ਤਰਨਤਾਰਨ ‘ਚ ਹੋਏ ਮੁਕਾਬਲੇ ‘ਚ 2 ਬਦਮਾਸ਼ ਕਾਬੂ, ਵਿਦੇਸ਼ੀ ਗੈਂਗਸਟਰਾਂ ਨਾਲ ਹਨ ਲਿੰਕ

sidharth-taran-taran
Updated On: 

30 Jan 2025 18:03 PM

Tarn Taran Encounter: ਬਦਮਾਸ਼ਾਂ ਦੀ ਪਛਾਣ ਰੌਬਿਨਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਵਜੋਂ ਹੋਈ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਜਦੋਂ ਪੁਲਿਸ ਟੀਮ ਨੇ ਦੋਵਾਂ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ ਅਤੇ ਭੱਜਣ ਦੀ ਕੋਸ਼ਿਸ਼ ਕੀਤੀ।

ਤਰਨਤਾਰਨ ਚ ਹੋਏ ਮੁਕਾਬਲੇ ਚ 2 ਬਦਮਾਸ਼ ਕਾਬੂ, ਵਿਦੇਸ਼ੀ ਗੈਂਗਸਟਰਾਂ ਨਾਲ ਹਨ ਲਿੰਕ
Follow Us On

Tarn Taran Encounter: ਤਰਨਤਾਰਨ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ ਹੋਇਆ ਹੈ। ਜਵਾਬੀ ਕਾਰਵਾਈ ਵਿੱਚ, ਹਮਲਾਵਰ ਬਦਮਾਸ਼ ਪੁਲਿਸ ਦੀ ਗੋਲੀ ਨਾਲ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਦੋ ਹੈਂਡ-ਗਰੇਨੇਡ ਅਤੇ ਇੱਕ ਪਿਸਤੌਲ ਵੀ ਬਰਾਮਦ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਗਿਰੋਹ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਲੰਡਾ ਦੇ ਨਿਰਦੇਸ਼ਾਂ ‘ਤੇ ਵੀ ਕੰਮ ਕਰ ਰਿਹਾ ਸੀ।

ਗ੍ਰਿਫ਼ਤਾਰ ਕੀਤੇ ਗਏ ਬਦਮਾਸ਼ਾਂ ਦੀ ਪਛਾਣ ਰੌਬਿਨਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਵਜੋਂ ਹੋਈ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਜਦੋਂ ਪੁਲਿਸ ਟੀਮ ਨੇ ਦੋਵਾਂ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਸਵੈ-ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਦੋਵੇਂ ਦੋਸ਼ੀ ਜ਼ਖਮੀ ਹੋ ਗਏ।

ਜ਼ਖਮੀ ਹਮਲਾਵਰਾਂ ਨੂੰ ਤੁਰੰਤ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 2 ਗ੍ਰਨੇਡ, 1 ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਵਿਦੇਸ਼ ਤੋਂ ਚੱਲ ਰਿਹਾ ਸੀ ਨੈੱਟਵਰਕ

ਮੁੱਢਲੀ ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਗੁਰਦੇਵ ਸਿੰਘ ਉਰਫ਼ ਜੱਸਲ ਝਬਾਲ (ਅਮਰੀਕਾ), ਲਖਬੀਰ ਸਿੰਘ ਉਰਫ਼ ਲੰਡਾ ਅਤੇ ਸਤਨਾਮ ਸਿੰਘ ਉਰਫ਼ ਸੱਤਾ ਨੌਸ਼ਹਿਰਾ (ਕੈਨੇਡਾ) ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ। ਇਹ ਦੋਸ਼ੀ ਪੰਜਾਬ ਵਿੱਚ ਦੋ ਵੱਡੇ ਅਪਰਾਧਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਇਸ ਮਕਸਦ ਲਈ, ਮੁਲਜ਼ਮਾਂ ਨੂੰ ਪਿਸਤੌਲ ਅਤੇ ਹੈਂਡ-ਗ੍ਰੇਨੇਡ ਉਪਲਬਧ ਕਰਵਾਏ ਗਏ ਹਨ।

ਤਰਨਤਾਰਨ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਦੋਸ਼ੀ ਕਿਹੜੇ ਅੱਤਵਾਦੀ ਸੰਗਠਨਾਂ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਦੇ ਪਿੱਛੇ ਕੌਣ ਲੋਕ ਹਨ। ਇਸ ਤੋਂ ਇਲਾਵਾ, ਇਸ ਮਾਡਿਊਲ ਦੇ ਪਿਛਲੇ ਅਤੇ ਭਵਿੱਖ ਦੇ ਸੰਪਰਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਕਾਰਵਾਈ ਨੇ ਸੂਬੇ ਵਿੱਚ ਅੱਤਵਾਦੀ ਗਤੀਵਿਧੀਆਂ ਫੈਲਾਉਣ ਦੀ ਸਾਜ਼ਿਸ਼ ਨੂੰ ਵੱਡਾ ਝਟਕਾ ਦਿੱਤਾ ਹੈ।