪਾ ਦੀ ਟਿਕਟ 'ਤੇ ਮੁੜ ਵਿਧਾਇਕ ਚੁਣੇ ਗਏ ਅਤੇ ਉਸ ਸਮੇਂ ਦੀ ਸਰਕਾਰ ਵਿਚ ਕੈਬਨਿਟ ਮੰਤਰੀ ਬਣੇ। ਉਨ੍ਹਾਂ ਨੂੰ ਸਿਹਤ ਮੰਤਰਾਲੇ ਦੀ ਜਿੰਮੇਦਾਰੀ ਦਿੱਤੀ ਗਈ।
ਇਸ ਤੋਂ ਬਾਅਦ ਫਿਰ ਉਹ 2017 ਦੀਆਂ ਚੋਣਾਂ ਵਿੱਚ ਮੈਦਾਨ ਵਿੱਚ ਉਤਰੇ ਪਰ ਕਾਂਗਰਸੀ ਉਮੀਦਵਾਰ ਸੁਨੀਲ ਦੱਤੀ ਕੋਲੋਂ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਜੁਲਾਈ 2021 ਵਿੱਚ ਉਹਨਾਂ ਨੇ ਕਿਸਾਨੀ ਅੰਦੋਲਨ ਵਿੱਚ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਸਮਰਥਨ ਕੀਤਾ ਜਿਸ ਤੋਂ ਭਾਜਪਾ ਨੇ ਉਹਨਾਂ ਤੇ ਅਨੁਸਾਸ਼ਨੀ ਕਾਰਵਾਈ ਕਰਦੇ ਹੋਏ ਛੇ ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤਾ। ਜਿਸ ਤੋਂ ਬਾਅਦ ਉਹ ਅਗਸਤ 2021 ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੇ ਆਪਣੇ ਵਿਧਾਨ ਸਭਾ ਹਲਕਾ ਉੱਤਰੀ ਅੰਮ੍ਰਿਤਸਰ ਵਿੱਚ ਬਹੁਤ ਸਾਰੇ ਵਿਕਾਸ ਕਾਰਜ ਕਰਵਾਏ ਹਨ। ਇਸ ਕਰਕੇ ਉਨ੍ਹਾਂ ਨੂੰ ਇਲਾਕੇ ਵਿੱਚ ਵਿਕਾਸਪੁਰਸ਼ ਕਿਹਾ ਜਾਂਦਾ ਹੈ।
ਹੁਣ ਅਨਿਲ ਜੋਸ਼ੀ ਆਪਣੀ ਪੁਰਾਣੀ ਪਾਰਟੀ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਮੁਕਾਬਲਾ ਕਰਦੇ ਦਿਖਾਈ ਦੇਣਗੇ।