Cyber Crime: ਸਾਵਧਾਨ! ਠੱਗਾਂ ਨੇ ਲਭਿਆ ਠੱਗੀ ਕਰਨ ਦਾ ਨਵਾਂ ਤਰੀਕਾ, ਤੁਸੀਂ ਵੀ ਬੱਚ ਕੇ ਰਹੋ
Crime News: ਸਾਈਬਰ ਕ੍ਰਾਈਮ ਦੇ ਕੇਸ ਵੱਧਦੇ ਜਾ ਰਹੇ ਹਨ। ਪੂਰੇ ਦੇਸ਼ ਵਿੱਚ ਆਮ ਲੋਕ ਹੋਣ ਜ਼ਾਂ ਕੋਈ ਨਾਮੀ ਵਿਅਕਤੀ ਹਰ ਕੋਈ ਇਸ ਕ੍ਰਾਈਮ ਦਾ ਸ਼ਿਕਾਰ ਹੋ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਚ ਦੇਖਣ ਨੂੰ ਮਿਲਿਆ। ਜਿੱਤੇ ਗੁਰਦਾਸਪੁਰ ਦੇ ਸਤਿੰਦਰਪਾਲ ਸਿੰਘ ਬੇਦੀ ਦੇ ਫੋਨ ਤੋਂ ਕੋਡ ਸ਼ੇਅਰ ਕਰਨ ਤੇ ਲੱਖਾਂ ਰੁਪਏ ਦੀ ਠੱਗੀ ਹੋ ਗਈ।
ਸਾਈਬਰ ਕ੍ਰਾਈਮ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। ਆਮ ਲੋਕ ਹੀ ਨਹੀਂ ਸਗੋਂ ਨਾਮੀ ਅਤੇ ਪੜ੍ਹੇ-ਲਿਖੇ ਵਿਅਕਤੀ ਵੀ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋ ਰਹੇ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਗੁਰਾਦਸਪੁਰ ਤੋਂ ਸਾਹਮਣੇ ਆਇਆ ਹੈ। ਠੱਗਾਂ ਦੇ ਝਾਂਸੇ ਵਿੱਚ ਗੁਰਦਾਸਪੁਰ ਦਾ ਇੱਕ ਪੜ੍ਹੇ-ਲਿਖੇ ਅਤੇ ਸਮਝਦਾਰ ਵਿਅਕਤੀ ਫੱਸ ਗਿਆ। ਵਿਅਕਤੀ ਦੇ ਇੱਕ ਲੱਖ ਪੰਦਰਾਂ ਹਜ਼ਾਰ ਰੁਪਏ ਠੱਗੇ ਗਏ। ਪਰ ਚੰਗਾ ਇਹ ਰਿਹਾ ਕਿ ਠੱਗੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਸਨੇ ਤੁਰੰਤ ਬੈਂਕ ਦੇ ਟੋਲ ਫਰੀ ਨੰਬਰ ਤੇ ਸ਼ਿਕਾਇਤ ਦਰਜ਼ ਕੀਤੀ । ਜਿਸ ਦੇ ਚੱਲਦੇ ਉਸ ਦੇ 95 ਹਜ਼ਾਰ ਰੁਪਏ ਤਾਂ ਵਾਪਸ ਆ ਗਏ ਪਰ 20 ਹਜ਼ਰ ਰੁਪਏ ਦਾ ਨੁਕਸਾਨ ਹੋ ਗਿਆ।
ਠੱਗਾਂ ਵੱਲੋਂ ਨਾਮੀ ਕੰਪਨੀਆਂ ਦੀਆਂ ਫਰਜ਼ੀ ਵੈਬਸਾਈਟਾਂ ਬਣਾ ਕੇ ਆਪਣੇ ਨੰਬਰ ਦੇ ਦਿੱਤੇ ਗਏ ਹਨ। ਜਦੋਂ ਲੋਕੀ ਇਹਨਾਂ ਨੰਬਰਾਂ ਤੇ ਸੰਪਰਕ ਕਰਦੇ ਹਨ ਤਾਂ ਉਹ ਸਾਈਬਰ ਠੱਗਾਂ ਦਾ ਜਾਲ ਵਿੱਚ ਫੱਸ ਜਾਂਦੇ ਹਨ। ਅਜਿਹਾ ਹੀ ਜਾਲ ਦਾ ਸ਼ਿਕਾਰ ਬਣਿਆ ਗੁਰਦਾਸਪੁਰ ਦਾ ਸਤਿੰਦਰਪਾਲ ਸਿੰਘ ਬੇਦੀ।
ਨਾਮੀ ਕੋਰੀਅਰ ਕੰਪਨੀ ਦੇ ਨਾਮ ‘ਤੇ ਬਣਾਈ ਫਰਜ਼ੀ ਵੈਬਸਾਈਟ
ਠੱਗੀ ਦਾ ਸ਼ਿਕਾਰ ਹੋਏ ਗੁਰਦਾਸਪੁਰ ਦੇ ਸਤਿੰਦਰਪਾਲ ਸਿੰਘ ਬੇਦੀ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਜੀ ਦੇ ਕੋਰੀਅਰ ਰਾਹੀਂ ਵਿਦੇਸ਼ ਜਾਣ ਨਾਲ ਸੰਬੰਧਿਤ ਜ਼ਰੂਰੀ ਕਾਗਜ਼ ਆਉਂਣੇ ਸਨ। ਸਬੰਧਤ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਕ ਹਫ਼ਤੇ ਦੇ ਵਿੱਚ-ਵਿੱਚ ਕਾਗਜ਼ ਅੰਮ੍ਰਿਤਸਰ ਦੀ ਇੱਕ ਨਾਮੀ ਕੋਰੀਅਰ ਕੰਪਨੀ ਦੇ ਰਾਹੀਂ ਆਉਣਗੇ। ਕਾਫੀਂ ਦਿਨਾਂ ਬਾਅਦ ਵੀ ਕਾਗਜ਼ ਨਾ ਆਉਣ ਤੇ ਉਨ੍ਹਾਂ ਨੇ ਨਾਮੀ ਕੋਰੀਅਰ ਕੰਪਨੀ ਦੀ ਵੈੱਬ ਸਾਈਟ ਤੋਂ ਗੁੱਗਲ ਰਾਹੀਂ ਅੰਮ੍ਰਿਤਸਰ ਬਰਾੜ ਸੰਬੰਧਿਤ ਵਿਅਕਤੀ ਦਾ ਨੰਬਰ ਲਿਆ ਅਤੇ ਫੋਨ ਕੀਤਾ ਤਾਂ ਉਸ ਨੇ ਉਨ੍ਹਾਂ ਨੂੰ ਇਕ ਹੋਰ ਨੰਬਰ ਦੇ ਦਿੱਤਾ ਅਤੇ ਕਿਹਾ ਕਿ ਇਹ ਵਿਅਕਤੀ ਕੋਰੀਅਰ ਪਹੁੰਚਾਵੇਗਾ।
ਫੋਨ ‘ਤੇ ਕੋਡ ਭੈਜ ਕੇ ਕੀਤੀ ਲੱਖਾਂ ਦੀ ਠੱਗੀ
ਸਤਿੰਦਰਪਾਲ ਸਿੰਘ ਬੇਦੀ ਨੇ ਦੱਸਿਆ ਕਿ ਜਦੋਂ ਅਸੀਂ ਉਸ ਨੂੰ ਫੋਨ ਕੀਤਾ ਤਾਂ ਉਸ ਨੇ ਭਰੋਸਾ ਦਿਵਾਇਆ ਕਿ ਸ਼ਾਮ ਤੱਕ ਉਨ੍ਹਾਂ ਨੂੰ ਕੋਰੀਅਰ ਮਿਲ ਜਾਵੇਗਾ। ਨਾਲ ਹੀ ਇੱਕ ਕੋਡ ਨੰਬਰ ਦਿੱਤਾ ਗਿਆ ਅਤੇ ਫੋਨ ਤੋਂ ਇਹ ਕੋਡ ਡਾਇਲ ਕਰਨ ਲਈ ਕਿਹਾ ਗਿਆ। ਸ਼ਾਇਦ ਨੰਬਰ ਡਾਇਲ ਕਰਦਿਆ ਹੀ ਮੇਰਾ ਫੋਨ ਹੈਕ ਕਰ ਲਿਆ ਗਿਆ ਸੀ। ਜਿਵੇਂ ਹੀ ਫੋਨ ਰੱਖਿਆ ਤਾਂ ਪਤਾ ਲੱਗਿਆ ਕਿ ਫੋਨ ਨੰਬਰ ਨਾਲ ਅਟੈਚ ਵੱਖ-ਵੱਖ ਬੈਂਕ ਖਾਤੇ ਵਿੱਚੋਂ 95 ਹਜ਼ਾਰ ਅਤੇ 19 ਹਜ਼ਾਰ 999 ਰੁਪਏ ਕੱਢਵਾ ਲਏ ਗਏ ਹਨ।
ਸਾਈਬਰ ਸੈਲ ਨੇ ਪੈਸੇ ਵਾਪਸ ਦਵਾਉਣ ਦਾ ਦਿੱਤਾ ਭਰੋਸਾ
ਠੱਗੀ ਦੀ ਜਾਣਕਾਰੀ ਮਿਲਦਿਆਂ ਹੀ ਉਸਨੇ ਤੁਰੰਤ ਬੈਂਕ ਦੇ ਟੋਲ ਫਰੀ ਨੰਬਰ ਤੇ ਸ਼ਿਕਾਇਤ ਦਰਜ਼ ਕੀਤੀ ਅਤੇ ਖਾਤੇ ਬੰਦ ਕਰਵਾਏ। ਬੈਂਕ ਦੀ ਤੁਰੰਤ ਕਾਰਵਾਈ ਕਾਰਨ ਉਨ੍ਹਾਂ ਦੇ 95 ਹਜ਼ਾਰ ਰੁਪਏ ਤਾਂ ਵਾਪਸ ਉਨ੍ਹਾਂ ਦੇ ਖਾਤੇ ਵਿੱਚ ਟਰਾਂਸਫਰ ਹੋ ਗਏ ਪਰ 19 ਹਜ਼ਾਰ 999 ਰੁਪਏ ਦੀ ਠੱਗੀ ਵਿੱਚ ਠੱਗ ਕਾਮਯਾਬ ਹੋ ਗਏ। ਇਸ ਦੀ ਸ਼ਿਕਾਇਤ ਪੀੜਤ ਨੇ ਪੁਲਿਸ ਦੇ ਸਾਈਬਰ ਸੈਲ ਵਿੱਚ ਵੀ ਕੀਤੀ ਅਤੇ ਸਾਈਬਰ ਸੈਲ ਨੇ ਭਰੋਸਾ ਦਵਾਇਆ ਕਿ ਪੈਸੇ ਵਾਪਸ ਆ ਜਾਣਗੇ।