ਨਵਾਂਸ਼ਹਿਰ ‘ਚ ਪ੍ਰਵਾਸੀ ਮਜ਼ਦੂਰ ਨੇ ਪੰਜਾਬੀ ਕਿਸਾਨ ਦਾ ਕੀਤਾ ਕਤਲ, ਪਿੰਡ ਵਿੱਚ ਤਣਾਅ
Nawanshahr News: ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਦਵਿੰਦਰ ਸਿੰਘ ਅਤੇ ਪ੍ਰਵਾਸੀ ਮਜ਼ਦੂਰ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਸੀ। ਇਸ ਦੌਰਾਨ ਦਵਿੰਦਰ ਸਿੰਘ ਵੱਲੋਂ ਮਜ਼ਦੂਰ ਨੂੰ ਇੱਕ ਥੱਪੜ ਮਾਰਿਆ ਗਿਆ ਸੀ। ਇਸੀ ਰੰਜਿਸ਼ ਦੇ ਚਲਦਿਆਂ ਪ੍ਰਵਾਸੀ ਮਜ਼ਦੂਰ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਦਵਿੰਦਰ ਸਿੰਘ ਤੇ ਹਮਲਾ ਕਰ ਦਿੱਤਾ।
ਨਵਾਂਸ਼ਹਿਰ ਜ਼ਿਲ੍ਹੇ ਦੀ ਤਹਿਸੀਲ ਬੰਗਾ ਦੇ ਪਿੰਡ ਮੰਡਾਲੀ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਖੇਤਾਂ ਵਿੱਚ ਕੰਮ ਕਰਦੇ ਇੱਕ ਪ੍ਰਵਾਸੀ ਮਜ਼ਦੂਰ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਇੱਕ ਪੰਜਾਬੀ ਕਿਸਾਨ ਦੀ ਕਥਿਤ ਤੌਰ ਤੇ ਪਿੱਟਪਿੱਟ ਕੇ ਹੱਤਿਆ ਕਰ ਦਿੱਤੀ। ਘਟਨਾ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਅਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ਦਵਿੰਦਰ ਸਿੰਘ ਪੁੱਤਰ ਅਜੀਤ ਸਿੰਘ, ਵਾਸੀ ਪਿੰਡ ਮੰਡਾਲੀ, ਜ਼ਿਲ੍ਹਾ ਨਵਾਂਸ਼ਹਿਰ ਵਜੋਂ ਹੋਈ ਹੈ। ਦਵਿੰਦਰ ਸਿੰਘ ਦੇ ਘਰ ਵਿੱਚ ਹੀ ਇੱਕ ਪ੍ਰਵਾਸੀ ਮਜ਼ਦੂਰ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ ਅਤੇ ਖੇਤੀਬਾੜੀ ਦਾ ਕੰਮ ਕਰਦਾ ਸੀ।
ਕੁਝ ਦਿਨ ਪਹਿਲਾਂ ਹੋਈ ਕਹਾਸੁਨੀ ਬਣੀ ਵਜ੍ਹਾ
ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਦਵਿੰਦਰ ਸਿੰਘ ਅਤੇ ਪ੍ਰਵਾਸੀ ਮਜ਼ਦੂਰ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਸੀ। ਇਸ ਦੌਰਾਨ ਦਵਿੰਦਰ ਸਿੰਘ ਵੱਲੋਂ ਮਜ਼ਦੂਰ ਨੂੰ ਇੱਕ ਥੱਪੜ ਮਾਰਿਆ ਗਿਆ ਸੀ। ਇਸੀ ਰੰਜਿਸ਼ ਦੇ ਚਲਦਿਆਂ ਪ੍ਰਵਾਸੀ ਮਜ਼ਦੂਰ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਦਵਿੰਦਰ ਸਿੰਘ ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਘਰ ਵਿੱਚ ਭਾਰੀ ਮਾਰਪੀਟ ਹੋਈ। ਦੋਸ਼ੀਆਂ ਵੱਲੋਂ ਕਿਸੇ ਭਾਰੀ ਵਸਤੂ ਨਾਲ ਦਵਿੰਦਰ ਸਿੰਘ ਤੇ ਵਾਰ ਕੀਤਾ ਗਿਆ, ਜਿਸ ਨਾਲ ਉਹ ਗੰਭੀਰ ਤੌਰ ਤੇ ਜ਼ਖ਼ਮੀ ਹੋ ਗਏ।
ਹਸਪਤਾਲ ਪਹੁੰਚਣ ਤੋਂ ਪਹਿਲਾਂ ਮੌਤ
ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰ ਦਵਿੰਦਰ ਸਿੰਘ ਨੂੰ ਤੁਰੰਤ ਫਗਵਾਡਾ ਦੇ ਸਿਵਲ ਹਸਪਤਾਲ ਲੈ ਕੇ ਗਏ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਡਾਕਟਰਾਂ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗੀ। ਮ੍ਰਿਤਕ ਦਾ ਸ਼ਵ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ। ਮ੍ਰਿਤਕ ਦੀ ਪਤਨੀ ਪਲਵਿੰਦਰ ਕੌਰ ਨੇ ਦੱਸਿਆ ਕਿ ਘਰ ਵਿੱਚ ਰਹਿੰਦਾ ਪ੍ਰਵਾਸੀ ਮਜ਼ਦੂਰ ਪਹਿਲਾਂ ਗਾਲ੍ਹਾਂ ਕੱਢਣ ਲੱਗ ਪਿਆ। ਜਦੋਂ ਉਸ ਦੇ ਪਤੀ ਦਵਿੰਦਰ ਸਿੰਘ ਨੇ ਉਸ ਨੂੰ ਰੋਕਿਆ ਤਾਂ ਮਜ਼ਦੂਰ ਨੇ ਗੁੱਸੇ ਵਿੱਚ ਆ ਕੇ ਹੱਥਾਪਾਈ ਸ਼ੁਰੂ ਕਰ ਦਿੱਤੀ ਅਤੇ ਕਿਸੇ ਭਾਰੀ ਵਸਤੂ ਨਾਲ ਵਾਰ ਕਰ ਦਿੱਤਾ।
ਪੁਲਿਸ ਵੱਲੋਂ ਮਾਮਲਾ ਦਰਜ
ਘਟਨਾ ਦੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦੇ ਅਨੁਸਾਰ, ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐਸਐਚਓ ਜਸਪ੍ਰੀਤ ਕੌਰ ਨੇ ਦੱਸਿਆ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਇਸ ਵੇਲੇ ਪੁਲਿਸ ਦੀ ਗ੍ਰਿਫ਼ਤ ਵਿੱਚ ਹਨ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
