Lawrance Bishnoi: 50 ਲੱਖ ਰੁਪਏ ਦੀ ਫਿਰੌਤੀ ਮਾਮਲੇ ‘ਚ ਫਰੀਦਕੋਟ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ ਕੀਤਾ ਬਰੀ
Lawrance Bishnoi Extortion Case: ਗੈਂਗਸਟਰ ਲਾਰੈਂਸ ਬਿਸ਼ਨੋਈ ਖਿਲਾਫ਼ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ ਮੰਗਣ ਅਤੇ ਅਗਵਾ ਕਰਨ ਦੇ ਕਈ ਮਾਮਲੇ ਦਰਜ ਹਨ। ਇਸਤੋਂ ਇਲਾਵਾ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਵੀ ਉਹ ਮੁੱਖ ਮੁਲਜ਼ਮ ਮੰਨਿਆ ਜਾ ਰਿਹਾ ਹੈ। ਇਸ ਮਾਮਲੇ ਦੀ ਸੁਣਵਾਈ ਮਾਨਸਾ ਕੋਰਟ ਵਿੱਚ ਲਗਾਤਾਰ ਚੱਲ ਰਹੀ ਹੈ।
ਫਰੀਦਕੋਟ ਅਦਾਲਤ 'ਚ ਲਾਰੈਂਸ ਬਿਸ਼ਨੋਈ ਦੀ ਪੇਸ਼ੀ
ਸਾਲ 2021 ਚ ਲਾਰੈਸ ਬਿਸ਼ਨੋਈ ਖਿਲਾਫ ਕੋਟਕਪੂਰਾ ਸਿਟੀ ਅੰਦਰ ਦਰਜ਼ ਇੱਕ ਫਿਰੌਤੀ ਮਾਮਲੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਵੱਲੋਂ ਆਰੋਪੀ ਲਾਰੇਂਸ ਬਿਸ਼ਨੋਈ ਨੂੰ ਸਬੂਤਾਂ ਦੀ ਘਾਟ ਦੇ ਆਧਾਰ ਤੇ ਬਰੀ ਕਰਨ ਦਾ ਫੈਸਲਾ ਸੁਣਾਇਆ ਗਿਆ ਹੈ। ਜਾਣਕਾਰੀ ਮੁਤਾਬਕ, ਕੋਟਕਪੂਰਾ ਦੇ ਇੱਕ ਵਪਾਰੀ ਨੂੰ ਵਾਟਸਐਪ ਕਾਲ ਕਰ ਆਪਣੇ ਆਪ ਨੂੰ ਗੋਲਡੀ ਬਰਾੜ ਦੱਸ ਲਾਰੈਂਸ ਬਿਸ਼ਨੋਈ ਲਈ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਨਾਲ ਹੀ ਇਹ ਵੀ ਧਮਕੀ ਦਿੱਤੀ ਗਈ ਸੀ ਕਿ ਜੇਕਰ ਉਸ ਦੀ ਡਿਮਾਂਡ ਪੂਰੀ ਨਾ ਕੀਤੀ ਤਾਂ ਵਪਾਰੀ ਦੇ ਪਰਿਵਾਰ ਨੂੰ ਵੀ ਜਾਨੀ ਨੁਕਸਾਨ ਪਹੁੰਚਾਇਆ ਜਾਵੇਗਾ।
ਕੋਟਕਪੂਰਾ ਸਿਟੀ ਥਾਣੇ ਚ ਦਰਜ ਸੀ ਮਾਮਲਾ
ਇਸ ਮਾਮਲੇ ਨੂੰ ਲੈ ਕੇ ਕੋਟਕਪੂਰਾ ਸਿਟੀ ਥਾਣੇ ਵਿੱਚ ਅਗਸਤ 2018 ਨੂੰ ਲਾਰੈਂਸ ਬਿਸ਼ਨੋਈ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਇਕ ਕੇਸ ਦੇ ਸਬੰਧ ‘ਚ ਲਾਰੇਂਸ ਬਿਸ਼ਨੋਈ ਨੂੰ ਜਦੋਂ ਪੰਜਾਬ ਲਿਆਂਦਾ ਗਿਆ ਸੀ ਤਾਂ ਫਰੀਦਕੋਟ ਪੁਲਿਸ ਵੱਲੋਂ ਉਕਤ ਫਿਰੌਤੀ ਮਾਮਲੇ ਚ ਲਾਰੈਂਸ ਦੀ ਗ੍ਰਿਫਤਾਰੀ ਪਾ ਕੇ ਉਸਨੂੰ ਫਰੀਦਕੋਟ ਅਦਾਲਤ ਚ ਪੇਸ਼ ਕੀਤਾ ਗਿਆ ਸੀ। ਬਾਅਦ ਵਿੱਚ ਇਸ ਮਾਮਲੇ ਦੀ ਵੀਡੀਓ ਕਾਨਫਰੈਂਸਿੰਗ ਰਾਹੀਂ ਉਸਦੀ ਪੇਸ਼ੀ ਹੁੰਦੀ ਰਹੀ।
ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਲਾਰੈਂਸ ਦੇ ਵਕੀਲ ਅਮਿਤ ਮਿੱਤਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਧਿਰ ਨੇ ਅਦਾਲਤ ਵਿੱਚ ਆਪਣਾ ਪੱਖ ਰਖਿਆ ਪਰ ਸਾਡੀਆਂ ਜਵਾਬੀ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਅਦਾਲਤ ਵੱਲੋਂ ਇਸ ਕੇਸ ਚੋ ਲਾਰੈਂਸ ਨੂੰ ਬਰੀ ਕਰਨ ਦਾ ਹੁਕਮ ਸੁਣਾ ਦਿੱਤਾ ਗਿਆ।
ਸਿੱਧੂ ਮੂਸੇਵਾਲਾ ਕੇਸ ‘ਚ ਹੈ ਮੁੱਖ ਮੁਲਜ਼ਮ
ਲਾਰੈਂਸ ਬਿਸ਼ਨੋਈ ਖਿਲਾਫ ਜਿੱਥੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਸਮੇਤ ਕਈ ਹੋਰ ਰਾਜਾਂ ਵਿੱਚ ਕਈ ਅਪਰਾਧਿਕ ਮਾਮਲੇ ਦਰਜ ਹਨ ਤਾ ਉੱਥੇ ਹੀ ਮਰਹੂਮ ਪੰਜਾਬੀ ਸਿੰਗਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਵੀ ਪੁਲਿਸ ਨੇ ਮੁੱਖ ਮੁਲਜ਼ਮ ਦੱਸਿਆ ਹੋਇਆ ਹੈ। ਇਸਤੋਂ ਇਲਾਵਾ ਬਾਲੀਵੁੱਡ ਦੇ ਭਾਈਜਾਨ ਯਾਨੀ ਸਲਮਾਨ ਖਾਨ ਨੂੰ ਵੀ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ। ਜਿਸਤੋਂ ਬਾਅਦ ਸਲਮਾਨ ਖਾਨ ਇਸ ਵੇਲ੍ਹੇ ਕਰੜੀ ਸੁਰੱਖਿਆ ਵਿਚਾਲੇ ਰਹਿਣ ਨੂੰ ਮਜਬੂਰ ਹਨ। ਬਿਸ਼ਨੋਈ ਦੇ ਗੁਰਗਿਆਂ ਵੱਲੋਂ ਉਨ੍ਹਾਂ ਦੇ ਗੈਲੇਕਸੀ ਅਪਾਰਟਮੈਂਟ ਦੇ ਬਾਹਰ ਗੋਲੀਆਂ ਵੀ ਚਲਾਈਆਂ ਗਈਆਂ ਸਨ। ਇਨ੍ਹਾਂ ਸਾਰਿਆਂ ਤੋਂ ਇਲਾਵਾ ਵੀ ਉਹ ਕਈ ਹਾਈ ਪ੍ਰੋਫਾਈਲ ਕਤਲਾਂ ਅਤੇ ਫਿਰੌਤੀ ਮਾਮਲਿਆਂ ਵਿੱਚ ਮੁਲਜ਼ਮ ਹੈ।