ਡਾ. ਅਮਰ ਸਿੰਘ
ਕਾਂਗਰਸ ਨੇ ਸ਼੍ਰੀ ਫ਼ਤਿਹਗੜ੍ਹ ਲੋਕ ਸਭਾ ਹਲਕੇ ਤੋਂ ਆਪਣੇ ਮੌਜੂਦਾ ਸਾਂਸਦ ਡਾ. ਅਮਰ ਸਿੰਘ ਤੇ ਮੁੜ ਵਿਸ਼ਵਾਸ ਜਤਾਇਆ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਡਾ. ਅਮਰ ਸਿੰਘ ਕਾਂਗਰਸ ਪਾਰਟੀ ਦੀ ਟਿਕਟ ‘ਤੇ ਚੋਣ ਲੜਣਗੇ। ਆਓ ਜਾਣਦੇ ਹਾਂ ਡਾ. ਅਮਰ ਸਿੰਘ ਦੇ ਸਿਆਸੀ ਕੈਰੀਅਰ ਬਾਰੇ
ਡਾ. ਅਮਰ ਸਿੰਘ ਦਾ ਸਿਆਸੀ ਸਫ਼ਰ
ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਮੌਜੂਦਾ ਸਾਂਸਦ ਅਤੇ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਦਾ ਜਨਮ 26 ਮਈ ਨੂੰ 1953 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੋਪਾਰਾਏ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਮਲਕੀਅਤ ਸਿੰਘ ਅਤੇ ਮਾਤਾ ਦਾ ਨਾਮ ਗੁਰਦੇਵ ਕੌਰ ਸੀ। ਉਹਨਾਂ ਨੇ MBBS ਅਤੇ ਐੱਮ. ਏ. ਅਰਥ ਸ਼ਾਸਤਰ ਦੀ ਪੜਾਈ ਕੀਤੀ।
ਇਸ ਤੋਂ ਬਾਅਦ ਡਾ. ਅਮਰ ਸਿੰਘ ਨੇ ਸਿਵਲ ਸੇਵਾ ਦੀ ਪ੍ਰੀਖਿਆ ਦਿੱਤੀ। ਜਿਸ ਵਿੱਚ ਉਹਨਾਂ ਨੂੰ ਚੁਣ ਲਿਆ ਗਿਆ ਅਤੇ ਉਹ IAS ਅਫ਼ਸਰ ਬਣ ਗਏ। ਡਾ. ਅਮਰ ਸਿੰਘ ਨੂੰ ਮੱਧ ਪ੍ਰਦੇਸ਼ ਕਾਡਰ ਅਲਾਟ ਕੀਤਾ ਗਿਆ। ਇਸ ਤੋਂ ਬਾਅਦ ਡਾ. ਅਮਰ ਸਿੰਘ ਮੱਧ ਪ੍ਰਦੇਸ਼ ਸਰਕਾਰ ਅਤੇ ਕੇਂਦਰ ਸਰਕਾਰ ਵਿੱਚ ਕਈ ਅਹਿਮ ਅਹੁਦਿਆਂ ‘ਤੇ ਰਹੇ ਅਤੇ ਸਿਵਲ ਅਧਿਕਾਰੀ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ।
ਸਾਲ 2013 ਵਿੱਚ ਡਾ. ਅਮਰ ਸਿੰਘ ਸਿਵਲ ਸੇਵਾ ਤੋਂ ਸੇਵਾ ਮੁਕਤ ਹੋਏ ਅਤੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਸਾਲ 2014 ਵਿੱਚ ਉਹਨਾਂ ਨੂੰ ਪੰਜਾਬ ਕਾਂਗਰਸ ਦਾ ਉੱਪ ਪ੍ਰਧਾਨ ਬਣਾ ਦਿੱਤਾ ਗਿਆ। ਇਸ ਤੋਂ ਬਾਅਦ ਪਾਰਟੀ ਪ੍ਰਤੀ ਕੀਤੇ ਗਏ ਉਹਨਾਂ ਦੇ ਕੰਮਾਂ ਨੂੰ ਦੇਖਦਿਆਂ ਕਾਂਗਰਸ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਨੂੰ ਰਾਏਕੋਟ ਤੋਂ ਟਿਕਟ ਦਿੱਤੀ। ਪਰ ਇਸ ਵਾਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਤੋਂ ਬਾਅਦ ਵੀ ਅਮਰ ਸਿੰਘ ਪਾਰਟੀ ਨਾਲ ਜੁੜੇ ਰਹੇ।
ਇਸ ਤੋਂ ਬਾਅਦ ਪਾਰਟੀ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਉਹਨਾਂ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਹਲਕੇ ਦੀ ਜ਼ਿੰਮੇਵਾਰੀ ਦਿੱਤੀ ਅਤੇ ਇਸ ਵਾਰ ਅਮਰ ਸਿੰਘ ਦੇ ਹਿੱਸੇ ਜਿੱਤ ਆਈ ਅਤੇ ਉਹ ਪਹਿਲੀ ਵਾਰ ਸਾਂਸਦ ਬਣਕੇ ਲੋਕ ਸਭਾ ਪਹੁੰਚੇ। ਉਹਨਾਂ ਨੇ ਲੋਕ ਸਭਾ ਵਿੱਚ ਕਈ ਮੁੱਦੇ ਚੁੱਕੇ ਜਿਨ੍ਹਾਂ ਦੀ ਲੋਕਾਂ ਵਿੱਚ ਕਾਫੀ ਚਰਚਾ ਹੋਈ। ਖੇਤੀ ਕਾਨੂੰਨਾਂ ਨਾਲ ਸਬੰਧਿਤ ਕਈ ਮਸਲੇ ਉਹਨਾਂ ਨੇ ਸਦਨ ਵਿੱਚ ਚੁੱਕੇ। ਹੁਣ ਕਾਂਗਰਸ ਨੇ ਡਾ. ਅਮਰ ਸਿੰਘ ਤੇ ਮੁੜ ਵਿਸਵਾਸ਼ ਜਤਾਇਆ ਹੈ। ਹੁਣ ਦੇਖਣਾ ਹੋਵੇਗਾ ਕਿ ਉਹ ਇਸ ਵਾਰ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਜਿੱਤ ਕੇ ਲੋਕ ਸਭਾ ਜਾ ਸਕਣਗੇ ਜਾਂ ਨਹੀਂ।