ਪੰਜਾਬ ਪੁਲਿਸ ਵੱਲੋਂ ਲਖਬੀਰ ਲੰਡਾ ਦੀ ਹਮਾਇਤ ਵਾਲੇ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼, 6 ਅਤਿ ਆਧੁਨਿਕ ਪਿਸਤੌਲਾਂ ਸਮੇਤ ਦੋ ਕਾਬੂ | Punjab Police arrests 2 accused for supporting Lakhbir Landa and smuggling weapons know full in punjabi Punjabi news - TV9 Punjabi

ਪੰਜਾਬ ਪੁਲਿਸ ਵੱਲੋਂ ਲਖਬੀਰ ਲੰਡਾ ਦੀ ਹਮਾਇਤ ਵਾਲੇ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼, 6 ਅਤਿ ਆਧੁਨਿਕ ਪਿਸਤੌਲਾਂ ਸਮੇਤ ਦੋ ਕਾਬੂ

Updated On: 

15 Jul 2024 16:56 PM

ਡੀਜੀਪੀ ਨੇ ਕਿਹਾ ਕਿ ਗ੍ਰਿਫਤਾਰ ਮੁਲਜ਼ਮਾਂ ਵੱਲੋਂ ਐਮਪੀ ਆਧਾਰਤ ਹਥਿਆਰਾਂ ਦੇ ਡੀਲਰ ਤੋਂ ਪਿਛਲੇ ਦੋ ਮਹੀਨਿਆਂ ਵਿੱਚ ਖਰੀਦੀ ਗਈ ਇਹ ਦੂਜੀ ਖੇਪ ਹੈ, ਜਿਸ ਦੀ ਪੁਲੀਸ ਨੇ ਪਛਾਣ ਕਰ ਲਈ ਹੈ। ਬਾਕੀ ਬਚੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਅਤੇ ਮੱਧ ਪ੍ਰਦੇਸ਼ ਤੋਂ ਚੱਲ ਰਹੀ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਨੂੰ ਨੱਥ ਪਾਉਣ ਵਾਸਤੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।

ਪੰਜਾਬ ਪੁਲਿਸ ਵੱਲੋਂ ਲਖਬੀਰ ਲੰਡਾ ਦੀ ਹਮਾਇਤ ਵਾਲੇ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼, 6 ਅਤਿ ਆਧੁਨਿਕ ਪਿਸਤੌਲਾਂ ਸਮੇਤ ਦੋ ਕਾਬੂ

ਫੜ੍ਹੇ ਗਏ ਹਥਿਆਰਾਂ ਦੀ ਤਸਵੀਰ

Follow Us On

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਅੰਮ੍ਰਿਤਸਰ ਨੇ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਵਿਦੇਸ਼ੀ ਮੂਲ ਦੇ ਅੱਤਵਾਦੀ ਲਖਬੀਰ ਉਰਫ਼ ਲੰਡਾ ਦੇ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਮੈਗਜ਼ੀਨ ਅਤੇ ਗੋਲਾ ਬਾਰੂਦ ਸਮੇਤ .32 ਬੋਰ ਦੇ ਛੇ ਅਤਿ-ਆਧੁਨਿਕ ਪਿਸਤੌਲ ਬਰਾਮਦ ਕੀਤੇ ਹਨ।

ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਤਰਨਤਾਰਨ ਦੇ ਪਿੰਡ ਠੱਠੀਆਂ ਦੇ ਸੁਮਿਤਪਾਲ ਸਿੰਘ ਅਤੇ ਤਰਨਤਾਰਨ ਦੇ ਚੰਬਾ ਕਲਾਂ ਦੇ ਅਰਪਨਦੀਪ ਸਿੰਘ ਵਜੋਂ ਹੋਈ ਹੈ। ਡੀਜੀਪੀ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਦੇ ਸਾਥੀਆਂ ਵੱਲੋਂ ਮੱਧ ਪ੍ਰਦੇਸ਼ (ਐਮਪੀ) ਤੋਂ ਹਥਿਆਰਾਂ ਦੀ ਖੇਪ ਪ੍ਰਾਪਤ ਕਰਨ ਸਬੰਧੀ ਖੁਫੀਆ ਜਾਣਕਾਰੀ ਮਿਲਣ ਉਪਰੰਤ ਕਾਰਵਾਈ ਕਰਦਿਆਂ ਐਸਐਸਓਸੀ ਅੰਮ੍ਰਿਤਸਰ ਦੀਆਂ ਪੁਲਿਸ ਟੀਮਾਂ ਨੇ ਇੱਕ ਆਪ੍ਰੇਸ਼ਨ ਚਲਾਇਆ ਅਤੇ ਦੋਵਾਂ ਮੁਲਜ਼ਮਾਂ ਨੂੰ ਰੇਲਵੇ ਸਟੇਸ਼ਨ ਅੰਮ੍ਰਿਤਸਰ ਨੇੜਿਓਂ ਕਾਬੂ ਕਰ ਲਿਆ।

ਹਥਿਆਰ ਲੈਣ ਗਏ ਸੀ ਮੁਲਜ਼ਮ-DGP

ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਸਿੱਧੇ ਤੌਰ ‘ਤੇ ਐਮਪੀ ਸਥਿਤ ਗ਼ੈਰਕਾਨੂੰਨੀ ਹਥਿਆਰਾਂ ਦੇ ਡੀਲਰ ਦੇ ਸੰਪਰਕ ਵਿੱਚ ਸਨ। ਉਹਨਾਂ ਅੱਗੇ ਦੱਸਿਆ ਕਿ ਕਰੀਬ 15 ਦਿਨ ਪਹਿਲਾਂ ਉਕਤ ਮੁਲਜ਼ਮ ਹਥਿਆਰਾਂ ਦੀ ਖੇਪ ਲੈਣ ਲਈ ਬੱਸ ਰਾਹੀਂ ਐਮਪੀ ਗਏ ਸਨ ਅਤੇ ਉਥੋਂ ਰੇਲ ਰਾਹੀਂ ਅੰਮ੍ਰਿਤਸਰ ਵਾਪਸ ਪਰਤੇ ਸਨ।

ਡੀਜੀਪੀ ਨੇ ਕਿਹਾ ਕਿ ਗ੍ਰਿਫਤਾਰ ਮੁਲਜ਼ਮਾਂ ਵੱਲੋਂ ਐਮਪੀ ਆਧਾਰਤ ਹਥਿਆਰਾਂ ਦੇ ਡੀਲਰ ਤੋਂ ਪਿਛਲੇ ਦੋ ਮਹੀਨਿਆਂ ਵਿੱਚ ਖਰੀਦੀ ਗਈ ਇਹ ਦੂਜੀ ਖੇਪ ਹੈ, ਜਿਸ ਦੀ ਪੁਲੀਸ ਨੇ ਪਛਾਣ ਕਰ ਲਈ ਹੈ। ਬਾਕੀ ਬਚੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਅਤੇ ਮੱਧ ਪ੍ਰਦੇਸ਼ ਤੋਂ ਚੱਲ ਰਹੀ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਨੂੰ ਨੱਥ ਪਾਉਣ ਵਾਸਤੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।

ਹੋਰ ਵੇਰਵੇ ਸਾਂਝੇ ਕਰਦਿਆਂ ਏਆਈਜੀ ਐਸਐਸਓਸੀ ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਹਥਿਆਰਾਂ ਦੀ ਇਹ ਖੇਪ ਅਪਰਾਧਿਕ ਅਨਸਰਾਂ ਨੂੰ ਅੱਗੇ ਵੇਚਣ ਲਈ ਖਰੀਦੀ ਸੀ ਤਾਂ ਜੋ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਸਕਣ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਇੱਕ ਮਹੀਨਾ ਪਹਿਲਾਂ ਹਰੀਕੇ ਇਲਾਕੇ ਵਿੱਚ ਦੋ ਅਣਪਛਾਤੇ ਵਿਅਕਤੀਆਂ ਨੂੰ .32 ਬੋਰ ਦੇ ਦੋ ਪਿਸਤੌਲ ਵੇਚਣ ਦੀ ਗੱਲ ਵੀ ਕਬੂਲੀ ਹੈ।

ਇਸ ਸਬੰਧੀ ਪੁਲਿਸ ਥਾਣਾ ਐਸ.ਐਸ.ਓ.ਸੀ. ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀ ਧਾਰਾ 25 ਅਤੇ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀ ਧਾਰਾ 61 (2) ਤਹਿਤ ਐਫਆਈਆਰ ਨੰਬਰ 42 ਮਿਤੀ 14.07.2024 ਦਰਜ ਕੀਤੀ ਗਈ ਹੈ।

Exit mobile version