ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ, 2 ਨੂੰ ਲੱਤ ‘ਚ ਲੱਗੀ ਗੋਲੀ; ਕਈ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ, ਬਠਿੰਡਾ ਦੇ ਵਪਾਰੀ ਕਤਲ ਕੇਸ ‘ਚ ਐਕਸ਼ਨ

Updated On: 

01 Nov 2023 17:34 PM

ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ, 2 ਨੂੰ ਲੱਤ ਚ ਲੱਗੀ ਗੋਲੀ; ਕਈ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ, ਬਠਿੰਡਾ ਦੇ ਵਪਾਰੀ ਕਤਲ ਕੇਸ ਚ ਐਕਸ਼ਨ
Follow Us On

ਮੁਹਾਲੀ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਜ਼ੀਰਕਪੁਰ ਵਿੱਚ ਮੁਕਾਬਲਾ ਹੋਇਆ ਹੈ। ਪੁਲਿਸ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਜ਼ੀਰਕਪੁਰ ਦੇ ਬਲਟਾਣਾ ਇਲਾਕੇ ਦੇ ਇੱਕ ਹੋਟਲ ਵਿੱਚ ਤਿੰਨ ਗੈਂਗਸਟਰ ਲੁਕੇ ਹੋਏ ਸਨ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿੱਚ ਦੋ ਗੈਂਗਸਟਰਾਂ ਨੂੰ ਲੱਤਾਂ ਵਿੱਚ ਗੋਲੀ ਲੱਗੀ ਹੈ। ਜਦਕਿ, ਕਈ ਪੁਲਿਸ ਅਫ਼ਸਰ ਅਤੇ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਗੈਂਗਸਟਰਾਂ ਨੂੰ ਇਲਾਜ ਲਈ ਮੁਹਾਲੀ ਦੇ ਫੇਜ਼ 6 ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਤਿੰਨੋਂ ਮੁਲਜ਼ਮ ਬਾਤੇ ਸ਼ਨੀਵਾਰ ਨੂੰ ਬਠਿੰਡਾ ਵਿੱਚ ਸਰੇਆਮ ਹੋਏ ਵਪਾਰੀ ਹਰਜਿੰਦਰ ਸਿੰਘ ਜੌਹਲ ਉਰਫ਼ ਮੇਲਾ ਦੇ ਕਤਲ ਵਿੱਚ ਸ਼ਾਮਲ ਸਨ। ਮੁੱਠਭੇੜ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

ਮੁਕਾਬਲੇ ਵਿੱਚ ਡੀਐਸਪੀ ਪਵਨ ਕੁਮਾਰ ਜ਼ਖ਼ਮੀ ਹੋਏ ਹਨ। ਉਨ੍ਹਾਂ ਦੀ ਲੱਤ ਵਿੱਚ ਗੋਲੀ ਲੱਗੀ ਸੀ। ਨੂੰ ਵੀ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਇਸ ਦੇ ਨਾਲ ਹੀ ਕਈ ਹੋਰ ਪੁਲਿਸ ਮੁਲਾਜ਼ਮਾਂ ਦੇ ਵੀ ਗੋਲੀ ਦੇ ਛੱਰੇ ਲੱਗਣ ਦੀ ਖ਼ਬਰ ਹੈ। ਜ਼ਖਮੀ ਪੁਲਿਸ ਕਰਮਚਾਰੀਆਂ ਦੀ ਸਹੀ ਗਿਣਤੀ ਦਾ ਅਜੇ ਤੱਕ ਅੰਦਾਜ਼ਾ ਨਹੀਂ ਲੱਗ ਸਕਿਆ ਹੈ।

ਮੁਹਾਲੀ SSOC ਨੂੰ ਮਿਲੀ ਸੀ ਜਾਣਕਾਰੀ

ਇਨ੍ਹਾਂ ਤਿੰਨਾਂ ਅਪਰਾਧੀਆਂ ਬਾਰੇ ਮੁਹਾਲੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਨੂੰ ਸੂਚਨਾ ਮਿਲੀ ਸੀ। ਐਸਐਸਓਸੀ ਨੇ ਮੁਹਾਲੀ ਪੁਲਿਸ ਨਾਲ ਮਿਲ ਕੇ ਇਸ ਹੋਟਲ ਨੂੰ ਚਾਰੋਂ ਪਾਸਿਓਂ ਘੇਰ ਲਿਆ ਸੀ। ਇਸ ਤੋਂ ਬਾਅਦ ਤਿੰਨਾਂ ਦੋਸ਼ੀਆਂ ਨੂੰ ਸ਼ਾਂਤੀਪੂਰਵਕ ਆਤਮ ਸਮਰਪਣ ਕਰਨ ਲਈ ਕਿਹਾ ਗਿਆ। ਆਪਣੇ ਆਪ ਨੂੰ ਪੁਲਿਸ ਤੋਂ ਘਿਰਿਆ ਦੇਖ ਕੇ ਮੁਲਜ਼ਮਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ‘ਚ ਬਚਾਅ ‘ਚ ਪੁਲਿਸ ਵਲੋਂ ਜਵਾਬੀ ਗੋਲੀਬਾਰੀ ਕੀਤੀ ਗਈ।

ਅਰਸ਼ ਡੱਲਾ ਗੈਂਗ ਨਾਲ ਸਬੰਧਿਤ ਹਨ ਮੁਲਜ਼ਮ

ਮੁਹਾਲੀ ਦੇ ਐਸਪੀ ਦਿਹਾਤੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਗੈਂਗਸਟਰਸ ਅਰਸ਼ ਡੱਲਾ ਗੈਂਗ ਨਾਲ ਸਬੰਧਤ ਹਨ। ਇਨ੍ਹਾਂ ਦੀ ਪਛਾਣ ਲਵਜੀਤ, ਕਮਲਜੀਤ ਅਤੇ ਪਰਮਜੀਤ ਵਜੋਂ ਹੋਈ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ .32 ਅਤੇ .30 ਬੋਰ ਦੇ ਦੋ ਹਥਿਆਰ ਬਰਾਮਦ ਹੋਏ ਹਨ।

ਜ਼ਿਕਰਯੋਗ ਹੈ ਕਿ ਅਰਸ਼ ਡੱਲਾ ਨੇ ਮੰਗਲਵਾਰ ਨੂੰ ਹੀ ਵਿਦੇਸ਼ ਤੋਂ ਸੋਸ਼ਲ ਮੀਡੀਆ ਸਾਈਟ ਫੇਸਬੁੱਕ ‘ਤੇ ਪੋਸਟ ਪਾ ਕੇ ਜੌਹਲ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਅਰਸ਼ ਡੱਲਾ ਨੇ ਪੋਸਟ ਵਿੱਚ ਲਿਖਿਆ ਸੀ ਕਿ ਮੈਂ ਹਾਲ ਹੀ ਵਿੱਚ ਬਠਿੰਡਾ ਵਿੱਚ ਮਾਲ ਰੋਡ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਮੇਲਾ ਦੇ ਕਤਲ ਦੀ ਪੂਰੀ ਜ਼ਿੰਮੇਵਾਰੀ ਲੈ ਰਿਹਾ ਹਾਂ। ਬਹੁਮੰਜ਼ਿਲਾ ਪਾਰਕਿੰਗ ਦੇ ਠੇਕੇ ਨੂੰ ਲੈ ਕੇ ਮੇਰਾ ਉਸ ਨਾਲ ਝਗੜਾ ਹੋ ਗਿਆ ਸੀ। ਮੈਂ ਉਸਨੂੰ ਕਈ ਵਾਰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਮੇਰੇ ਕੰਮ ਵਿੱਚ ਦਖਲ ਨਾ ਦੇਵੇ, ਪਰ ਉਹ ਸਮਝਣ ਨੂੰ ਤਿਆਰ ਨਹੀਂ ਸੀ। ਇਸ ਕਾਰਨ ਅਸੀਂ ਉਸਦਾ ਕਤਲ ਕਰ ਦਿੱਤਾ ਹੈ।

ਜੌਹਲ ‘ਤੇ ਸਰੇਆਮ ਵਰ੍ਹਾਈਆਂ ਗਈਆਂ ਸਨ ਗੋਲੀਆਂ

ਜਿਕਰਯੋਗ ਹੈ ਕਿ ਬਠਿੰਡਾ ਦੇ ਮਾਲ ਰੋਡ ਸਥਿਤ ਮਸ਼ਹੂਰ ਹਰਮਨ ਰੈਸਟੋਰੈਂਟ ਦੇ ਮਾਲਕ ਹਰਜਿੰਦਰ ਸਿੰਘ ਜੌਹਲ ਉਰਫ਼ ਮੇਲਾ ਦੀ ਬੀਤੇ ਸ਼ਨੀਵਾਰ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਬਾਈਕ ‘ਤੇ ਆਏ ਦੋ ਬਦਮਾਸ਼ਾਂ ਨੇ ਉਨ੍ਹਾਂ ਨੂੰ 5 ਗੋਲੀਆਂ ਮਾਰੀਆਂ ਸਨ। ਜਦੋਂ ਗੋਲੀਬਾਰੀ ਹੋਈ ਤਾਂ ਹਰਜਿੰਦਰ ਸਿੰਘ ਜੌਹਲ ਮਾਲ ਰੋਡ ‘ਤੇ ਆਪਣੇ ਰੈਸਟੋਰੈਂਟ ਦੇ ਬਾਹਰ ਕੁਰਸੀ ‘ਤੇ ਬੈਠੇ ਸਨ।

ਗੋਲੀਆਂ ਚਲਾਉਣ ਤੋਂ ਬਾਅਦ ਦੋਵੇਂ ਬਦਮਾਸ਼ ਬਾਈਕ ‘ਤੇ ਫਰਾਰ ਹੋ ਗਏ। ਜੌਹਲ ਨੂੰ ਗੰਭੀਰ ਹਾਲਤ ਵਿੱਚ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਜੌਹਲ ਬਠਿੰਡਾ ਦੀ ਮਾਲ ਰੋਡ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਸਨ।