ਨਵਾਂਸ਼ਹਿਰ ‘ਚ 3 ਹੋਰ ਘਰਾਂ ‘ਤੇ ਚੱਲਿਆ ਬੁਲਡੋਜਰ, ਨਸ਼ਾ ਤਸਕਰੀ ਦੇ ਸਨ ਇਲਜ਼ਾਮ

Updated On: 

11 Mar 2025 18:11 PM IST

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਹੀਦ ਭਗਤ ਸਿੰਘ ਨਗਰ ਦੇ ਐਸਐਸਪੀ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਇਹ ਢਾਹੁਣਾ ਨਗਰ ਕੌਂਸਲ ਦੀ ਬੇਨਤੀ 'ਤੇ ਕੀਤਾ ਗਿਆ ਸੀ, ਜਿਸ ਨੂੰ ਇਨ੍ਹਾਂ ਗੈਰ-ਕਾਨੂੰਨੀ ਢਾਂਚਿਆਂ ਨੂੰ ਢਾਹੁਣ ਲਈ ਪੁਲਿਸ ਦੀ ਸਹਾਇਤਾ ਦੀ ਲੋੜ ਸੀ। ਇਹ ਕਾਰਵਾਈ ਬੀਰੋ, ਸ਼ਿੰਦੇ ਅਤੇ ਸੰਤੋਸ਼ਵਿਰੁੱਧ ਕੀਤੀ ਗਈ ਹੈ।

ਨਵਾਂਸ਼ਹਿਰ ਚ 3 ਹੋਰ ਘਰਾਂ ਤੇ ਚੱਲਿਆ ਬੁਲਡੋਜਰ, ਨਸ਼ਾ ਤਸਕਰੀ ਦੇ ਸਨ ਇਲਜ਼ਾਮ
Follow Us On

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਦੁਰਵਰਤੋਂ ਨੂੰ ਖਤਮ ਕਰਨ ਅਤੇ ਨਸ਼ਾ ਤਸਕਰਾਂ ਦੇ ਗੈਰ-ਕਾਨੂੰਨੀ ਕਬਜ਼ਿਆਂ ਨੂੰ ਹਟਾਉਣ ਲਈ ਸ਼ੁਰੂ ਕੀਤੀ ਗਈ ‘ਨਸ਼ਿਆਂ ਵਿਰੁੱਧ ਜੰਗ’ ਮੁਹਿੰਮ ਜਾਰੀ ਹੈ। ਪੁਲਿਸ ਨੇ ਅੱਜ ਸਥਾਨਕ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਵਾਂਸ਼ਹਿਰ ਦੇ ਕਲਰਾਂ ਮੁਹੱਲੇ ਵਿੱਚ ਅਣਅਧਿਕਾਰਤ ਉਸਾਰੀਆਂ ਨੂੰ ਢਾਹ ਦਿੱਤਾ। ਇਹ ਗੈਰ-ਕਾਨੂੰਨੀ ਉਸਾਰੀਆਂ ਤਿੰਨ ਪਰਿਵਾਰਾਂ ਦੁਆਰਾ ਬਣਾਈਆਂ ਗਈਆਂ ਸਨ, ਜਿਨ੍ਹਾਂ ਦੇ ਨਸ਼ਿਆਂ ਦੇ ਕਾਰੋਬਾਰ ਨਾਲ ਸਬੰਧ ਸਨ, ਅਤੇ ਸਿਵਲ ਪ੍ਰਸ਼ਾਸਨ ਦੇ ਹੁਕਮਾਂ ‘ਤੇ ਇਨ੍ਹਾਂ ਨੂੰ ਢਾਹ ਦਿੱਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਹੀਦ ਭਗਤ ਸਿੰਘ ਨਗਰ ਦੇ ਐਸਐਸਪੀ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਇਹ ਢਾਹੁਣਾ ਨਗਰ ਕੌਂਸਲ ਦੀ ਬੇਨਤੀ ‘ਤੇ ਕੀਤਾ ਗਿਆ ਸੀ, ਜਿਸ ਨੂੰ ਇਨ੍ਹਾਂ ਗੈਰ-ਕਾਨੂੰਨੀ ਢਾਂਚਿਆਂ ਨੂੰ ਢਾਹੁਣ ਲਈ ਪੁਲਿਸ ਦੀ ਸਹਾਇਤਾ ਦੀ ਲੋੜ ਸੀ। ਇਹ ਕਾਰਵਾਈ ਬੀਰੋ, ਸ਼ਿੰਦੇ ਅਤੇ ਸੰਤੋਸ਼ਵਿਰੁੱਧ ਕੀਤੀ ਗਈ ਹੈ, ਜਿਨ੍ਹਾਂ ਵਿਰੁੱਧ ਕਈ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਇੱਕ ਪਰਿਵਾਰ ਵਿਰੁੱਧ 14 ਮਾਮਲੇ ਦਰਜ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨਸ਼ਿਆਂ ਅਤੇ ਗੈਰ-ਕਾਨੂੰਨੀ ਕਬਜ਼ਿਆਂ ਵਿਰੁੱਧ ਕਾਰਵਾਈ ਜਾਰੀ ਰੱਖੇਗੀ। ਉਨ੍ਹਾਂ ਜਨਤਾ ਨੂੰ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਬਾਰੇ ਜਾਣਕਾਰੀ ਦੇਣ ਦੀ ਅਪੀਲ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਮੁਲਜ਼ਮਾਂ ਵਿਰੁੱਧ ਤੁਰੰਤ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਸਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜਾਂ ਤਾਂ ਨਸ਼ਾ ਤਸਕਰੀ ਛੱਡ ਕੇ ਕੁਝ ਹੋਰ ਕਰਨ, ਜਾਂ ਸਖ਼ਤ ਕਾਰਵਾਈ ਲਈ ਤਿਆਰ ਰਹਿਣ।

ਐਸਐਸਪੀ ਨੇ ਇਹ ਵੀ ਕਿਹਾ ਕਿ ਸਥਾਨਕ ਵਸਨੀਕ ਇਨ੍ਹਾਂ ਤਸਕਰਾਂ ਤੋਂ ਬਹੁਤ ਪ੍ਰੇਸ਼ਾਨ ਸਨ, ਜਿਸ ਲਈ ਉਹ ਪੰਜਾਬ ਸਰਕਾਰ ਦੀ ਇਸ ਕਾਰਵਾਈ ਦਾ ਸਵਾਗਤ ਕੀਤਾ ਹੈ। ਲੋਕਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਾ ਖ਼ਤਮ ਕਰਨ ਲਈ ਕੀਤੇ ਜਾ ਰਹੇ ਯਤਨਾਂ ਦਾ ਸਵਾਗਤ ਕਰਦੇ ਹਨ।

ਇਸ ਮੌਕੇ ਨਸ਼ਾ ਤਸਕਰੀ ਦੇ ਮੁਲਜ਼ਮ ਬੀਰੋ, ਸ਼ਿੰਦੇ ਅਤੇ ਸੰਤੋਸ਼ ਨੇ ਕਿਹਾ ਕਿ ਅਸੀਂ ਇਹ ਕੰਮ ਨਹੀਂ ਕਰਦੇ, ਪਹਿਲਾਂ ਸਾਡੇ ਪਰਿਵਾਰ ਇਹ ਕੰਮ ਕਰਦੇ ਸਨ। ਸ਼ਿੰਦੋ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਰਿਵਾਰ ਦੇ ਲੋਕ ਨਸ਼ੇ ਦਾ ਸੇਵਨ ਕਰਦੇ ਸਨ। ਪੁਲਿਸ ਨੇ ਉਸ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦਾ ਮਾਮਲਾ ਦਰਜ ਕਰਕੇ ਉਸਨੂੰ ਜੇਲ੍ਹ ਭੇਜ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲੀ ਵਾਰ ਨੋਟਿਸ ਆਇਆ ਹੈ, ਸਾਨੂੰ ਨਹੀਂ ਪਤਾ, ਅਸੀਂ ਪੜ੍ਹੇ-ਲਿਖੇ ਨਹੀਂ ਹਾਂ।