ਭਜਨ ਲਾਲ ਸ਼ਰਮਾ ਹੋਣਗੇ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ, ਦੀਆ ਕੁਮਾਰੀ ਅਤੇ ਪ੍ਰੇਮ ਚੰਦ ਬੈਰਵਾ ਡਿਪਟੀ ਸੀਐੱਮ

Updated On: 

12 Dec 2023 17:40 PM

ਰਾਜਸਥਾਨ ਉਨ੍ਹਾਂ ਤਿੰਨ ਰਾਜਾਂ ਵਿੱਚੋਂ ਇੱਕ ਹੈ ਜਿੱਥੇ ਭਾਜਪਾ ਨੇ ਹਾਲੀਆ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਸੂਬੇ ਦੀਆਂ 200 ਵਿੱਚੋਂ 199 ਸੀਟਾਂ ਲਈ 3 ਦਸੰਬਰ ਨੂੰ ਹੋਈਆਂ ਚੋਣਾਂ ਦੇ ਨਤੀਜੇ ਐਲਾਨੇ ਗਏ ਸਨ। ਭਾਜਪਾ ਨੇ 115 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ ਸੀ। ਇਸ ਜਿੱਤ ਦੇ ਬਾਅਦ ਤੋਂ ਹੀ ਸੀਐਮ ਨੂੰ ਲੈ ਕੇ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਵਸੁੰਧਰਾ ਰਾਜੇ ਤੋਂ ਇਲਾਵਾ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ, ਗਜੇਂਦਰ ਸਿੰਘ ਸ਼ੇਖਾਵਤ, ਸਤੀਸ਼ ਪੂਨੀਆ ਅਤੇ ਰਾਜਕੁਮਾਰੀ ਦੀਆ ਸਮੇਤ ਕਈ ਦਾਅਵੇਦਾਰ ਸਨ।

ਭਜਨ ਲਾਲ ਸ਼ਰਮਾ ਹੋਣਗੇ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ, ਦੀਆ ਕੁਮਾਰੀ ਅਤੇ ਪ੍ਰੇਮ ਚੰਦ ਬੈਰਵਾ ਡਿਪਟੀ ਸੀਐੱਮ
Follow Us On

ਰਾਜਸਥਾਨ ਵਿੱਚ ਨਵੇਂ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਭਜਨ ਲਾਲ ਸ਼ਰਮਾ ਨੂੰ ਰਾਜਸਥਾਨ ਦੀ ਕਮਾਨ ਸੌਂਪੀ ਗਈ ਹੈ। ਜਿਵੇਂ ਕਿ ਪਹਿਲਾਂ ਹੀ ਅਨੁਮਾਨ ਲਗਾਇਆ ਗਿਆ ਸੀ ਕਿ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਤੋਂ ਬਾਅਦ ਹੁਣ ਰਾਜਸਥਾਨ ਵਿੱਚ ਵੀ ਨਵੇਂ ਚਿਹਰੇ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ। ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਭਜਨ ਲਾਲ ਸ਼ਰਮਾ ਦੇ ਨਾਂ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਗਈ।

ਭਜਨ ਲਾਲ ਸ਼ਰਮਾ ਸਾਂਗਾਨੇਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਉਨ੍ਹਾਂ ਦੇ ਨਾਂ ਦਾ ਪ੍ਰਸਤਾਵ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਰੱਖਿਆ ਸੀ। ਇਸ ਦੇ ਨਾਲ ਹੀ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਰਾਜਸਥਾਨ ਵਿੱਚ ਦੋ ਉਪ ਮੁੱਖ ਮੰਤਰੀ ਹੋਣਗੇ। ਇਸ ਦੇ ਲਈ ਪ੍ਰੇਮ ਚੰਦ ਬੈਰਵਾ ਅਤੇ ਦੀਆ ਕੁਮਾਰੀ ਦੇ ਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸਪੀਕਰ ਲਈ ਵਾਸੁਦੇਵ ਦੇਵਨਾਨੀ ਦਾ ਨਾਂ ਫਾਈਨਲ ਕੀਤਾ ਗਿਆ ਹੈ।

ਦੋ ਡਿਪਟੀ ਸੀਐਮ ਵੀ ਬਣਾਏ ਗਏ

ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦੀ ਤਰ੍ਹਾਂ ਮੁੱਖ ਮੰਤਰੀ ਦੇ ਨਾਮ ਦੇ ਐਲਾਨ ਦੇ ਨਾਲ-ਨਾਲ ਰਾਜਸਥਾਨ ਵਿੱਚ ਵੀ ਦੋ ਉਪ ਮੁੱਖ ਮੰਤਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਦੀਆ ਕੁਮਾਰੀ ਅਤੇ ਪ੍ਰੇਮ ਚੰਦ ਬੈਰਵਾ ਨੂੰ ਉੱਪ ਮੁੱਖ ਮੰਤਰੀ ਐਲਾਨਿਆ ਗਿਆ ਹੈ। ਭਾਜਪਾ ਤਿੰਨਾਂ ਰਾਜਾਂ ਵਿੱਚ ਮੁੱਖ ਮੰਤਰੀ ਦੇ ਨਾਲ-ਨਾਲ ਦੋ ਉਪ ਮੁੱਖ ਮੰਤਰੀਆਂ ਦੇ ਫਾਰਮੂਲੇ ‘ਤੇ ਕੰਮ ਕਰਕੇ ਲੋਕ ਸਭਾ ਵਿੱਚ ਜਾਤੀ ਸਮੀਕਰਨ ਨੂੰ ਸੁਲਝਾਉਣ ਵਿੱਚ ਰੁੱਝੀ ਹੋਈ ਹੈ।

ਕੌਣ ਹਨ ਭਜਨ ਲਾਲ ਸ਼ਰਮਾ?

ਭਰਤਪੁਰ ਤੋਂ ਆਣ ਵਾਲੇ ਭਜਨ ਲਾਲ ਸ਼ਰਮਾ ਲੰਬੇ ਸਮੇਂ ਤੋਂ ਸੰਗਠਨ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਨੇ ਲੰਬੇ ਸਮੇ ਤੱਕ ਸੂਬੇ ਦੇ ਜਨਰਲ ਸਕੱਤਰ ਵਜੋਂ ਕੰਮ ਕੀਤਾ ਹੈ। ਉਨ੍ਹਾਂ ਪਹਿਲੀ ਵਾਰ ਜੈਪੁਰ ਦੀ ਸਾਂਗਾਨੇਰ ਵਰਗੀ ਸੁਰੱਖਿਅਤ ਸੀਟ ਤੋਂ ਵਿਧਾਨ ਸਭਾ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ। ਇਸ ਤੋਂ ਬਾਅਦ ਹੁਣ ਉਨ੍ਹਾਂ ਨੂੰ ਰਾਜਸਥਾਨ ਦੀ ਕਮਾਨ ਸੌਂਪੀ ਗਈ ਹੈ। ਭਾਜਪਾ ਨੇ ਸਾਂਗਾਨੇਰ ਤੋਂ ਮੌਜੂਦਾ ਵਿਧਾਇਕ ਅਸ਼ੋਕ ਲਾਹੋਟੀ ਦੀ ਟਿਕਟ ਕੱਟ ਕੇ ਭਜਨ ਲਾਲ ਸ਼ਰਮਾ ਨੂੰ ਮੈਦਾਨ ਵਿੱਚ ਉਤਾਰਿਆ ਸੀ। ਉਹ 4 ਵਾਰ ਸੂਬਾ ਜਨਰਲ ਸਕੱਤਰ ਰਹਿ ਚੁੱਕੇ ਹਨ। ਆਰਐਸਐਸ ਅਤੇ ਏਬੀਵੀਪੀ ਨਾਲ ਜੁੜੇ ਰਹੇ ਹਨ।

ਵਿਧਾਇਕਾਂ ਨਾਲ ਆਬਜ਼ਰਵਰਾਂ ਦਾ ਫੋਟੋ ਸੈਸ਼ਨ

ਵਿਧਾਇਕ ਦਲ ਦੀ ਬੈਠਕ ਤੋਂ ਪਹਿਲਾਂ ਜੈਪੁਰ ਪਹੁੰਚੇ ਤਿੰਨ ਆਬਜ਼ਰਵਰਾਂ ਨਾਲ ਭਾਜਪਾ ਵਿਧਾਇਕਾਂ ਦਾ ਫੋਟੋ ਸੈਸ਼ਨ ਹੋਇਆ। ਫੋਟੋ ਸੈਸ਼ਨ ਦੌਰਾਨ ਮੁੱਖ ਨਿਗਰਾਨ ਰਾਜਨਾਥ ਸਿੰਘ, ਵਿਨੋਦ ਤਾਵੜੇ ਅਤੇ ਸਰੋਜ ਪਾਂਡੇ ਮੌਜੂਦ ਸਨ। ਵਿਧਾਇਕ ਦਲ ਦੀ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਪਾਰਟੀ ਪ੍ਰਧਾਨ ਜੇਪੀ ਨੱਡਾ ਨੇ ਰਾਜਨਾਥ ਸਿੰਘ, ਵਿਨੋਦ ਤਾਵੜੇ ਅਤੇ ਸਰੋਜ ਪਾਂਡੇ ਨਾਲ ਫ਼ੋਨ ‘ਤੇ ਗੱਲਬਾਤ ਕੀਤੀ। ਜੇਪੀ ਨੱਡਾ ਨੇ ਕਿਹਾ ਕਿ ਵਿਧਾਇਕਾਂ ਨਾਲ ਗੱਲ ਕਰਨ ਤੋਂ ਬਾਅਦ ਹੀ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕੀਤਾ ਜਾਵੇ।

ਵਸੁੰਧਰਾ ਰਾਜੇ ਨੇ ਨੱਡਾ ਨਾਲ ਕੀਤੀ ਸੀ ਮੁਲਾਕਾਤ

ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਦਿੱਲੀ ਵਿੱਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ ਸੀ। ਵਸੁੰਧਰਾ ਨੇ ਚੋਣ ਜਿੱਤ ਤੋਂ ਬਾਅਦ ਪਾਰਟੀ ਦੇ ਕਈ ਵਿਧਾਇਕਾਂ ਨੂੰ ਡਿਨਰ ਪਾਰਟੀ ਦਿੱਤੀ ਸੀ, ਜਿਸ ਨੂੰ ਦਬਾਅ ਦੀ ਰਾਜਨੀਤੀ ਵਜੋਂ ਦੇਖਿਆ ਗਿਆ ਸੀ। ਹਾਲਾਂਕਿ ਨੱਡਾ ਨੂੰ ਮਿਲਣ ਤੋਂ ਬਾਅਦ ਵਸੁੰਧਰਾ ਦਾ ਲਹਿਜ਼ਾ ਬਦਲਿਆ ਹੋਇਆ ਨਜ਼ਰ ਆਇਆ ਅਤੇ ਉਨ੍ਹਾਂ ਨੇ ਖੁਦ ਨੂੰ ਪਾਰਟੀ ਦਾ ਅਨੁਸ਼ਾਸਿਤ ਵਰਕਰ ਦੱਸਿਆ।