3.5 ਕਿਲੋ ਹੈਰੋਇਨ ਸਮੇਤ ਤਿੰਨ ਤਸਕਰ ਕਾਬੂ, ਹੁਣ ਤੱਕ 22.5 ਕਿਲੋ ਦੀ ਖੇਪ ਅਤੇ ਹਥਿਆਰ ਬਰਾਮਦ

Updated On: 

08 Jan 2024 19:00 PM

ਪੰਜਾਬ ਪੁਲਿਸ ਦੀ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਜਾਰੀ ਹੈ। ਅੰਮ੍ਰਿਤਸਰ 'ਚ ਪੁਲਿਸ ਨੇ ਤਿੰਨ ਤਸਕਰਾਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਹੁਣ ਤੱਕ ਪੁਲਿਸ ਨੇ ਇਸ ਗਰੋਹ ਕੋਲੋਂ 22.5 ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਇਸ ਗਰੋਹ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਹਨ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਚੋਂ ਨਸ਼ੇ ਦੀ ਖੇਪ, ਹਥਿਆਰ ਅਤੇ ਕਾਰ ਬਰਾਮਦ ਕਰ ਕੇ ਥਾਣਾ ਇਸਲਾਮਾਬਾਦ ਵਿਖੇ ਕੇਸ ਦਰਜ ਕਰ ਲਿਆ ਸੀ।

3.5 ਕਿਲੋ ਹੈਰੋਇਨ ਸਮੇਤ ਤਿੰਨ ਤਸਕਰ ਕਾਬੂ, ਹੁਣ ਤੱਕ 22.5 ਕਿਲੋ ਦੀ ਖੇਪ ਅਤੇ ਹਥਿਆਰ ਬਰਾਮਦ
Follow Us On

ਪੰਜਾਬ ਦੀ ਅੰਮ੍ਰਿਤਸਰ ਪੁਲਿਸ ਨੇ ਸਾਢੇ ਤਿੰਨ ਕਿੱਲੋ ਹੈਰੋਇਨ ਸਮੇਤ ਤਿੰਨ ਤਸਕਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 19 ਕਾਰਤੂਸ ਵੀ ਮਿਲੇ ਹਨ। ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹ ਸਾਰਾ ਮਾਮਲਾ 19 ਕਿਲੋ ਹੈਰੋਇਨ ਦੀ ਬਰਾਮਦਗੀ ਨਾਲ ਸਬੰਧਤ ਹੈ। ਹਾਲ ਹੀ ‘ਚ ਕਮਿਸ਼ਨਰੇਟ ਪੁਲਿਸ ਨੇ ਅਮਰੀਕਾ ਸਥਿਤ ਤਸਕਰ ਮਨਪ੍ਰੀਤ ਉਰਫ਼ ਮੰਨੂ ਮਹਾਵਾ ਦੇ ਗਰੋਹ ਦਾ ਪਰਦਾਫਾਸ਼ ਕਰਦਿਆਂ ਇਸਲਾਮਾਬਾਦ ਇਲਾਕੇ ‘ਚੋਂ ਦੋ ਨੌਜਵਾਨਾਂ ਨੂੰ 19 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ।

ਇਸ ਤੋਂ ਬਾਅਦ ਹੁਣ ਪੁਲਿਸ ਨੇ ਤਿੰਨ ਤਸਕਰਾਂ ਨੂੰ ਤਿੰਨ ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਹ ਜਾਣਕਾਰੀ ਸੋਮਵਾਰ ਨੂੰ ਡੀਜੀਪੀ ਗੌਰਵ ਯਾਦਵ ਨੇ ਜਾਰੀ ਕੀਤੀ। ਡੀਜੀਪੀ ਯਾਦਵ ਨੇ ਫੜੇ ਗਏ ਮੁਲਜ਼ਮਾਂ ਦੀ ਪਛਾਣ ਬਲਰਾਜ ਸਿੰਘ ਉਰਫ ਕਾਕਾ ਵਾਸੀ ਪਿੰਡ ਲਾਹੌਰੀਮਲ, ਅਨਮੋਲ ਸਿੰਘ ਉਰਫ ਲਾਲੂ ਅਤੇ ਸਰਬਜੀਤ ਸਿੰਘ ਵਾਸੀ ਰਾਂਝੇ ਦੀ ਹਵੇਲੀ ਵਜੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ਚੋਂ 3.5 ਕਿਲੋ ਹੈਰੋਇਨ, .30 ਬੋਰ ਦੇ 10 ਅਤੇ 9 ਐਮਐਮ ਦੇ 9 ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਕਾਰ ਵੀ ਬਰਾਮਦ ਕੀਤੀ ਹੈ। ਹੁਣ ਤੱਕ ਇਸ ਮਾਮਲੇ ਵਿੱਚ ਕੁੱਲ 22.5 ਕਿਲੋ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ।

ਪਾਕਿਸਤਾਨੀ ਸਮੱਗਲਰਾਂ ਨਾਲ ਸਿੱਧੇ ਸਬੰਧ

ਏ.ਡੀ.ਸੀ.ਪੀ ਸਿਟੀ-3 ਅਭਿਮਨਿਊ ਰਾਣਾ ਦੀ ਨਿਗਰਾਨੀ ਹੇਠ ਏ.ਸੀ.ਪੀ. ਸਰਬਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਸੀਆਈਏ-3 ਦੀ ਟੀਮ ਨੇ ਨਾਕਾਬੰਦੀ ਕਰਕੇ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕੀਤਾ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਪਾਕਿਸਤਾਨ ਦੇ ਤਸਕਰ ਸ਼ਾਹ ਅਤੇ ਅਮਰੀਕਾ ਵਿੱਚ ਰਹਿੰਦੇ ਮਨਪ੍ਰੀਤ ਉਰਫ਼ ਮੰਨੂ ਮੁਹਾਵਾ ਦੇ ਸਿੱਧੇ ਸੰਪਰਕ ਵਿੱਚ ਸਨ। ਮੁਲਜ਼ਮ ਡਰੋਨ ਰਾਹੀਂ ਨਸ਼ਿਆਂ ਦੀ ਤਸਕਰੀ ਕਰਦੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਖੇਪ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੀ ਗਈ ਸੀ।

ਮੰਨੂ ਮੁਹਾਵਾ ਦੇ ਦੋ ਸਾਥੀਆਂ ਨੂੰ 31 ਨੂੰ ਕੀਤਾ ਸੀ ਗ੍ਰਿਫਤਾਰ

ਏਡੀਸੀਪੀ ਸਿਟੀ-3 ਅਭਿਮਨਿਊ ਰਾਣਾ ਨੇ ਦੱਸਿਆ ਕਿ ਮਨਪ੍ਰੀਤ ਉਰਫ਼ ਮੰਨੂ ਮੁਹਾਵਾ ਦੇ ਦੋ ਸਾਥੀਆਂ ਨੂੰ 31 ਦਸੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਗੁਰੂ ਕੀ ਵਡਾਲੀ ਦੇ ਰਹਿਣ ਵਾਲੇ ਸੰਦੀਪ ਸਿੰਘ ਉਰਫ਼ ਲਾਡੀ ਅਤੇ ਰੋਸ਼ਨ ਵਾਸੀ ਹੇਰ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ 19 ਕਿਲੋ ਹੈਰੋਇਨ, 23 ਲੱਖ ਰੁਪਏ ਦੀ ਡਰੱਗ ਮਨੀ, 7 ਪਿਸਤੌਲ, ਨੋਟ ਗਿਣਨ ਵਾਲੀ ਮਸ਼ੀਨ, ਇੱਕ ਡਰੋਨ ਦੇ ਪੁਰਜ਼ੇ ਅਤੇ ਇੱਕ ਰਿਮੋਟ ਬਰਾਮਦ ਕੀਤਾ ਸੀ।

Exit mobile version