ਵਾਲਾਂ ਤੋਂ ਫੜ ਔਰਤ ਨੂੰ ਘੜੀਸਣ ਦਾ ਵੀਡੀਓ ਵਾਇਰਲ, ਸਹੁਰੇ ਪਰਿਵਾਰ ‘ਤੇ ਦਾਜ ਮੰਗਣ ਦੇ ਇਲਜ਼ਾਮ
ਗੁਰਦਾਸਪੁਰ 'ਚ ਪਤੀ ਦਾ ਆਪਣੀ ਪਤਨੀ ਨਾਲ ਝਗੜਾ ਹੋਣ 'ਤੇ ਉਹ ਨੇੜੇ ਹੀ ਆਪਣੀ ਮਾਸੀ ਦੇ ਘਰ ਚਲੀ ਗਈ। ਪਤੀ ਨੇ ਗੁੱਸੇ 'ਚ ਆ ਕੇ ਪਹਿਲਾਂ ਔਰਤ ਦੀ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਵਾਲਾਂ ਤੋਂ ਘਸੀਟ ਕੇ ਆਪਣੇ ਘਰ ਲੈ ਆਇਆ। ਇਸ ਦੌਰਾਨ ਔਰਤ ਨੂੰ ਕਈ ਸੱਟਾਂ ਲੱਗੀਆਂ ਹਨ ਅਤੇ ਹਸਪਤਾਲ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ। ਪਤਨੀ ਦਾ ਇਲਜ਼ਾਮ ਹੈ ਕਿ ਸਹੁਰਾ ਪਰਿਵਾਰ ਦਾਜ ਦੀ ਮੰਗ ਕਰਦਾ ਹੈ।

ਗੁਰਦਾਸਪੁਰ ਦੀ ਇੱਕ ਝੰਝੋੜ ਦੇਣ ਵਾਲਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਇੱਕ ਵਿਅਕਤੀ ਔਰਤ ਨੂੰ ਉਸ ਦੇ ਵਾਲਾਂ ਤੋਂ ਫੜ ਕੇ ਗਲੀ ‘ਚ ਘਸੀਟਦਾ ਦਿਖਾਈ ਦੇ ਰਿਹਾ ਹੈ। ਵਿਅਕਤੀ ਉਸ ਦੀ ਕੁੱਟਮਾਰ ਵੀ ਕਰ ਰਿਹਾ ਹੈ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਹ ਵੀਡੀਓ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਛੋੜੀਆਂ ਦੀ ਹੈ। ਔਰਤ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਨ ਵਾਲਾ ਵਿਅਕਤੀ ਉਸਦਾ ਪਤੀ ਹੈ। ਪਤੀ ਦੇ ਅੱਤਿਆਚਾਰ ਦਾ ਸ਼ਿਕਾਰ ਹੋਈ ਔਰਤ ਇਸ ਸਮੇਂ ਧਾਰੀਵਾਲ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਪਤੀ ਅਕਸਰ ਉਸ ਨਾਲ ਕੁੱਟਮਾਰ ਕਰਦਾ ਸੀ। ਉਹ ਆਪਣੀ ਲੜਕੀ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਵੀ ਕਰਦਾ ਸੀ। ਪੀੜਤਾ ਦੀ ਮਾਂ ਨੇ ਦੱਸਿਆ ਕਿ ਥਾਣਾ ਭੈਣੀ ਮੀਆਂ ਖਾਂ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਾਣਕਾਰੀ ਦਿੰਦੇ ਹੋਏ ਪੀੜਤ ਕੁੜੀ ਅਤੇ ਉਸਦੀ ਮਾਂ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਕੁੜੀ ਦੇ ਸਹੁਰਿਆਂ ਨੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਉਸਦਾ ਪਤੀ ਉਸ ਨੂੰ ਵਾਲਾਂ ਤੋਂ ਖਿੱਚ ਕੇ ਘਰ ਲੈ ਗਿਆ।
ਸਹੁਰੇ ਪਰਿਵਾਰ ਤੇ ਦਾਜ ਮੰਗਣ ਦੇ ਇਲਜ਼ਾਮ
ਜਦੋਂ ਕੁੜੀ ਦੇ ਮਾਮੇ ਦੇ ਪਰਿਵਾਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪਿੰਡ ਦੇ ਪੰਚਾਇਤ ਮੈਂਬਰ ਨੂੰ ਨਾਲ ਲੈ ਕੇ ਕੁੜੀ ਦੀ ਮਾਂ, ਭਰਾ ਅਤੇ ਉਸ ਨੂੰ ਸਿਵਲ ਹਸਪਤਾਲ ਧਾਰੀਵਾਲ ਵਿਖੇ ਦਾਖਲ ਕਰਵਾਇਆ। ਪੀੜਤ ਔਰਤ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਸ ਦੇ ਸਹੁਰੇ ਅਕਸਰ ਦਾਜ ਦੀ ਮੰਗ ਕਰਦੇ ਹਨ ਅਤੇ ਉਸ ਦੀ ਕੁੱਟਮਾਰ ਕਰਦੇ ਹਨ। ਰੀਟਾ ਨੇ ਦੱਸਿਆ ਕਿ ਉਹ ਧਾਰੀਵਾਲ ਨੇੜਲੇ ਪਿੰਡ ਸੰਘੜ ਦੀ ਵਸਨੀਕ ਹੈ।
‘ਸਹੁਰਾ ਪਰਿਵਾਰ ਕਰਦਾ ਹੈ ਕੁੱਟਮਾਰ’
ਮਾਂ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ ਭੈਣੀ ਮੀਆਂ ਖਾਂ ਨੇੜੇ ਪਿੰਡ ਛੋੜੀਆਂ ਵਿਖੇ ਹੋਇਆ ਸੀ। ਬੀਤੇ ਦਿਨ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਸੱਸ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ। ਕੁੱਟਮਾਰ ਕਰਨ ਤੋਂ ਬਾਅਦ ਜਦੋਂ ਉਹ ਨੇੜੇ ਹੀ ਆਪਣੀ ਮਾਸੀ ਦੇ ਘਰ ਗਈ ਤਾਂ ਉਸ ਦਾ ਪਤੀ ਉੱਥੇ ਵੀ ਆ ਗਿਆ ਅਤੇ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਵਾਲਾਂ ਤੋਂ ਘੜੀਸਦਾ ਹੋਇਆ ਗਲੀ ਵਿੱਚੋਂ ਘਸੀਟ ਕੇ ਘਰ ਲੈ ਗਿਆ।
ਪਿੰਡ ਦੇ ਕਿਸੇ ਵਿਅਕਤੀ ਨੇ ਬਣਾਈ ਵੀਡੀਓ
ਲੜਕੀ ਦੀ ਬੁਰੀ ਤਰ੍ਹਾਂ ਕੁੱਟਮਾਰ ਹੁੰਦੀ ਦੇਖ ਪਿੰਡ ਦੇ ਹੀ ਕਿਸੇ ਵਿਅਕਤੀ ਨੇ ਘਟਨਾ ਦੀ ਵੀਡੀਓ ਬਣਾ ਲਈ। ਇਹ ਘਟਨਾ ਪੂਰੇ ਪਿੰਡ ਦੇ ਸਾਹਮਣੇ ਵਾਪਰੀ ਪਰ ਕਿਸੇ ਨੇ ਵੀ ਪੀੜਤਾ ਨੂੰ ਛੁਡਾਉਣ ਦਾ ਯਤਨ ਨਹੀਂ ਕੀਤਾ। ਕੁੜੀ ਦੀ ਮਾਂ ਨੇ ਦੱਸਿਆ ਕਿ ਅਸੀਂ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਾਂ ਅਤੇ ਮੇਰੇ ਪਤੀ ਮਾਨਸਿਕ ਤੌਰ ‘ਤੇ ਬੀਮਾਰ ਹਨ। ਇਸ ਲਈ ਕੁੜੀ ਦੇ ਸਹੁਰਿਆਂ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਸਕਦੇ। ਉਨ੍ਹਾਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਕੁੜੀ ਨੂੰ ਇਨਸਾਫ਼ ਦਿਵਾਇਆ ਜਾਵੇ।
ਇਹ ਵੀ ਪੜ੍ਹੋ
ਪੁਲਿਸ ਕਰ ਰਹੀ ਮਾਮਲੇ ਜਾਂਚ
ਮੌਕੇ ‘ਤੇ ਸਿਵਲ ਹਸਪਤਾਲ ਪੁੱਜੇ ਭੈਣੀ ਮੀਆਂ ਖਾਂ ਥਾਣੇ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਮੋਹਨ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਪੀੜਤਾ ਦੀ ਸ਼ਿਕਾਇਤ ਮਿਲੀ ਹੈ। ਡਾਕਟਰਾਂ ਵੱਲੋਂ ਐਮਐਲਆਰ ਵੀ ਕੱਟ ਦਿੱਤਾ ਗਿਆ ਹੈ। ਪਰ ਪੀੜਤ ਔਰਤ ਨੇ ਆਪਣਾ ਬਿਆਨ ਦਰਜ ਨਹੀਂ ਕਰਵਾਇਆ। ਉਸ ਦੇ ਬਿਆਨ ਲੈ ਕੇ ਹੀ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।