ਕਪੂਰਥਲਾ ‘ਚ ਔਰਤ ਦਾ ਗੋਲੀਆਂ ਮਾਰ ਕੇ ਕਤਲ, 2 ਬਾਈਕ ਸਵਾਰ ਬਦਮਾਸ਼ਾਂ ਨੇ ਮਾਰੀਆਂ 4 ਗੋਲੀਆਂ, ਪਤੀ-ਪੁੱਤਰ ਵਿਦੇਸ਼ ਵਿੱਚ
Kapurthala Woman Murder: ਮ੍ਰਿਤਕਾ ਦੀ ਪਛਾਣ ਹੇਮਪ੍ਰੀਤ ਕੌਰ ਵਜੋਂ ਹੋਈ ਹੈ, ਜੋ ਕਿ ਕਪੂਰਥਲਾ ਦੀ ਰਹਿਣ ਵਾਲੀ ਹੈ। ਉਹ ਕਥਿਤ ਤੌਰ 'ਤੇ ਇੱਕ ਮਹੀਨਾ ਪਹਿਲਾਂ ਹੀ ਵਿਦੇਸ਼ ਤੋਂ ਵਾਪਸ ਆਈ ਸੀ। ਉਸਦਾ ਪਤੀ ਅਤੇ ਪੁੱਤਰ ਵਿਦੇਸ਼ ਵਿੱਚ ਰਹਿੰਦੇ ਹਨ।
ਕਪੂਰਥਲਾ 'ਚ ਔਰਤ ਦਾ ਗੋਲੀਆਂ ਮਾਰ ਕੇ ਕਤਲ
ਕਪੂਰਥਲਾ ਵਿੱਚ ਸ਼ੁੱਕਰਵਾਰ ਦੁਪਹਿਰ 3:30 ਵਜੇ ਦੇ ਕਰੀਬ ਇੱਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੋ ਮੋਟਰਸਾਈਕਲਾਂ ‘ਤੇ ਆਏ ਹਮਲਾਵਰਾਂ ਨੇ ਲਗਭਗ ਚਾਰ ਰਾਊਂਡ ਫਾਇਰਿੰਗ ਕੀਤੀ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਇਲਾਕੇ ਨੂੰ ਘੇਰ ਲਿਆ। ਫੋਰੈਂਸਿਕ ਟੀਮਾਂ ਨੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਪਛਾਣ ਹੇਮਪ੍ਰੀਤ ਕੌਰ ਵਜੋਂ ਹੋਈ ਹੈ, ਜੋ ਕਿ ਕਪੂਰਥਲਾ ਦੀ ਰਹਿਣ ਵਾਲੀ ਹੈ। ਉਹ ਕਥਿਤ ਤੌਰ ‘ਤੇ ਇੱਕ ਮਹੀਨਾ ਪਹਿਲਾਂ ਹੀ ਵਿਦੇਸ਼ ਤੋਂ ਵਾਪਸ ਆਈ ਸੀ। ਉਸਦਾ ਪਤੀ ਅਤੇ ਪੁੱਤਰ ਵਿਦੇਸ਼ ਵਿੱਚ ਰਹਿੰਦੇ ਹਨ।
ਇੰਝ ਵਾਪਰੀ ਘਟਨਾ
ਰਿਪੋਰਟਾਂ ਅਨੁਸਾਰ, ਦੁਪਹਿਰ ਦੇ ਕਰੀਬ 3.30 ਵਜੇ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ ‘ਤੇ ਆਏ ਅਤੇ ਘਰ ਵਿੱਚ ਦਾਖਲ ਹੋ ਕੇ ਹੇਮਪ੍ਰੀਤ ਕੌਰ ਤੇ ਗੋਲੀਆਂ ਚਲਾ ਦਿੱਤੀਆਂ। ਘਰ ਵਿੱਚ ਰਹਿਣ ਵਾਲੀ ਇੱਕ ਬਜ਼ੁਰਗ ਔਰਤ ਨੇ ਦੱਸਿਆ ਕਿ ਕੁਝ ਆਦਮੀ ਜ਼ਬਰਦਸਤੀ ਘਰ ਵਿੱਚ ਦਾਖਲ ਹੋਏ, ਜਿਸ ਤੋਂ ਬਾਅਦ ਗੋਲੀਆਂ ਚਲਾਈਆਂ ਗਈਆਂ। ਪੁਲਿਸ ਦੇ ਅਨੁਸਾਰ, ਕੁੱਲ ਚਾਰ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ ਇੱਕ ਹੇਮਾ ਨੂੰ ਲੱਗੀ ਅਤੇ ਤਿੰਨ ਹਵਾ ਵਿੱਚ ਚਲਾਈਆਂ ਗਈਆਂ।
ਮਾਮਲੇ ਦੀ ਜਾਂਚ ਕਰ ਰਹੀ ਪੁਲਿਸ
ਐਸਐਸਪੀ ਗੌਰਵ ਤੂਰਾ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਪਛਾਣ ਕਰਨ ਅਤੇ ਗ੍ਰਿਫ਼ਤਾਰ ਕਰਨ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ। ਪੁਲਿਸ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ। ਫਾਈਰਿੰਗ ਕਿਸ ਵਜ੍ਹਾ ਨਾਲ ਕੀਤੀ ਗਈ, ਇਸਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।
ਸਦਮੇ ਵਿੱਚ ਪਰਿਵਾਰ
ਹੇਮਪ੍ਰੀਤ ਕੌਰ ਦਾ ਪਤੀ ਅਤੇ ਪੁੱਤਰ ਕੈਨੇਡਾ ਵਿੱਚ ਹਨ। ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਅਚਾਨਕ ਵਾਪਰੀ ਇਸ ਵਾਰਦਾਤ ਤੋਂ ਹਰ ਕੋਈ ਹੈਰਾਨ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਮੁਲਜਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
