ਘਰ ਦੇ ਬਾਹਰ ਬੰਦ ਟਰੰਕ ‘ਚੋਂ ਮਿਲੀਆਂ ਤਿੰਨ ਲਾਪਤਾ ਭੈਣਾਂ ਦੀਆਂ ਲਾਸ਼ਾਂ, ਪਿਓ ‘ਤੇ ਲੱਗਿਆ ਕਤਲ ਦਾ ਇਲਜ਼ਾਮ
ਸੋਮਵਾਰ ਸਵੇਰੇ ਪਠਾਨਕੋਟ ਹਾਈਵੇਅ 'ਤੇ ਪੈਂਦੇ ਕਾਨਪੁਰ ਇਲਾਕੇ 'ਚ ਤਿੰਨ ਭੈਣਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਦੇ ਬਾਹਰ ਲੋਹੇ ਦੇ ਟਰੰਕ 'ਚ ਬੰਦ ਪਈਆਂ ਮਿਲੀਆਂ। ਤਿੰਨੇ ਭੈਣਾਂ ਐਤਵਾਰ ਤੋਂ ਲਾਪਤਾ ਸਨ। ਮਕਾਨ ਮਾਲਕ ਨੇ ਤਿੰਨਾਂ ਦੇ ਲਾਪਤਾ ਹੋਣ ਸਬੰਧੀ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ। ਸੋਮਵਾਰ ਸਵੇਰੇ ਘਰ ਦੇ ਬਾਹਰ ਟਰੰਕ 'ਚੋਂ ਲਾਸ਼ਾਂ ਬਰਾਮਦ ਹੋਈਆਂ।
ਪੰਜਾਬ ਨਿਊਜ। ਜਲੰਧਰ ਤੋਂ ਇੱਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਪਠਾਨਕੋਟ ਹਾਈਵੇਅ (Pathankot Highway) ਤੇ ਪੈਂਦੇ ਕਾਨਪੁਰ ਵਿਖੇ ਇੱਕ ਪਿਤਾ ਨੇ ਝੋਨੇ ਵਿੱਚ ਪਾਉਣ ਵਾਲੀ ਜਹਿਰੀਲੀ ਦਵਾਈ ਪਿਲਾਕੇ ਆਪਣੀ ਤਿੰਨ ਧੀਆਂ ਦਾ ਕਤਲ ਕਰ ਦਿੱਤਾ। ਤੇ ਉਨਾਂ ਦੀ ਲਾਸ਼ ਨੂੰ ਇੱਕ ਟਰੰਕ ਵਿੱਚ ਪਾ ਦਿੱਤਾ। ਟਰੰਕ ਚ ਤਿੰਨ ਸੱਕੀਆਂ ਭੈਣਾਂ ਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਘਰ ਦੇ ਬਾਹਰ ਹੀ ਇੱਕ ਟਰੰਕ ਮਿਲਿਆ ਜਿਸ ਇਨ੍ਹਾਂ ਛੋਟੀਆਂ ਬੱਚੀਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ।
ਜਿਸ ਘਰ ਵਿੱਚ ਇਹ ਕਿਰਾਏ ਤੇ ਰਹਿੰਦੇ ਸਨ ਉਸਦੇ ਮਾਲਿਕ ਨੇ ਜਲੰਧਰ ਪੁਲਿਸ (Jalandhar Police) ਨੂੰ ਸ਼ਿਕਾਇਤ ਦਰਜ ਕਰਵਾਈ ਕਿ ਇਹ ਕੁੜੀਆਂ ਘਰ ਤੋਂ ਲਾਪਤਾ ਹਨ। ਪੁਲਿਸ ਨੇ ਆਪਣੇ ਪੱਧਰ ਤੇ ਇਲਾਕੇ ਵਿੱਚ ਕਾਫੀ ਤਲਾਸ਼ੀ ਕੀਤੀ ਪਰ ਇਨ੍ਹਾਂ ਦੀ ਕੋਈ ਵੀ ਜਾਣਕਾਰੀ ਨਹੀਂ ਮਿਲੀ।
ਤਿੰਨੇ ਭੈਣਾਂ ਦੀ ਉਮਰ 4 ਤੋਂ 9 ਸਾਲ ਦੇ ਵਿਚਾਲੇ
ਜਾਣਕਾਰੀ ਅਨੁਸਾਰ ਲੋਕਾਂ ਨੂੰ ਪਤਾ ਉਦੋਂ ਲੱਗਾ ਜਦੋਂ ਉਨਾਂ ਨੇ ਘਰ ਦੇ ਬਾਹਰ ਇੱਕ ਟਰੰਕ ਦੇਖਿਆ। ਇਹ ਟਰੰਕ ਉਸ ਸਥਾਨ ਤੇ ਪਿਆ ਸੀ ਜਿਸ ਥਾਂ ਤੋਂ ਇਹ ਕੁੜੀਆਂ ਗਾਇਬ ਹੋਈਆਂ ਸਨ। ਜਦੋਂ ਟਰੰਕ ਖੋਲਕੇ ਦੇਖਿਆ ਤਾਂ ਲੋਕਾਂ ਦੇ ਹੋਸ਼ ਉਡ ਗਏ ਉਸ ਵਿੱਚ ਤਿੰਨੇ ਭੈਣਾਂ ਦੀਆਂ ਲਾਸ਼ਾਂ (The bodies of the three sisters) ਪਈਆਂ ਹੋਈਆਂ ਸਨ। ਮ੍ਰਿਤਕ ਕੁੜੀਆਂ ਚੋਂ 9 ਸਾਲ ਦੀ ਅੰਮ੍ਰਿਤਾ ਕੁਮਾਰੀ, 7 ਸਾਲ ਦੀ ਸਾਕਸ਼ੀ ਅਤੇ 4 ਸਾਲ ਦੀ ਕੰਚਨ ਦੱਸੀ ਜਾ ਰਹੀ ਹੈ।
ਮਾਪਿਆਂ ਨੇ ਕਿਹਾ- ਅਸੀਂ ਕੰਮ ‘ਤੇ ਗਏ ਸੀ
ਮਕਸੂਦਾਂ ਥਾਣੇ ਦੇ ਏਐਸਆਈ ਹਰਬੰਸ ਸਿੰਘ ਨੇ ਦੱਸਿਆ ਕਿ ਸੁਸ਼ੀਲ ਮੰਡਲ ਅਤੇ ਮੰਜੂ ਮੰਡਲ ਦੇ 5 ਬੱਚੇ ਹਨ। ਦੋਵੇਂ ਐਤਵਾਰ ਨੂੰ ਕੰਮ ‘ਤੇ ਗਏ ਹੋਏ ਸਨ। ਜਦੋਂ ਉਹ ਰਾਤ 8 ਵਜੇ ਘਰ ਵਾਪਸ ਆਏ ਤਾਂ ਲੜਕੀਆਂ ਨਹੀਂ ਮਿਲੀਆਂ। ਉਨ੍ਹਾਂ ਨੇ ਸਾਰੀ ਰਾਤ ਭਾਲ ਕੀਤੀ ਪਰ ਉਹ ਨਹੀਂ ਮਿਲਿਆ। ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ। ਪਿਤਾ ਨੇ ਦੱਸਿਆ ਕਿ ਉਹ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕੰਮ ‘ਤੇ ਜਾਂਦਾ ਸੀ।
ਨਸ਼ੇ ਦਾ ਆਦੀ ਦੱਸਿਆ ਜਾ ਰਿਹਾ ਪਿਤਾ
ਸਥਾਨਕ ਵਾਸੀਆਂ ਨੇ ਕਿਹਾ ਕਿ ਮ੍ਰਿਤਕ ਕੁੜੀਆਂ ਦਾ ਪਿਤਾ ਨਸ਼ੇ ਦਾ ਆਦੀ ਹੈ। ਲੋਕਾਂ ਨੇ ਇਲਜ਼ਾਮ ਲਗਾਇਆ ਕਿ ਉਸਨੇ ਸ਼ਰਾਬ ਦੇ ਨਸ਼ੇ ਵਿੱਚ ਆਪਣੀਆਂ ਹੀ ਧੀਆਂ ਦਾ ਕਤਲ ਕਰ ਦਿੱਤਾ। ਫਿਲਹਾਲ ਪੁੱਛਗਿੱਛ ਲਈ ਪੁਲਿਸ ਨੇ ਲੜਕੀਆਂ ਦੇ ਪਿਤਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਅਤੇ ਤਿੰਨੇ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਵਿਖੇ ਭੇਜ ਦਿੱਤਾ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਵਾਰਦਾਤ ਕਿਵੇਂ ਵਾਪਰੀ ਹਾਲੇ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ ਹੈ। ਪੋਸਟਮਾਰਟਮ ਰਿਪੋਰਟ ਤੋਂ ਜਾਣਕਾਰੀ ਮਿਲੇਗੀ ਕਿ ਇਨ੍ਹਾਂ ਦੇ ਮੌਤ ਦਾ ਕੀ ਕਾਰਨ ਸੀ।
ਇਹ ਵੀ ਪੜ੍ਹੋ
ਲੜਕੀਆਂ ਦੇ ਸ਼ਰੀਰ ‘ਤੇ ਨਹੀਂ ਸਨ ਚੋਟ ਦੇ ਨਿਸ਼ਾਨ-SP
ਉੱਧਰ ਐੱਸਪੀ ਇਨਵੈਸਟੀਗੇਸ਼ਨ ਮਨਪ੍ਰੀਤ ਢਿੱਲੋਂ ਅਨੁਸਾਰ ਮ੍ਰਿਤਕ ਲੜਕੀਆਂ ਦੇ ਸ਼ਰੀਰ ਤੇ ਕੋਈ ਵੀ ਸੱਟ ਦਾ ਨਿਸ਼ਾਨ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਜਿਹੜੀ ਮੁੱਢਲੀ ਪੜਤਾਲ ਕੀਤੀ ਹੈ ਉਸਦੇ ਹਿਸਾਬ ਤੋਂ ਇਹ ਕਤਲ ਨਹੀਂ ਜਾਪਦਾ। ਐੱਸਪੀ ਨੇ ਕਿਹਾ ਕਿ ਇੰਝ ਲਗਦਾ ਹੈ ਕਿ ਜਿਵੇਂ ਲੜਕੀਆਂ ਘਰ ਵਿੱਚ ਇੱਕਲੀਆਂ ਸਨ ਤੇ ਉਹ ਖੇਡ ਰਹੀਆਂ ਹੋਣ। ਇਸ ਦੌਰਾਨ ਉਹ ਟਰੰਕ ਵਿੱਚ ਬੈਠ ਗਈਆਂ ਤੇ ਟਰੰਕ ਦਾ ਢੰਕਣ ਉਪਰੋਂ ਬੰਦ ਹੋ ਗਿਆ ਹੋਵੇ। ਜਿਸ ਕਾਰਨ ਸਾਹ ਨਹੀਂ ਆਉਣ ਕਾਰਨ ਇਨ੍ਹਾਂ ਲੜਕੀਆਂ ਦੀ ਮੌਤ ਹੋ ਗਈ ਹੋਵੇ।
ਬਾਕੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਹਾਦਸਾ ਕਿਵੇਂ ਵਾਪਰਿਆ। ਇਸ ਤੋਂ ਇਲਾਵਾ ਉਨ੍ਹਾਂ ਦਾ ਪਿਤਾ ਵੀ ਨਸ਼ੇ ਦਾ ਆਦੀ ਦੱਸਿਆ ਜਾ ਰਿਹਾ ਹੈ। ਐੱਸਪੀ ਨੇ ਕਿਹਾ ਕਿ ਪੁਲਿਸ ਹਰ ਐਂਗਲ ਤੋਂ ਜਾਂਚ ਕਰੇਗੀ ਤੇ ਪੂਰੀ ਹਕੀਕਤ ਸਾਹਮਣੇ ਲੈ ਕੇ ਆਵੇਗੀ।